ਜ਼ਿਲ੍ਹੇ ’ਚ 262 ਨੌਜਵਾਨਾਂ ਨੂੰ ਮਿਲਣਗੇ ਬੱਸਾਂ ਦੇ ਪਰਮਿੱਟ : ਸੁੰਦਰ ਸ਼ਾਮ ਅਰੋੜਾ
11 ਲਾਭਪਾਤਰੀਆਂ ਨੂੰ ਉਦਯੋਗ ਮੰਤਰੀ ਨੇ ਆਪਣੇ ਹੱਥੀਂ ਸੌਂਪੇ ਬੱਸਾਂ ਦੇ ਪਰਮਿੱਟ
ਕਿਹਾ ਪੇਂਡੂ ਨੌਜਵਾਨਾਂ ਅਤੇ ਵਸਨੀਕਾਂ ਦੀ ਆਵਾਜਾਈ ਲਈ ਸਰਕਾਰ ਦਾ ਅਹਿਮ ਉਪਰਾਲਾ
ਪਿੰਡਾਂ ’ਚ ਆਵਾਜਾਈ ਦੀ ਸਹੂਲਤ ਹੋਵੇਗੀ ਹੋਰ ਮਜ਼ਬੂਤ : ਡਾ. ਰਾਜ ਕੁਮਾਰ ਚੱਬੇਵਾਲ
ਹੁਸ਼ਿਆਰਪੁਰ, 24 ਫਰਵਰੀ (ਆਦੇਸ਼ ): ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੱਖ-ਵੱਖ ਪਿੰਡਾਂ ਤੋਂ ਆਏ 11 ਲਾਭਪਾਤਰੀਆਂ ਨੂੰ ਬੱਸਾਂ ਦੇ ਪਰਮਿੱਟ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 262 ਨੌਜਵਾਨਾਂ ਨੂੰ ਇਹ ਪਰਮਿੱਟ ਦਿੱਤੇ ਜਾ ਰਹੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਚੰਡੀਗੜ੍ਹ ਤੋਂ ਪਰਮਿੱਟ ਦੇਣ ਦੀ ਸ਼ੁਰੂਆਤ ਉਪਰੰਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਪੇਂਡੂ ਨੌਜਵਾਨਾਂ ਦੀ ਭਲਾਈ ਦੇ ਨਾਲ-ਨਾਲ ਪੇਂਡੂ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 262 ਪਰਮਿੱਟ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਰੂਟ ਜ਼ਿਲ੍ਹੇ ਦੇ ਲਗਭਗ ਹਰ ਖੇਤਰ ਨੂੰ ਛੋਹੰਦੇ ਹਨ ਅਤੇ ਇਹ ਪਰਮਿੱਟ ਲੋਕਾਂ ਨੂੰ ਆਸਾਨ ਅਤੇ ਸੁਰੱਖਿਅਤ ਸਫ਼ਰ ਉਪਲਬੱਧ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ 15.5 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਵਾਹਨ ਲੋਕੇਸ਼ਨ ਟਰੈਕਿੰਗ ਉਪਕਰਨ ਪ੍ਰਾਜੈਕਟ ਸੁਰੱਖਿਆ ਨੂੰ ਲੈ ਕੇ ਮੀਲ ਪੱਥਰ ਸਾਬਤ ਹੋਵੇਗਾ ਜੋ ਕਿ ਆਉਂਦੀ 31 ਮਾਰਚ ਤੱਕ ਸਾਰੀਆਂ ਸਰਕਾਰੀ ਬੱਸਾਂ ਅਤੇ ਅਗਸਤ ਦੇ ਅਖੀਰ ਤੱਕ ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਲਾਇਆ ਜਾਵੇਗਾ।
ਪੰਜਾਬ ਸਰਕਾਰ ਵਲੋਂ ਡਰਾਈਵਿੰਗ ਲਾਇਸੰਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ (ਆਰ.ਸੀ) ਡਾਕ ਵਿਭਾਗ ਰਾਹੀਂ ਘਰੋ-ਘਰੀਂ ਭੇਜਣ ਦੀ ਸ਼ੁਰੂਆਤ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਲੋਕਾਂ ਨੂੰ ਬਿਨ੍ਹਾਂ ਕਿਸੇ ਖੱਜਲ-ਖੁਆਰੀ ਤੋਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਵਲੋਂ ਚੁੱਕੇ ਅਹਿਮ ਕਦਮ ਪੰਜਾਬ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਨੂੰ ਤਸਦੀਕ ਕਰਦੇ ਹਨ।
ਇਸ ਮੌਕੇ ਉਦਯੋਗ ਮੰਤਰੀ ਨੇ ਗੁਰਨਾਮ ਸਿੰਘ ਨੂੰ ਰਾਜਪੁਰ ਭਾਈਆਂ ਤੋਂ ਹੁਸ਼ਿਆਰਪੁਰ, ਮਨਜਿੰਦਰ ਸਿੰਘ ਨੂੰ ਫੰਬੀਆਂ ਤੋਂ ਹੁਸ਼ਿਆਰਪੁਰ, ਸਤਨਾਮ ਨੂੰ ਸ਼ੇਰਪੁਰ ਤੋਂ ਹੁਸ਼ਿਆਰਪੁਰ, ਦਵਿੰਦਰ ਕੌਰ ਅਤੇ ਦਵਿੰਦਰ ਸਿੰਘ ਨੂੰ ਡਵਿਡਾ ਤੋਂ ਹੁਸ਼ਿਆਰਪੁਰ, ਵਿਸ਼ਾਲ ਨੂੰ ਹੁਸ਼ਿਆਰਪੁਰ ਤੋਂ ਕਾਣੇ, ਹੀਰਾ ਸਿੰਘ ਨੂੰ ਭਟਰਾਣਾ ਤੋਂ ਹੁਸ਼ਿਆਰਪੁਰ, ਦਿਨੇਸ਼ ਕੁਮਾਰ ਨੂੰ ਦਾਦਾ ਮਾੜਾ ਤੋਂ ਹੁਸ਼ਿਆਰਪੁਰ, ਕੁਲਦੀਪ ਸਿੰਘ ਨੂੰ ਚੱਬੇਵਾਲ ਤੋਂ ਆਦਮਪੁਰ, ਮਨਪ੍ਰੀਤ ਕੌਰ ਨੂੰ ਹੁਸ਼ਿਆਰਪੁਰ ਤੋਂ ਬਾਹੋਵਾਲ ਅਤੇ ਪਾਲ ਸਿੰਘ ਨੂੰ ਜੇਜੋਂ ਅੱਡਾ ਤੋਂ ਮਾਹਿਲਪੁਰ ਦਾ ਪਰਮਿੱਟ ਸੌਂਪਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਟਰਾਂਸੋਪਰਟ ਦੇ ਖੇਤਰ ਵਿੱਚ ਲਏ ਗਏ ਇਨਕਲਾਬੀ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਇਨ੍ਹਾਂ ਪਰਮਿੱਟਾਂ ਨਾਲ ਪੰਜਾਬ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਦੇ ਉਪਰਾਲਿਆਂ ਨੂੰ ਵੀ ਬੱਲ ਮਿਲੇਗਾ ਅਤੇ ਇਸ ਨਾਲ ਪੇਂਡੂ ਖੇਤਰਾਂ ਵਿੱਚ ਆਵਾਜਾਈ ਦੀ ਸਹੂਲਤ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਿੱਤੇ ਜਾ ਰਹੇ ਪਰਮਿੱਟਾਂ ਵਿੱਚ 50 ਤੋਂ ਪਰਮਿੱਟ ਔਰਤਾਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ ਇੰਸਟੀਚਿਊਟ ਆਫ਼ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲ ਸੈਂਟਰ ਖੋਲ੍ਹਣ ਨਾਲ ਡਰਾਈਵਰਾਂ ਨੂੰ ਹੈਵੀ ਲਾਇਸੰਸ ਲਈ ਲੋੜੀਂਦੀ ਟਰੇਨਿੰਗ ਅਤੇ ਕੋਰਸ ਲਈ ਹੁਣ ਦੂਸਰੇ ਜ਼ਿਲਿ੍ਹਆਂ ਵਿੱਚ ਨਹੀਂ ਜਾਣਾ ਪੈਂਦਾ ਜੋ ਕਿ ਪੂਰੇ ਖਿੱਤੇ ਲਈ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 22.5 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਡਰਾਈਵਿੰਗ ਅਤੇ ਟਰੈਫਿਕ ਖੋਜ ਸੰਸਥਾ ਦੀ ਸ਼ੁਰੂਆਤ ਉਪਰੰਤ ਹਰ ਸਾਲ 20 ਹਜ਼ਾਰ ਦੇ ਕਰੀਬ ਡਰਾਈਵਰਾਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾਇਆ ਕਰੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਰਿਜੀਨਲ ਟਰਾਂਸਪੋਰਟ ਅਥਾਰਟੀ ਸੁਖਵਿੰਦਰ ਸਿੰਘ ਬਰਾੜ ਆਦਿ ਮੌਜੂਦ ਸਨ।
ਪਰਮਿੱਟ ਪ੍ਰਾਪਤ ਕਰਨ ਵਾਲੇ 27 ਸਾਲਾ ਦਿਨੇਸ਼ ਕੁਮਾਰ ਵਾਸੀ ਸਾਹਰੀ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਉਨ੍ਹਾਂ ਦਾ ਕੰਮ ਲਗਭਗ ਬੰਦ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਪਿੰਡ ਦਾਦਾ ਮਾੜਾ ਤੋਂ ਹੁਸ਼ਿਆਰਪੁਰ ਤੱਕ ਦਾ ਪਰਮਿੱਟ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਰੂਟ ’ਤੇ ਕੋਈ ਵੀ ਬੱਸ ਸਰਵਿਸ ਨਹੀਂ ਸੀ ਅਤੇ ਹੁਣ ਕਰੀਬ 10 ਪਿੰਡਾਂ ਜਿਨ੍ਹਾਂ ਵਿੱਚ ਨਾਰੂ ਨੰਗਲ, ਧੀਰੋਵਾਲ, ਬਾਹਦੁਰਪੁਰ, ਮੰਨਣ, ਹਸਤਖਾਂ, ਮਲ ਮਾਜਰਾ, ਚੱਗਰਾਂ ਆਦਿ ਦੇ ਵਸਨੀਕਾਂ ਨੂੰ ਆਵਾਜਾਈ ਦੀ ਕੋਈ ਦਿੱਕਤ ਨਹੀਂ ਰਹੇਗੀ।
ਪਿੰਡ ਪੱਟੀ ਵਾਸੀ ਮਨਪ੍ਰੀਤ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਆਸਾਨੀ ਨਾਲ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਪਰਮਿੱਟ ਮਿਲਣ ਨਾਲ ਉਨ੍ਹਾਂ ਦੇ ਪਰਿਵਾਰ ਦੇ ਰੋਜ਼ਗਾਰ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਬਾਹੋਵਾਲ ਦਾ ਪਰਮਿੱਟ ਮਿਲਿਆ ਹੈ ਜੋ ਕਿ ਪਿੰਡ ਅਟੱਲਗੜ੍ਹ, ਮਹਿੰਮੋਵਾਲ, ਫਲਾਹੀ, ਬਡਿਆਲ, ਪੱਟੀ, ਬਜਰਾਵਰ, ਚੱਬੇਵਾਲ, ਭੀਲੋਵਾਲ, ਲਹਿਲੀ, ਬਿਹਾਲਾ, ਮਰੂਲੇ, ਸੈਦਪੁਰ, ਨੀਤਪੁਰ, ਸੁਭਾਨਪੁਰ ਆਦਿ ਨੂੰ ਕਵਰ ਕਰੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp