ਲੜੀ ਨੰ: 2021/ਕਪਲਸ/2/0083 ਮਿਤੀ: 8.02.2021
*ਡਾ. ਦਰਸ਼ਨ ਬੜੀ ਦਾ ਵਿਛੋੜਾ*
ਚੰਡੀਗੜ੍ਹ :- ਉੱਘੇ ਪੰਜਾਬੀ ਅਦਾਕਾਰ, ਰੰਗ-ਕਰਮੀ ਅਤੇ ਲੋਕ-ਸੰਗੀਤਕਾਰ ਡਾ. ਦਰਸ਼ਨ ਬੜੀ ਦੇ ਅਚਾਨਕ ਸਵਰਗਵਾਸ ਹੋ ਜਾਣ ਨਾਲ ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿੱਚ ਗਹਿਰੀ ਉਦਾਸੀ ਦਾ ਆਲਮ ਹੈ। ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ‘ਬੜੀ ਟਿੱਬਾ’ ਦੇ ਗਰੀਬ ਕਿਰਤੀ ਪਰਿਵਾਰ ‘ਚ ਜਨਮੇ ਡਾ. ਦਰਸ਼ਨ ਬੜੀ ਨੇ ਪੰਜਾਬੀ ਥੀਏਟਰ, ਫ਼ਿਲਮ ਜਗਤ ਅਤੇ ਲੋਕ-ਸੰਗੀਤ ਦੇ ਖੇਤਰ ਵਿੱਚ ਗੂੜ੍ਹੀਆਂ ਪੈੜਾਂ ਛੱਡੀਆਂ ਹਨ।
ਉਨ੍ਹਾਂ ਨੇ ਰਾਜ ਬੱਬਰ, ਨਿਰਮਲ ਰਿਸ਼ੀ, ਗੌਰੀ ਸ਼ੰਕਰ, ਸਰਦਾਰ ਸੋਹੀ ਅਤੇ ਹਰਪਾਲ ਟਿਵਾਣਾ ਜਿਹੇ ਨਾਮਵਰ ਰੰਗ-ਕਰਮੀਆਂ, ਫ਼ਿਲਮੀ ਅਦਾਕਾਰਾਂ ਅਤੇ ਨਾਟ-ਨਿਰਦੇਸ਼ਕਾਂ ਨਾਲ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾਈ। ਭਾਵੇਂ ਉਸ ਨੇ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚ ਕੁਮੈਂਟੇਟਰ ਦੀ ਭੂਮਿਕਾ ਨਿਭਾ ਕੇ ਨਾਮਣਾ ਖੱਟਿਆ, ਪਰ ਪੰਜਾਬੀ ਲੋਕ-ਸੰਗੀਤ ਅਤੇ ਲੋਕ-ਨਾਟ ਮੰਚ ਉਸ ਦੀ ਕਲਾ-ਸਾਧਨਾ ਦਾ ਮੁੱਖ ਖੇਤਰ ਸੀ। ਉਸ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿੱਚ ‘ਖਾਧ ਵਿਗਿਆਨ ਤਕਨਾਲੋਜੀ’ ਵਿਭਾਗ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਵਿੱਚ ‘ਯੁਵਕ ਭਲਾਈ ਵਿਭਾਗ’ ਦੇ ਮੁਖੀ ਵਜੋਂ ਲੰਮਾ ਸਮਾਂ ਸੇਵਾਵਾਂ ਦਿੱਤੀਆਂ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਡਾ. ਦਰਸ਼ਨ ਬੜੀ ਦੇ ਸੁਰਗਵਾਸ ਹੋ ਜਾਣ ‘ਤੇ ਉਸ ਦੇ ਪਰਿਵਾਰ ਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਡਾ. ਦਰਸ਼ਨ ਬੜੀ ਦੇ ਗੁਜ਼ਰ ਜਾਣ ਨਾਲ ਪੰਜਾਬੀ ਰੰਗ-ਮੰਚ, ਫ਼ਿਲਮ ਜਗਤ, ਲੋਕ ਸੰਗੀਤ ਤੇ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp