ਹਰ ਘਰ ਪਾਣੀ, ਹਰ ਘਰ ਸਫਾਈ : ਆਤਮ ਨਿਰਭਰ ਜਲ ਸਪਲਾਈ ਯੋਜਨਾ ਤੋਂ ਪੰਡੋਰੀ ਭਗਤ ਪਿੰਡ ਦੇ ਹਰ ਘਰ ਪਹੁੰਚਿਆ ਸਾਫ਼ ਪਾਣੀ
ਪਿੰਡ ਦੇ ਜਾਗਰੂਕ ਨਾਗਰਿਕਾਂ ਦੀ ਸਕਰਾਤਮਕ ਸੋਚ ਨੇ ਬਦਲੀ ਪਿੰਡ ਦੀ ਨੁਹਾਰ
ਜਲ ਸਪਲਾਈ ਯੋਜਨਾ ਦੇ ਰੱਖ-ਰਖਾਅ ਸਬੰਧੀ ਸਾਰੀ ਕਾਰਵਾਈ ਖੁਦ ਕਰਦੀ ਹੈ ਗਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ
ਹੁਸ਼ਿਆਰਪੁਰ, 6 ਫਰਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹੇ ਦੇ ਬਲਾਕ ਮੁਕੇਰੀਆਂ ਦੇ ਪਿੰਡ ਪੰਡੋਰੀ ਭਗਤ ਵਿੱਚ ਅੱਜ ਤੋਂ 9 ਸਾਲ ਪਹਿਲਾਂ ਜਲ ਸਪਲਾਈ ਯੋਜਨਾ ਨਾ ਹੋਣ ਕਾਰਨ ਪਿੰਡ ਦੇ ਲੋਕ ਜਮੀਨ ਦੇ ਥੱਲੇ ਦਾ ਪਾਣੀ ਪੀਣ ਲਈ ਮਜ਼ਬੂਰ ਸਨ, ਜਿਸ ਕਾਰਨ ਅਕਸਰ ਪਿੰਡ ਦੇ ਲੋਕ ਪਾਣੀ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਰਹਿੰਦੇ ਸਨ। ਇਸ ਤੋਂ ਬਾਅਦ ਸਾਲ 2012 ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਇਸ ਪਿੰਡ ਨੂੰ ਵਿਸ਼ਵ ਬੈਂਕ ਤਹਿਤ ਜਲ ਸਪਲਾਈ ਯੋਜਨਾ ਲਈ ਚੁਣਿਆ ਗਿਆ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ 9 ਸਾਲਾਂ ਤੋਂ ਇਹ ਯੋਜਨਾ ਸਫ਼ਲਤਾਪੂਰਵਕ ਪਿੰਡ ਵਿੱਚ ਚੱਲ ਰਹੀ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਆਤਮ ਨਿਰਭਰ ਜਲ ਸਪਲਾਈ ਯੋਜਨਾ ਵਿੱਚ ਪਿੰਡ ਵਲੋਂ 28 ਹਜ਼ਾਰ ਦਾ ਆਪਣਾ ਹਿੱਸਾ ਜਮ੍ਹਾਂ ਕਰਵਾਇਆ ਗਿਆ। ਉਸ ਤੋਂ ਬਾਅਦ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਸਾਲ 2012 ਵਿੱਚ 36 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਜਲ ਸਪਲਾਈ ਦੀ ਇਹ ਯੋਜਨਾ ਤਿਆਰ ਕਰਕੇ ਗਰਾਮ ਪੰਚਾਇਤ ਜਲ ਤੇ ਸੈਨੀਟੇਸ਼ਨ ਕਮੇਟੀ ਨੂੰ ਸੌਂਪ ਦਿੱਤੀ, ਜਿਸ ਉਪਰੰਤ ਇਹ ਕਮੇਟੀ ਹੀ ਪੂਰੀ ਯੋਜਨਾ ਦਾ ਰੱਖ-ਰਖਾਅ ਕਰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਦੀ ਜਨਸੰਖਿਆ 570 ਹੈ ਅਤੇ ਇਥੇ 76 ਘਰਾਂ ਵਿੱਚ ਪੀਣ ਵਾਲਾ ਸਾਫ਼ ਪਾਣੀ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਪਿੰਡ ਵਿੱਚ ਪਾਣੀ ਦੇ ਕੁਨੈਕਸ਼ਨ ਦੇਣ ਲਈ ਵਿਭਾਗ ਦੇ ਸਟਾਫ ਵਲੋਂ ਪਿੰਡ ਦੀ ਕਮੇਟੀ ਦੇ ਨਾਲ ਸਮੇਂ-ਸਮੇਂ ’ਤੇ ਆਈ.ਈ.ਸੀ. ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਅਤੇ ਕੁਨੈਕਸ਼ਨ ਤੇ ਹਿਸਾਬ-ਕਿਤਾਬ ਦਾ ਜ਼ਰੂਰੀ ਨਿਰੀਖਣ ਵੀ ਕੀਤਾ ਜਾਂਦਾ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਜਲ ਸਪਲਾਈ ਕਮੇਟੀ ਦੇ ਰੱਖ-ਰਖਾਅ ਲਈ ਪਿੰਡ ਦੇ ਖਾਤੇ ਵਿੱਚ 24 ਹਜ਼ਾਰ ਰੁਪਏ ਜਮ੍ਹਾਂ ਹਨ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਵਲੋਂ ਸਫ਼ਲਤਾਪੂਰਵਕ ਇਹ ਯੋਜਨਾ ਚਲਾਈ ਜਾ ਰਹੀ ਹੈ ਜੋ ਕਿ ਜ਼ਿਲ੍ਹੇ ਦੇ ਹੋਰ ਪਿੰਡਾਂ ਲਈ ਉਦਾਹਰਣ ਪੇਸ਼ ਕਰਦੀ ਹੈ।
ਗਰਾਮ ਪੰਚਾਇਤ ਜਲ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਗੋਪਾਲ ਦਾਸ ਅਤੇ ਸਕੱਤਰ ਧਿਆਨ ਚੰਦ ਨੇ ਦੱਸਿਆ ਕਿ ਇਹ ਪਿੰਡ ਪੀਣ ਵਾਲੇ ਸਾਫ਼ ਪਾਣੀ ਦੀ ਜ਼ਰੂਰਤ ਅਨੁਸਾਰ ਪ੍ਰਯੋਗ ਕਰਕੇ ਬਚਤ ਕਰਦਾ ਹੈ ਅਤੇ ਪਿੰਡ ਆਤਮ ਨਿਰਭਰ ਹੋਣ ਦੇ ਨਾਲ-ਨਾਲ ਜਲ ਸਪਲਾਈ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਜਲ ਸਪਲਾਈ ਯੋਜਨਾ ਬਨਣ ਤੋਂ ਬਾਅਦ ਪਿੰਡ ਦੀ ਨੁਹਾਰ ਬਦਲ ਗਈ ਹੈ ਅਤੇ ਲੋਕਾਂ ਵਿੱਚ ਸ਼ਹਿਰ ਅਤੇ ਪਿੰਡ ਦਾ ਫਰਕ ਖਤਮ ਹੋ ਗਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp