ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਪ੍ਰੋਜੈਕਟ ਤਹਿਤ ਕੈਬਨਿਟ ਮੰਤਰੀ ਅਰੋੜਾ ਨੇ ਕਿਸਾਨਾਂ ਨੂੰ ਸੌਂਪੇ ਮੋਬਾਇਲ ਵੈਂਡਿੰਗ ਈ-ਕਾਰਟ

ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਪ੍ਰੋਜੈਕਟ ਤਹਿਤ ਕੈਬਨਿਟ ਮੰਤਰੀ ਅਰੋੜਾ ਨੇ ਕਿਸਾਨਾਂ ਨੂੰ ਸੌਂਪੇ ਮੋਬਾਇਲ ਵੈਂਡਿੰਗ ਈ-ਕਾਰਟ
-ਕਿਹਾ, ਕਿਸਾਨ ਸਵੈ ਮੰਡੀਕਰਣ ਕਰਕੇ ਆਪਣੀ ਉਪਜ ਦਾ ਕਮਾ ਸਕਦੇ ਹਨ ਵਧੀਆ ਮੁਨਾਫਾ
-ਸਬਸਿਡੀ ’ਤੇ ਦਿੱਤੇ ਜਾ ਰਹੇ ਮੋਬਾਇਲ ਈ- ਕਾਰਟ
ਨਾਲ ਛੋਟੇ ਕਿਸਾਨ ਆਪਣੇ ਖੇਤਾਂ ’ਚ ਪੈਦਾ ਕੀਤੀਆਂ ਗਈਆਂ ਸਬਜ਼ੀਆਂ ਅਤੇ ਫਲਾਂ ਨੂੰ ਗ੍ਰਾਹਕਾਂ ਤੱਕ ਸਿੱਧੇ ਪਹੁੰਚਾ ਸਕਣਗੇ
ਹੁਸ਼ਿਆਰਪੁਰ, 20 ਮਾਰਚ (ਆਦੇਸ਼ ) :
ਪੰਜਾਬ ਸਰਕਾਰ ਦੇ ਨਵੇਂ ਯਤਨ ਕਾਮਯਾਬ ਕਿਸਾਨ-ਖੁਸ਼ਹਾਲ ਪੰਜਾਬ ਤਹਿਤ ਅੱਜ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹੇ ਦੇ ਪੰਜ ਲਾਭਪਾਤਰੀ ਕਿਸਾਨਾਂ ਨੂੰ ਕਰੀਬ 9 ਲੱਖ ਰੁਪਏ ਨਾਲ ਪੰਜ ਮੋਬਾਇਲ ਵੈਂਡਿੰਗ ਈ- ਕਾਰਟ ਸੌਂਪੇ। ਬਾਗਬਾਨੀ ਵਿਭਾਗ ਦੇ ਦਫ਼ਤਰ ਛਾਉਣੀ ਕਲਾਂ ਹੁਸ਼ਿਆਰਪੁਰ ਵਿੱਚ ਅੱਜ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸੁੰਦਰ ਸ਼ਾਮ ਅਰੋੜਾ ਨੇ ਬਾਗਬਾਨੀ  ਵਿਭਾਗ ਦੇ ਇਸ ਬੇਹਤਰੀਨ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੈ ਮੰਡੀਕਰਣ ਕਰਨਾ ਸਮੇਂ ਦੀ ਮੁੱਖ ਮੰਗ ਹੈ ਅਤੇ ਕਿਸਾਨ ਆਪਣੀ ਉਪਜ ਦਾ ਸਵੈ ਮੰਡੀਕਰਣ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ ਅਤੇ ਖਪਤਕਾਰ ਨੂੰ ਵੀ ਤਾਜ਼ੀ ਸਬਜ਼ੀ, ਫ਼ਲ ਆਦਿ ਜਾਇਜ਼ ਕੀਮਤ ’ਤੇ ਮਿਲ ਸਕੇਗਾ, ਜਿਸ ਨਾਲ ਕਿਸਾਨ ਅਤੇ ਖਪਤਕਾਰ ਦੋਵਾਂ ਨੂੰ ਲਾਭ ਹੋਵੇਗਾ।
ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਅੱਜ ਮਹਿਲਾ ਕਿਸਾਨਾਂ ਨੂੰ ਵੀ ਮੋਬਾਇਲ ਵੈਂਡਿੰਗ ਈ- ਕਾਰਟ ਸੌਂਪੇ ਗਏ ਹਨ ਜੋ ਕਿ ਪੰਜਾਬ ਸਰਕਾਰ ਦੀ ਮਹਿਲਾ ਸਸ਼ਕਤੀਕਰਣ ਪ੍ਰਤੀ ਜਤਾਈ ਆਪਣੀ ਵਚਨਵੱਧਤਾ ਨੂੰ ਦਹੁਰਾਉਂਦਾ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ’ਤੇ ਮਿਲਣ ਵਾਲੇ ਇਹ ਈ- ਕਾਰਟ ਜੋ ਕਿ ਬੈਟਰੀ ’ਤੇ ਚੱਲਦੇ ਹਨ ਨੂੰ ਖਰੀਦ ਕੇ ਛੋਟੇ ਕਿਸਾਨ ਆਪਣੇ ਖੇਤ ਤੋਂ ਤਾਜ਼ਾ ਸਬਜ਼ੀ ਅਤੇ ਫ਼ਲ ਸਿੱਧੇ ਤੌਰ ’ਤੇ ਆਪਣੇ ਖੇਤਾਂ ਤੋਂ ਗ੍ਰਾਹਕਾਂ ਤੱਕ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਕਿਸਾਨ ਕਾਮਯਾਬ ਹੋਵੇਗਾ ਤਾਂ ਹੀ ਪੰਜਾਬ ਵੀ ਖੁੱਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਛੋਟੇ ਬਾਗਬਾਨ ਇਸ ਤਰ੍ਹਾਂ ਦੇ ਮੋਬਾਇਲ ਈ- ਕਾਰਟ ਲੈਣ ਲਈ ਬਾਗਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਬਾਗਬਾਨੀ ਵਿਭਾਗ ਦੇ ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਮੋਬਾਇਲ  ਵੈਂਡਿੰਗ ਈ- ਕਾਰਟ ਦੀ ਕੁੱਲ ਕੀਮਤ 1,80,000 ਹਜ਼ਾਰ ਰੁਪਏ ਹੈ, ਜਿਸ ਵਿੱਚ ਟਾਟਾ ਟਰੱਸਟ ਵਲੋਂ 85 ਹਜ਼ਾਰ ਰੁਪਏ ਅਤੇ ਐਮ.ਆਈ.ਡੀ.ਐਚ. ਵਲੋਂ 15000 ਦੀ ਰਕਮ ਸਬਸਿਡੀ ਦੇ ਤੌਰ ’ਤੇ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਸਿਰਫ 80,000 ਰੁਪਏ ਆਪਣੇ ਵਲੋਂ ਦੇਣੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਆਪਣੇ ਪੱਧਰ ’ਤੇ ਟਾਟਾ ਟਰੱਸਟ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਯੋਜਨਾ ਦਾ ਪੰਜਾਬ ਸਰਕਾਰ ਵਲੋਂ ਇਸੇ ਮਹੀਨੇ ਬਜਟ ਸੈਸ਼ਨ ਦੇ ਦੌਰਾਨ ਫੈਸਲਾ ਲਿਆ ਗਿਆ ਸੀ, ਪਰ ਬਾਗਬਾਨੀ ਵਿਭਾਗ ਨੇ ਇਸ ਯੋਜਨਾ ਨੂੰ ਕੁੱਝ ਦਿਨਾਂ ਵਿੱਚ ਹੀ ਲਾਗੂ ਕਰਕੇ ਕਿਸਾਨ ਹਿੱਤ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਮੌਕੇ ’ਤੇ ਲਾਭਪਾਤਰੀ ਕਿਸਾਨਾਂ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਸਿੱਧ ਬਾਗਬਾਨ ਅਤੇ ਕਿਸਾਨ ਵੀ ਹਾਜ਼ਰ ਸਨ, ਜਿਨ੍ਹਾਂ ਵਿੱਚ ਕੁਲਵੰਤ ਸਿੰਘ, ਹਰਬਿੰਦਰ ਸਿੰਘ ਸੰਧੂ, ਹਰਸਨਜੀਤ ਸਿੰਘ ਥਿਆੜਾ, ਗੁਰਜੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਬਾਜਵਾ, ਕੁਲਵੰਤ ਸਿੰਘ ਤੋਂ ਇਲਾਵਾ ਸਹਾਇਕ ਡਾਇਰੈਕਟਰ ਬਾਗਬਾਨੀ ਛਾਉਣੀ ਕਲਾਂ ਡਾ. ਜਸਵਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਹੁਸ਼ਿਆਰਪੁਰ ਡਾ. ਦਲਬੀਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਭੂੰਗਾ ਡਾ. ਸ਼ਮੀ ਕੁਮਾਰ, ਬਾਗਬਾਨੀ ਕਿਸਾਨ ਅਫ਼ਸਰ ਡਾ. ਜਸਪਾਲ ਸਿੰਘ, ਪ੍ਰੋਜੈਕਟਰ ਅਫ਼ਸਰ ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ (ਸਿਟਰਸ) ਖਣੌੜਾ ਡਾ. ਬਲਵਿੰਦਰ ਸਿੰਘ, ਡਾ. ਹਰਜੀਤ ਸਿੰਘ, ਡਾ. ਪ੍ਰੇਮ ਸਿੰਘ, ਡਾ. ਲਖਵੀਰ ਸਿੰਘ ਆਦਿ ਵੀ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply