ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਈ-ਹੈਲਥ ਕਾਰਡ ਬਨਾਉਣ ਲਈ ਐਤਵਾਰ ਵੀ ਖੁੱਲ੍ਹਣਗੇ ਸਾਰੇ ਸੇਵਾ ਕੇਂਦਰ : ਅਮਿਤ ਕੁਮਾਰ ਪੰਚਾਲ

ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਈ-ਹੈਲਥ ਕਾਰਡ ਬਨਾਉਣ ਲਈ ਐਤਵਾਰ ਵੀ ਖੁੱਲ੍ਹਣਗੇ ਸਾਰੇ ਸੇਵਾ ਕੇਂਦਰ : ਅਮਿਤ ਕੁਮਾਰ ਪੰਚਾਲ

ਜ਼ਿਲ੍ਹੇ ਦੇ 25 ਸੇਵਾ ਕੇਂਦਰਾਂ ’ਚ ਲਾਭਪਾਤਰੀ ਬਨਵਾ ਸਕਦੇ ਹਨ ਈ-ਕਾਰਡ
ਏ.ਡੀ.ਸੀ. ਨੇ ਯੋਜਨਾ ਦੇ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਈ-ਕਾਰਡ ਬਣਵਾਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ, 6 ਮਾਰਚ (ਆਦੇਸ਼ ):
ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਈ-ਹੈਲਥ ਕਾਰਡ ਬਨਾਉਣ ਲਈ ਐਤਵਾਰ 7 ਮਾਰਚ ਨੂੰ ਵੀ ਜ਼ਿਲ੍ਹੇ ਦੇ ਸਾਰੇ 25 ਸੇਵਾ ਕੇਂਦਰ ਖੁੱਲ੍ਹੇ ਰਹਿਣਗੇ। ਉਨ੍ਹਾਂ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣਾ ਈ-ਹੈਲਥ ਕਾਰਡ ਜ਼ਰੂਰ ਬਣਵਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਲਾਭਪਾਤਰੀ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣ  ਲਈ ਯਤਨਸ਼ੀਲ ਹੈ, ਇਸ ਲਈ ਲਾਭਪਾਤਰੀ ਵੀ ਆਪਣਾ ਕਾਰਡ ਬਣਵਾ ਕੇ ਆਪਣੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਆਪਣਾ ਅਤੇ ਆਪਣੇ ਪਰਿਵਾਰ ਦਾ ਸਰਕਾਰੀ ਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਲਾਭਪਾਤਰੀ ਆਪਣੇ ਦਸਤਾਵੇਜ਼ ਲੈ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ ਜਿਸ ਤਹਿਤ ਸਮਾਰਟ ਰਾਸ਼ਨ ਕਾਰਡ ਲਾਭਪਾਤਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਰੀ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਪੈਨ ਕਾਰਡ, ਜੇ-ਫਾਰਮ ਧਾਰਕ ਤੇ ਛੋਟੇ ਕਿਸਾਨ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਨਿਰਮਾਣ ਕਲਿਆਣ ਬੋਰਡ ਤਹਿਤ ਰਜਿਸਟਰਡ ਮਜ਼ਦੂਰ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਰਜਿਸਟਰੇਸ਼ਨ ਕਾਰਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਆਪਣਾ ਆਧਾਰ ਕਾਰਡ ਜਾਂ ਪੀਲਾ ਪਹਿਚਾਣ ਪੱਤਰ ਲੈ ਕੇ ਆਪਣਾ ਈ-ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਲਗਾਏ ਜਾ ਰਹੇ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਤਹਿਤ ਆਉਂਦੇ ਪਰਿਵਾਰ ਆਪਣੇ ਈ-ਕਾਰਡ ਜ਼ਰੂਰ ਬਣਵਾਉਣ। ਇਹ ਕਾਰਡ ਬਣਵਾਉਣ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਯੋਜਨਾ ਵੈਬਸਾਈਟ www.sha.punjab.gov.in ’ਤੇ ਜਾ ਕੇ ਆਪਣੇ ਆਧਾਰ ਕਾਰਡ ਤੇ ਹੋਰ ਪਹਿਚਾਣ ਪੱਤਰ ਨੰਬਰ ਨੂੰ ਭਰ ਕੇ ਚੈਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ 13 ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 15 ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਕੀਤੇ ਗਏ ਹਨ।
ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਲਾਭਪਾਤਰੀ ਦਾ ਕਾਰਡ ਬਣਾਉਣ ਲਈ ਇਸ ਨੂੰ ਮੁਹਿੰਮ ਦੇ ਰੂਪ ਵਿੱਚ ਲਿਆ ਗਿਆ ਹੈ। ਜ਼ਿਲ੍ਹੇ ਵਿੱਚ ਜਿਥੇ ਲਾਭਪਾਤਰੀ ਸੇਵਾ ਕੇਂਦਰਾਂ ਵਿੱਚ ਆਪਣਾ ਈ-ਕਾਰਡ ਬਣਵਾ ਰਹੇ ਹਨ, ਉਥੇ ਪਿੰਡ ਪੱਧਰ ’ਤੇ ਵੀ ਕਾਮਨ ਸਰਵਿਸ ਸੈਂਟਰ ਰਾਹੀਂ ਆਪਣਾ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਦੇ ਵਿਲੇਜ ਲੈਵਲ ਇੰਟਰਪ੍ਰੇਨਿਉਰ (ਵੀ.ਐਲ.ਈ.) ਪਿੰਡ ਪੱਧਰ ਈ-ਕਾਰਡ ਬਣਾਉਣ ਵਿੱਚ ਵਧੀਆ ਸਹਿਯੋਗ ਕਰ ਰਹੇ ਹਨ ਅਤੇ ਕੈਂਪ ਲਗਾ ਕੇ ਲੋਕਾਂ ਦੇ ਈ-ਕਾਰਡ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਵਿੱਚ ਜਾਗਰੂਕਤਾ ਵੈਨ ਵੀ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਕਾਰਡ ਬਣਵਾਉਣ ਲਈ ਜਾਗਰੂਕ ਕਰ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply