ਡਿਪਟੀ ਕਮਿਸ਼ਨਰ ਵਲੋਂ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ’ਯੋਜਨਾ ਤਹਿਤ ਯੋਗ ਬਿਨੈਕਾਰਾਂ ਦੇ ਈ-ਕਾਰਡ ਬਣਾਉਣ ਦੀ ਮੁਹਿੰਮ ਤੇਜ਼ ਕਰਨ ਦੇ ਆਦੇਸ਼
ਲਾਭਪਾਤਰੀ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਸਿਹਤ ਬੀਮਾ ਕਾਰਡ ਜਰੂਰ ਬਣਾਉਣ-ਜਿਲੇ ਦੀਆਂ 10 ਮਾਰਕਿਟ ਕਮੇਟੀਆਂ ਵਿਚ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ
ਗੁਰਦਾਸਪੁਰ, 10 ਫਰਵਰੀ (ਅਸ਼ਵਨੀ) :- ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਈ-ਕਾਰਡ ਬਣਾਉਣ ਦੀ ਸੁਵਿਧਾ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਨੂੰ ਜਿਲਾ ਗੁਰਦਾਸਪੁਰ ਵਿਖੇ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿਚ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਯੋਗ ਲਾਭਪਾਤਰੀਆਂ ਲਈ ਬੇਹੱਦ ਫਾਇਦੇਮੰਦ ਯੋਜਨਾ ਹੈ ਅਤੇ ਇਸ ਯੋਜਨਾ ਦੇ ਤਹਿਤ ਰਜਿਸਟਰਡ ਪਰਿਵਾਰਾਂ ਦਾ 5 ਲੱਖ ਰੁਪਏ ਤਕ ਦਾ ਨਗਦੀ ਰਹਿਤ ਇਲਾਜ ਹੁੰਦਾ ਹੈ ਜੋ ਕਿ ਰਾਜ ਦੇ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਦੇ ਰੂਪ ਵਿਚ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਨੋਡਲ ਅਧਿਕਾਰੀਆਂ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਇਸ ਯੋਜਨਾ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਾਲ ਵੱਧ ਤੋਂ ਵੱਧ ਲੋੜਵੰਦਾਂ ਦੇ ਈ-ਕਾਰਡ ਬਣਵਾਏ ਜਾਣ। ਲੋੜਵੰਦਾਂ ਤਕ ਅਗੇਤੇ ਤੋਰ ’ਤੇ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਲੋਕ ਨਿਰਧਾਰਤ ਸਥਾਨਾਂ ਤੇ ਆਪਣੇ ਢੁਕਵੇਂ ਦਸਤਾਵੇਜ਼ਾ ਲੈ ਕੇ ਪਹੁੰਚਣ ਤੇ ਕਾਰਡ ਬਣਾ ਸਕਣ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਲਈ 5 ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜਿਲੇ ਅੰਦਰ ਨੀਲੇ ਕਾਰਡ ਧਾਰਕ, ਜੇ-ਫਾਰਮ ਹੋਲਡਰ, ਐਸ.ਸੀ/ਬੀ.ਸੀ ਪਰਿਵਾਰ (ਐਸ ਈ ਸੀ ਸੀ-ਭਲਾਈ ਵਿਭਾਗ ਨਾਲ ਸਬੰਧਤ), ਮਜ਼ਦੂਰ, ਛੋਟੇ ਵਪਾਰੀ/ਦੁਕਾਨਦਾਰ ਅਤੇ ਪੱਤਰਕਾਰ ਸਾਥੀ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ’ ਕਵਰ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਜਿਲੇ ਅੰਦਰ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ਪਿੰਡਾਂ ਅੰਦਰ ਵਿਸ਼ੇਸ ਵਿਸ਼ੇਸ ਕੈਂਪ ਲਗਾਉਣ ਦੇ ਨਾਲ-ਨਾਲ ਜਿਲੇ ਦੀਆਂ ਮਾਰਕਿਟ ਕਮੇਟੀਆਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਕਾਹਨੂੰਵਾਨ, ਕਲਾਨੋਰ, ਸ੍ਰੀ ਹਰਗੋਬਿੰਦਪੁਰ, ਕਾਦੀਆਂ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਕਾਰਡ ਬਣਾਏ ਜਾ ਰਹੇ ਹਨ। ਲਾਭਪਾਤਰੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਾਇਓਮੈਟਰਿਕ ਮਸ਼ੀਨ ਉੱਪਰ ਅੰਗੂਠਾ ਲੱਗਣ ਉਪਰੰਤ ਹੀ ਕਾਰਡ ਜਾਰੀ ਕੀਤੇ ਜਾਂਦੇ ਹਨ।
ਉਨਾਂ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵਲੋਂ 5 ਲੱਖ ਰੁਪਏ ਦੀ ਦਿੱਤੀ ਮੁਫਤ ਸਿਹਤ ਬੀਮਾ ਸਹੂਲਤ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਅਤੇ ਆਪਣਾ ਅਤੇ ਆਪਣੇ ਪਰਿਵਾਰ ਦੇ ਸਿਹਤ ਬੀਮਾ ਕਾਰਡ ਜਰੂਰ ਬਣਾਉਣ। ਲਾਭਪਾਤਰੀ ਆਪਣੇ ਅਤੇ ਪਰਿਵਾਰਕ ਮੈਂਬਰਾਂ ਦਾ ਬਾਇਓਮੈਟਰਿਕ ਮਸ਼ੀਨ ਉੱਪਰ ਅਗੂੰਠਾ ਲਾ ਕੇ ਆਪਣੀ ਇੰਨਰੋਲਮੈਂਟ ਕਰਵਾਉਣ ਅਤੇ ਮਾਰਕਿਟ ਕਮੇਟੀਆਂ ਤੋਂ ਹੀ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਦਾ ਕਾਰਡ ਸਟੇਟ ਹੈਲਥ ਏਜੰਸੀ ਵਲੋਂ ਪਿ੍ਰੰਟ ਹੋਣ ਉਪੰਰਤ ਪ੍ਰਾਪਤ ਕਰਨ। ਕਾਰਡ ਪ੍ਰਾਪਤ ਕਰਨ ਉਪਰੰਤ ਮੁਫਤ ਇਲਾਜ ਦੀ ਸਹਲੂਤ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨਾਂ ਅੱਗੇ ਦੱਸਿਆ ਕਿ ਕੋਈ ਵੀ ਯੋਗ ਬਿਨੈਕਾਰ ਆਪਣੇ ਦਸਤਾਵੇਜ਼ ਲਿਜਾ ਕੇ ਆਪਣੀ ਰਜਿਸ਼ਟਰੇਸ਼ਨ ਕਰਵਾ ਸਕਦਾ ਹੈ ਜਿਸ ਤਹਿਤ ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਰੀ ਆਪਣੇ ਅਧਾਰ ਕਾਰਡ ਜਾਂ ਰਾਸ਼ਨ ਕਾਰਡ, ਜਾਂ ਪੈਨ ਕਾਰਡ, ਜੇ ਫਾਰਮ ਧਾਰਕ ਅਤੇ ਛੋਟੇ ਕਿਸਾਨ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ , ਉਸਾਰੀ ਭਲਾਈ ਬੋਰਡ ਅਧੀਨ ਰਜਿਸਟਰਡ ਮਜ਼ਦੂਰ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਰਜਿਸ਼ਟਰੇਸਨ ਕਾਰਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸਾਥੀ ਆਪਣੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਜਾਂ ਪੀਲਾ ਸ਼ਨਾਖਤੀ ਕਾਰਡ ਲੈ ਕੇ ਆਪਣੇ ਈ-ਕਾਰਡ ਬਣਾਉਣ ਲਈ ਨੇੜਲੀ ਮਾਰਕਿਟ ਕਮੇਟੀ ਵਿਚ ਕਿਸੇ ਵੀ ਕੰਮਕਾਜ ਵਾਲੇ ਦਿਨ ਪੁਹੰਚ ਕਰ ਸਕਦੇ ਹਨ। ਸਬੰਧਤ ਕੰਪਨੀ ਦੇ ਨੁਮਾਇੰਦੇ ਮਹਿਜ਼ 30 ਰੁਪਏ ਫੀਸ ਲੈ ਕੇ ਈ-ਕਾਰਡ ਬਣਾਉਣ ਦੀ ਸੁਵਿਧਾ ਉਪਲੱਬਧ ਕਰਵਾ ਰਹੇ ਹਨ।
ਇਸ ਮੌਕੇ ਡਾ. ਵਰਿੰਦਰ ਜਗਤ ਸਿਵਲ ਸਰਜਨ, ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਅਫਸਰ, ਹਿਮਾਸ਼ੂ ਕੱਕੜ ਜ਼ਿਲ੍ਹਾ ਫੂਡ ਸਪਲਾਈ ਅਫਸਰ, ਕੁਲਜੀਤ ਸਿੰਘ ਜਿਲਾ ਮੰਡੀ ਅਫਸਰ, ਸੰਜੀਵ ਮੰਨਣ ਜ਼ਿਲਾ ਭਲਾਈ ਅਫਸਰ, ਪ੍ਰਵੀਨ ਕੁਮਾਰ ਇੰਚਾਰਜ ਕਾਮਨ ਸਰਵਿਸ ਸੈਂਟਰ ਗੁਰਦਾਸਪੁਰ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp