Latest News :- ਸੇਵਾ ਕੇਂਦਰਾਂ ’ਚ ਮਿਲਣਗੀਆਂ 327 ਨਾਗਰਿਕ ਸੇਵਾਵਾਂ

ਸੇਵਾ ਕੇਂਦਰਾਂ ’ਚ ਮਿਲਣਗੀਆਂ 327 ਨਾਗਰਿਕ ਸੇਵਾਵਾਂ
ਮੁੱਖ ਮੰਤਰੀ ਵਲੋਂ ਮਾਲ, ਪੁਲਿਸ ਅਤੇ ਟਰਾਂਸਪੋਰਟ ਵਿਭਾਗਾਂ ਨਾਲ ਸਬੰਧਤ 56 ਹੋਰ ਸੇਵਾਵਾਂ ਦੀ ਸ਼ੁਰੂਆਤ
ਸੁੰਦਰ ਸ਼ਾਮ ਅਰੋੜਾ ਵਲੋਂ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਲਈ ਪੰਜਾਬ ਸਰਕਾਰ ਦਾ ਧੰਨਵਾਦ

ਹੁਸ਼ਿਆਰਪੁਰ, 9 ਫਰਵਰੀ (ਆਦੇਸ਼, ਕਰਨ ਲਾਖਾ):-ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿੱਚ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ ਕਰਦਿਆਂ ਅੱਜ 56 ਹੋਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਕੁੱਲ 25 ਸੇਵਾ ਕੇਂਦਰਾਂ ਵਿੱਚ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਡੀਗੜ੍ਹ ਤੋਂ ਪੂਰੇ ਪੰਜਾਬ ਵਿੱਚ ਵਰਚੂਅਲ ਸ਼ੁਰੂ ਕੀਤੀਆਂ ਇਨ੍ਹਾਂ ਸੇਵਾਵਾਂ ਵਿੱਚ ਫਰਦ ਪ੍ਰਾਪਤ ਕਰਨ ਦੇ ਨਾਲ-ਨਾਲ ਪੁਲਿਸ ਵਿਭਾਗ ਨਾਲ ਸਬੰਧਤ 20 ਅਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਵੱਖ-ਵੱਖ 35 ਸੇਵਾਵਾਂ ਸ਼ਾਮਲ ਹਨ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਵਰਚੂਅਲ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਸੇਵਾਵਾਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਪਹਿਲਾਂ ਤੋਂ ਮਿਲ ਰਹੀਆਂ ਨਾਗਰਿਕ ਸੇਵਾਵਾਂ ਦੇ ਨਾਲ-ਨਾਲ 56 ਹੋਰ ਅਹਿਮ ਸੇਵਾਵਾਂ ਇਕੋ ਛੱਤ ਹੇਠ ਬਹੁਤ ਹੀ ਆਸਾਨ ਢੰਗ ਨਾਲ ਸਮਾਂਬੱਧ ਤਰੀਕੇ ਵਿੱਚ ਮਿਲਿਆ ਕਰਨਗੀਆਂ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਨਾਲ ਸੇਵਾ ਕੇਂਦਰਾਂ ਵਿੱਚ ਪਹਿਲਾਂ ਤੋਂ ਲੋਕਾਂ ਨੂੰ ਮਿਲ ਰਹੀਆਂ ਸੇਵਾਵਾਂ ਦੀ ਗਿਣਤੀ 271 ਤੋਂ ਵੱਧ ਕੇ 327 ਹੋ ਗਈ ਹੈ ਜਿਸ ਨਾਲ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਦੇ ਨਾਲ-ਨਾਲ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਨਵੀਆਂ ਸ਼ੁਰੂ ਹੋਈਆਂ 56 ਸੇਵਾਵਾਂ ਤਹਿਤ ਹੁਣ ਲੋਕਾਂ ਨੂੰ ਫਰਦ ਦੀ ਨਕਲ ਤੋਂ ਇਲਾਵਾ ਪੁਲਿਸ ਵਿਭਾਗ ਨਾਲ ਸਬੰਧਤ ਨਾਗਰਿਕ ਸ਼ਿਕਾਇਤਾਂ, ਐਫ.ਆਈ.ਆਰ./ਡੀ.ਡੀ.ਆਰ./ਰਿਪੋਰਟਾਂ ਦੀਆਂ ਨਕਲਾਂ, ਹਰ ਤਰ੍ਹਾਂ ਦਾ ਪੁਲਿਸ ਤਸਦੀਕੀਕਰਨ, ਐਨ.ਓ.ਸੀਜ਼, ਪ੍ਰਵਾਨਗੀਆਂ ਆਦਿ ਸੇਵਾ ਕੇਂਦਰਾਂ ਰਾਹੀਂ ਮਿਲ ਜਾਇਆ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਵਿੱਚ ਡਰਾਈਵਿੰਗ ਲਾਇਸੰਸ, ਵਾਹਨ ਰਜਿਸਟਰੇਸ਼ਨ ਸਰਟੀਫਿਕੇਟ, ਐਨ.ਓ.ਸੀਜ਼, ਹਾਈਪੋਥੀਕੇਸ਼ਨ, ਮਾਲਕੀ ਤਬਾਦਲਾ ਸਮੇਤ 35 ਨਾਗਰਿਕ ਸੇਵਾਵਾਂ ਇਨ੍ਹਾਂ ਸੇਵਾ ਕੇਂਦਰਾਂ ਰਾਹੀਂ ਲਈਆਂ ਜਾ ਸਕਦੀਆਂ ਹਨ।ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ. ਨਵਜੋਤ ਸਿੰਘ ਮਾਹਲ, ਏ.ਡੀ.ਸੀ. ਅਮਿਤ ਕੁਮਾਰ ਪੰਚਾਲ ਅਤੇ ਏ.ਡੀ.ਸੀ. ਹਰਬੀਰ ਸਿੰਘ ਸਮੇਤ ਸੁੰਦਰ ਸ਼ਾਮ ਅਰੋੜਾ ਨੇ 7 ਬਿਨੈਕਾਰਾਂ ਨੂੰ ਲੋੜੀਂਦੀਆਂ ਸੇਵਾਵਾਂ ਦੇ ਦਸਤਾਵੇਜ਼ ਮੌਕੇ ’ਤੇ ਸੌਂਪੇ। ਇਨ੍ਹਾਂ ਬਿਨੈਕਾਰਾਂ ਵਿੱਚ ਅਮਰ ਨਾਥ ਪਿੰਡ ਚਾਨਥੂ ਬ੍ਰਾਹਮਣਾਂ, ਸੋਦਾਗਰ ਸਿੰਘ ਪਿੰਡ ਮਹਿਤਪੁਰ, ਰੇਨੂ ਭਾਟੀਆ ਪਿੰਡ ਬਹਾਦਰਪੁਰ ਬਾਹੀਆਂ, ਪਰਮਿੰਦਰ ਸਿੰਘ ਪਿੰਡ ਸ਼ੇਰਗੜ੍ਹ, ਮਹੇਸ਼ਵਰੀ ਪਿੰਡ ਬਹਾਦਰਪੁਰ ਬਾਹੀਆਂ, ਰੋਹਿਤ ਕੁਮਾਰ ਮੁਹੱਲਾ ਬਹਾਦਰਪੁਰ ਅਤੇ ਵਿਨਾਇਕ ਪਿੰਡ ਲਾਂਬੜਾ ਸ਼ਾਮਲ ਸਨ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੁੱਲ 25 ਸੇਵਾ ਕੇਂਦਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ ਜਿਨ੍ਹਾਂ ਵਿੱਚੋਂ 13 ਪੇਂਡੂ ਖੇਤਰਾਂ ਵਿੱਚ ਅਤੇ 12 ਸ਼ਹਿਰੀ ਖੇਤਰਾਂ ਵਿੱਚ ਚੱਲ ਰਹੇ ਹਨ।

ਸ਼ਹਿਰੀ ਖੇਤਰਾਂ ਵਿੱਚ ਚੱਲ ਰਹੇ ਸੇਵਾ ਕੇਂਦਰਾਂ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ, ਆਈ.ਟੀ.ਆਈ. ਹੁਸ਼ਿਆਰਪੁਰ, ਗੜ੍ਹਸ਼ੰਕਰ, ਮਾਹਿਲਪੁਰ, ਦਾਣਾ ਮੰਡੀ ਰਹੀਮਪੁਰ, ਹਰਿਆਣਾ, ਟਾਂਡਾ, ਗੜ੍ਹਦੀਵਾਲਾ, ਹਾਜੀਪੁਰ, ਤਲਵਾੜਾ, ਮੁਕੇਰੀਆਂ ਅਤੇ ਦਸੂਹਾ ਸ਼ਾਮਲ ਹਨ। ਪੇਂਡੂ ਖੇਤਰਾਂ ਵਿੱਚ ਇਹ ਸੇਵਾ ਕੇਂਦਰ ਗੜ੍ਹੀ ਮਾਨਸੋਵਾਲ, ਭਵਾਨੀਪੁਰ, ਸੈਲਾ ਖੁਰਦ, ਮੈਲੀ, ਚੱਬੇਵਾਲ, ਪੱਸੀ ਕੰਢੀ, ਫਾਂਬੜਾ, ਆਲੋਵਾਲ, ਭੰਗਾਲਾ, ਉਚੀ ਬੱਸੀ, ਬੁਢਾਬੜ, ਕਮਾਹੀ ਦੇਵੀ ਅਤੇ ਮਿਆਣੀ ਸ਼ਾਮਲ ਹਨ।ਸਰਪੰਚ ਗੁਰਮਿੰਦਰ ਸਿੰਘ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ :ਹੁਸਿਆਰਪੁਰ ਟਾਂਡਾ ਰੋਡ ’ਤੇ ਸਥਿਤ ਪਿੰਡ ਆਲੋਵਾਲ ਦੇ ਸਰਪੰਚ ਗੁਰਮਿੰਦਰ ਸਿੰਘ ਨੇ ਵਰਚੂਅਲ ਪ੍ਰੋਗਰਾਮ ਦੌਰਾਨ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਲੈ ਕੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਬੱਚਣ ਦੇ ਨਾਲ-ਨਾਲ ਬੇਲੋੜੀ ਖੱਜਲ-ਖੁਆਰੀ ਦਾ ਵੀ ਖਾਤਮਾ ਹੋਇਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਸਰਪੰਚ ਗੁਰਮਿੰਦਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਨੂੰ ਇਕੋ ਛੱਤ ਹੇਠ ਲੋੜੀਂਦੀਆਂ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਮੰਗ ਸੀ ਜਿਸ ਨੂੰ ਕਿ ਸਮੇਂ-ਸਮੇਂ ਸਿਰ ਪੰਜਾਬ ਸਰਕਾਰ ਵਲੋਂ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਵਲੋਂ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚਲੇ ਸੇਵਾ ਕੇਂਦਰ ਰਾਹੀਂ ਲਾਗਲੇ 30 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਸੇਵਾਵਾਂ ਲੈਣ ਵਿੱਚ ਵੱਡੀ ਸਹੂਲਤ ਮਿਲੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply