ਸਰੋਂ ਦੀਆਂ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਅਤੇ ਪਸ਼ੂਆਂ ਦੀ ਖੁਰਾਕ ਲਈ ਬੇਹਤਰ: ਡਾ. ਅਮਰੀਕ ਸਿੰਘ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਤਹਿਤ ਕਨੋਲਾ ਸਰੋਂ ਦੀ ਫਸਲ ਤੇ ਪਿੰਡ ਝਲੋਆ ਵਿੱਚ ਖੇਤ ਦਿਵਸ ਮਨਾਇਆ।
ਪਠਾਨਕੋਟ: 19 ਫਰਵਰੀ 2021 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਕੇਂਦਰੀ ਪ੍ਰਾਯੋਜਿਤ ਸਕੀਮ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ ( ਆਤਮਾ) ਤਹਿਤ ਬਲਾਕ ਪਠਾਨਕੋਟ ਵਿੱਚ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਦੇ ਉਦੇਸ਼ ਨਾਲ ਵੱਖ ਵੱਖ ਪਿੰਡਾਂ ਵਿੱਚ ਗੋਭੀ ਸਰਸੋਂ ਦੀ ਕਿਸਮ ਜੀ ਐਸ ਸੀ-7 ਦੇ ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ ਤਾਂ ਜੋ ਕਿਸਾਨਾਂ ਨੂੰ ਤੇਲ ਬੀਜ ਹੇਠ ਰਕਬਾ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਅਜਿਹਾ ਹੀ ਇੱਕ ਪ੍ਰਦਰਸ਼ਨੀ ਪਲਾਟ ਪਿੰਡ ਝਲੋਆ ਦੇ ਕਿਸਾਨ ਯੁਧਵੀਰ ਸਿੰਘ ਦੇ ਖੇਤਾਂ ਵਿੱਚ ਲਗਾਇਆ ਗਿਆ ਜਿਸ ਤੇ ਖੇਤ ਦਿਵਸ ਮਨਾਇਆ ਗਿਆ। ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਮਨਾਏ ਗਏ ਖੇਤ ਦਿਵਸ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਕਮ ਇੰਚਾਰਜ ਬੀ ਟੀ ਟੀ ਆਤਮਾ ਨੇ ਕਿਸਾਨਾਂ ਨੂੰ ਤੇਲ ਬੀਜ ਫਲਸਾਂ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸ੍ਰੀ ਲਵ ਕੁਮਾਰ ਬਲਾਕ ਤਕਨਾਲੋਜੀ ਪ੍ਰਬੰਧਕ( ਆਤਮਾ),ਰਘਬੀਰ ਸਿੰਘ,ਵਿਨੋਦ ਕੁਮਾਰ,ਅਜੂ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਗੋਭੀ ਸਰੋਂ ਦੀ ਕਾਸਤ ਬਾਰੇ ਤਕਨੀਕੀ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਕਨੋਲਾ ਸਰੋ੍ਹਂ ਦੇ ਤੇਲ ਦੀ ਮੰਗ ਲਗਾਤਾਰ ਵਧ ਰਹੀ ਹੈ,ਜਿਸ ਦੀ ਪੂਰਤੀ ਲਈ ਕਨੋਲਾ ਸਰੋਂ ਹੇਠ ਰਕਬਾ ਹੋਰ ਵਧਾਉਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਕਨੋਲਾ ਸਰੋਂ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੁਸਿਕ ਏਸਿਡ ਅਤੇ ਖਲ਼ ਵਿੱਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੁਕੋਸਿਨੋਲੇਟਸ ਹੁੰਦੇ ਹਨ।
ਉਨਾਂ ਕਿਹਾ ਕਿ ਜਿਆਦਾ ਏਸਿਡ ਵਾਲੇ ਤੇਲ ਦੀ ਵਰਤੋਂ ਨਾਲ ਨਾੜਾਂ ਦੇ ਮੋਟੇ ਹੋਣ ਕਾਰਣ ਦਿਲ ਦੇ ਰੋਗਾਂ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ। ਉਨਾਂ ਕਿਹਾ ਕਿ ਖਲ਼ ਵਿਚਲੇ ਜਿਆਦਾ ਗਲੂਕੋਸਿਨੋਲੇਟਸ ਜਾਨਵਰਾਂ ਵਿੱਚ ਭੁੱਖ ਅਤੇ ਜਣਨ ਸਮਰੱਥਾ ਨੂੰ ਘਟਾਉਣ ਦੇ ਨਾਲ-ਨਾਲ ਗੱਲੜ੍ਹ ਰੋਗ ਨੂੰ ਵਧਾੳਂੁਦੇ ਹਨ। ਉਨਾਂ ਕਿਹਾ ਕਿ ਕਨੋਲਾ ਕਿਸਮਾਂ ਦੇ ਤੇਲ ਵਿੱਚ ਇਰੁਸਿਕ ਏਸਿਡ ਦੀ ਮਾਤਰਾ ਘੱਟਣ ਨਾਲ ਮੁਫਾ (ਔਲਿਕ ਏਸਿਡ) ਦੀ ਮਾਤਰਾ ਗੈਰ ਕਨੋਲਾ ਕਿਸਮਾਂ (18-20 ਪ੍ਰਤੀਸ਼ਤ) ਦੇ ਮੁਕਾਬਲੇ ਬਹੁਤ ਜਿਆਦਾ (60-65 ਪ੍ਰਤੀਸ਼ਤ) ਹੁੰਦੀ ਹੈ। ਉਨਾਂ ਕਿਹਾ ਕਿ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਹੁੰਦੇ ਹਨ।
ਉਨਾਂ ਕਿਹਾ ਕਿ ਕਨੋਲਾ ਸਰੋਂ ਦੀ ਫਸਲ ਤੋਂ ਵਧੇਰੇ ਪੇਦਾਵਾਰ ਲੈਣ ਲਈ ਜ਼ਰੂਰੀ ਹੈ ਕਿ ਕੀੜਿਆਂ ਅਤੇ ਬਿਮਾਰੀਆਂ ਦੀ ਸਮੇਂ ਸਿਰ ਰੋਕਥਾਮ ਕੀਤੀ ਜਾਵੇ। ਉਨਾਂ ਕਿਹਾ ਕਿ ਤਾਪਮਾਨ ਵਿੱਚ ਵਾਧੇ ਕਾਰਨ ਸਰੋਂ ਦੇ ਚੇਪੇ ਦਾ ਹਮਲਾ ਹੋ ਸਕਦਾ ਹੈ। ਉਨਾਂ ਕਿਹਾ ਕਿ ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਫੁੱਲਾਂ ਅਤੇ ਫਲੀਆਂ ਤੇ ਹਮਲਾ ਕਰਕੇ ਪੂਰੀ ਤਾਂ ਢੱਕ ਲੈਂਦੇ ਹਨ,ਜਿਸ ਕਾਰਨ ਫਲੀਆਂ ਸੁਕੜ ਜਾਂਦੀਆ ਹਨ ਅਤੇ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਚੇਪੇ ਦੀ ਰੋਕਥਾਮ ਬਾਰੇ ਕਿਹਾ ਕਿ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1.0 ਸੈਂਟੀ ਮੀਟਰ ,ਚੇਪੇ ਨਾਲ ਢੱਕਿਆ ਜਾਵੇ ਜਾਂ 40-50 ਫੀਸਦੀ ਪੌਦਿਆਂ ਤੇ ਚੇਪਾ ਨਜ਼ਰ ਆਵੇ ਤਾਂ 40 ਗ੍ਰਾਮ ਐਕਟਾਰਾ 24 ਡਬਲਿਯੂ ਜੀ,ਡਾਈਮੈਥੋਏਟ 30 ਈ ਸੀ ਜਾਂ 400 ਮਿ.ਲਿ.ਕਿਊਨਲਫਾਸ ਜਾਂ 600 ਮਿ.ਲਿ. ਕਲੋਰੋਪਾਈਰੀਫਾਸ ਪ੍ਰਤੀ ਏਕੜ ਨੂੰ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਉਨਾ ਕਿਹਾ ਕਿ ਸਰੋਂ ਵਿੱਚ ਕਿਸੇ ਵੀ ਕੀਟਨਾਸ਼ਕ ਦਾ ਛਿੜਕਾਅ ਸ਼ਾਮ ਵੇਲੇ ਕੀਤਾ ਜਾਵੇ ਤਾਂ ਜੋ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਇਆ ਜਾ ਸਕੇ।ਅਖੀਰ ਵਿੱਚ ਅਗਾਂਹਵਧੂ ਕਿਸਾਨ ਯੁਧਵੀਰ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਸਮੂਹ ਕਿਸਾਨਾਂ ਦਾ ਧੰਨਾਵਾਦ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp