ਟ੍ਰੇਡ ਯੂਨੀਅਨਾਂ ਨੇ ਕਿਰਤੀਆਂ ਦੇ ਹੱਕ ਖੋਹਣ ਵਾਲੇ ਚਾਰੇ ਨਵੇਂ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਚੰਡੀਗੜ੍ਹ (04.02.2021) :- ਟਰੇਡ-ਯੂਨੀਅਨਾਂ ਦੀ ਕੌਮੀ ਕਾਲ ਨੂੰ ਧਿਆਨ ਵਿਚ ਰੱਖਦੇ ਹੋਏ, ਚੰਡੀਗੜ੍ਹ ਦੀ ਏਟਕ ਇਕਾਈ ਵਲੋਂ, ਆਪਣੀਆਂ ਭਰਾਤਰੀ ਜਥੇਬੰਦੀਆਂ ਸੀ. ਟੀ. ਯੂ (ਪੰਜਾਬ) ਅਤੇ ਏ. ਆਈ. ਸੀ. ਸੀ. ਟੀ ਯੂ ਦੇ ਸਹਿਯੋਗ ਨਾਲ ਸਹਾਇਕ ਲੇਬਰ ਕਮਿਸ਼ਨਰ ਦਫ਼ਤਰ, ਲੇਬਰ ਬੀਊਰੋ, ਸੈਕਟਰ 30-ਬੀ, ਚੰਡੀਗੜ੍ਹ ਵਿਖੇ ਇਕ ਵਿਸ਼ਾਲ ਧਰਨਾ ਕਾਮਰੇਡ ਰਾਜ ਕੁਮਾਰ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਧਰਨੇ ਵਿਚ ਏਟਕ ਵੱਲੋਂ ਸਾਥੀ ਰਾਜ ਕੁਮਾਰ-ਪ੍ਰਧਾਨ, ਸਤਿਆਵੀਰ-ਜਨਰਲ ਸਕੱਤਰ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ, ਸੀ. ਟੀ. ਯੂ (ਪੰਜਾਬ) ਵੱਲੋਂ ਸਾਥੀ ਇੰਦਰਜੀਤ ਗਰੇਵਾਲ, ਸਾਥੀ ਸੱਜਣ ਸਿੰਘ ਅਤੇ ਵਿਜੇ ਕੁਮਾਰ ਅਤੇ ਏ. ਆਈ. ਸੀ. ਸੀ. ਟੀ ਯੂ ਵੱਲੋਂ ਸਾਥੀ ਜੀਵਾ ਸਿੰਘ ਅਤੇ ਸਾਥੀ ਸਤੀਸ਼ ਕੁਮਾਰ ਨੇ ਵਿਚਾਰ ਪੇਸ਼ ਕਰਦੇ ਹੋਏ ਮੋਦੀ ਸਰਕਾਰ ਵੱਲੌਂ ਨਵੇਂ ਪਾਸ ਕੀਤੇ ਗਏ ਕਿਰਤ ਕਾਨੂੰਨਾਂ ਨੂੰ ਬੇਲੋੜੇ ਅਤੇ ਕਿਰਤੀਆਂ ਵੱਲੋਂ ਅਨੇਕਾਂ ਸੰਘਰਸ਼ਾਂ ਬਾਅਦ ਹਾਸਲ ਕੀਤੇ ਹੱਕਾਂ ਨੂੰ ਕੁਚਲਣ ਵਾਲੇ ਕਹਿ ਕੇ ਭੰਡਿਆ। ਬੁਲਾਰਿਆਂ ਨੇ ਕਿਹਾ ਕਿਰਤੀਆਂ ਨੇ ਦੇਸ਼ ਵਿਆਪੀ ਲੰਮੇਂ ਸੰਘਰਸ਼ਾਂ ਦੌਰਾਨ ਕੁਰਬਾਨੀਆਂ ਦੇ ਕੇ ਕੰਮ ਘੰਟਿਆਂ ਨੂੰ 8 ਘੰਟੇ ਕਰਵਾਇਆ ਸੀ ਤੇ ਹੁਣ ਤਾਨਾਸ਼ਾਹੀ ਰਵਈਆ ਅਖਤਿਆਰ ਕਰਕੇ ਮੋਦੀ ਸਰਕਾਰ ਨਵੇਂ ਬਣਾਏ ਲੋਕ ਵਿਰੋਧੀ ਕਿਰਤ ਕਾਨੂੰਨਾਂ ਦੀ ਆੜ ਲੈ ਕੇ ਕੰਮ ਘੰਟੇ 12 ਕਰਨ ਜਾ ਰਹੀ ਹੈ, ਜੋ ਕਿਸੇ ਵੀ ਹਾਲਤ ਵਿਚ ਸਵਿਕਾਰ ਨਹੀਂ ਕੀਤਾ ਜਾਵੇਗਾ। ਅੱਜ ਮੋਦੀ ਸਰਕਾਰ ਕਾਰਪੋਰੇਟਾਂ ਦੇ ਹੱਥਾਂ ਦੀ ਕਟਪੁੱਤਲੀ ਬਣ ਕੇ ਉਨ੍ਹਾਂ ਦਾ ਹੀ ਫਾਇਦਾ ਦੇਖ ਰਹੀ ਹੈ ਅਤੇ ਦੇਸ਼ ਦੀ ਰੀੜ ਦੀ ਹੱਡੀ ਕਾਮਿਆਂ ਦਾ ਸ਼ੋਸ਼ਣ ਕਰ ਰਹੀ ਹੈ। ਮੋਦੀ ਸਰਕਾਰ ਵੱਲੋਂ ਨਵੇਂ ਕਾਲੇ ਕਾਨੂੰਨਾਂ ਰਾਹੀ 300 ਵਰਕਰਾਂ ਵਾਲੀ ਫੈਕਟਰੀ / ਦਫਤਰ ਆਦਿ ਨੂੰ ਵੀ ਇਹ ਹੱਕ ਦਿੱਤੇ ਜਾ ਰਹੇ ਹਨ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਵਰਕਰ ਨੂੰ ਨੌਕਰੀ ਤੋਂ ਫਾਰਗ ਕਰ ਸਕਦੀ ਹੈ। ਕਾਮੇ ਨਿਸ਼ਚਿਤ ਸਮੇਂ ਅਤੇ ਰਾਸ਼ੀ ਉਤੇ ਰੱਖਣ ਦੀ ਛੁਟ ਤੇ ਕਿਸੇ ਵੀ ਸਮੇਂ ਉਨ੍ਹਾਂ ਨੂੰ ਫਾਰਗ ਕਰਨ ਦੀ ਛੋਟ ਦਿੱਤੀ ਜਾ ਰਹੀ ਹੈ ਜੋ ਕਾਮਿਆਂ ਦਾ ਸੋਸ਼ਣ ਵਧਾਉਣ ਵਾਲੀ ਮੰਦਭਾਗੀ ਗਲ ਹੈ। ਛੁੱਟੀਆਂ, ਜਣੇਪਾ ਛੁਟੀਆਂ, ਤਨਖਾਹ, ਬੋਨਸ, ਉਵਰ-ਟਾਇਮ, ਪੈਨਸ਼ਨ, ਯੂਨੀਅਨਾਂ ਬਣਾਉਣ ਦਾ ਹੱਕ, ਕਿਰਤ ਕਾਨੂੰਨ ਦਾ ਦਰਵਾਜਾ ਖੜਕਾਉਣ, ਈ. ਐਸ. ਆਈ ਅਤੇ ਪ੍ਰੋਵੀਡੈਂਟ ਫੰਡ ਦੀਆਂ ਸਹੂਲਤਾਂ ਤੋਂ ਕਾਮਿਆਂ ਨੂੰ ਵਾਂਝਿਆਂ ਕੀਤਾ ਜਾ ਰਿਹਾ ਹੈ। ਧਰਨੇ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਫੋਰੀ ਤੌਰ ਤੇ ਕੋਡ ਆਫ ਵੇਜਿਜ-2019, ਕੋਡ ਆਫ ਸੋਸਲ ਸਕਿਉਰਟੀ-2020, ਇੰਡਸਟਰੀਅਲ ਰਿਲੇਸ਼ਨ ਕੋਡ-2020 ਅਤੇ ਕੋਡ ਅੋਨ ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼-2020 ਫੌਰੀ ਤੌਰ ਤੇ ਵਾਪਸ ਲਵੇ ਕਿਉਂ ਕਿ ਇਨ੍ਹਾਂ ਚਾਰੇ ਕਾਨੂੰਨਾਂ ਨਾਲ ਕਾਮਿਆ ਨੂੰ ਬਹੁਤ ਰਾਹਤ ਦੇਣ ਵਾਲੇ ਖਾਸ-ਖਾਸ 29 ਕਿਰਤ ਕਾਨੂੰਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਸਾਥੀ ਰਾਜ ਕੁਮਾਰ ਨੇ ਚੰਡੀਗੜ੍ਹ ਪ੍ਰਸਾਸ਼ਨ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਬਣੇ ਉਪਰੋਕਤ ਕਾਨੂੰਨ ਫੌਰੀ ਤੌਰ ਤੇ ਰੱਦ ਕੀਤੇ ਜਾਣ। ਇਸ ਮੌਕੇ ਸੈਂਕੜੇ ਹਾਜ਼ਰ ਕਿਰਤੀਆਂ ਨੇ ਨਵੇਂ ਬਣੇ ਕਿਰਤੀਆਂ ਦੇ ਵਿਰੋਧੀ ਚਾਰੇ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਵੀ ਜਤਾਇਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp