ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਸਕੂਲ ਨਾ ਆਉਣ ਦੀਆਂ ਹਦਾਇਤਾਂ ਦੌਰਾਨ ਮੁੜ ਤੋਂ ਆਨਲਾਈਨ ਜਮਾਤਾਂ ਦੀ ਸ਼ੁਰੂਆਤ
★ ਕਈ ਸਕੂਲਾਂ ਨੇ ਆਨਲਾਈਨ ਜਮਾਤ ਟਾਈਮ ਟੇਬਲ ਬਣਾਇਆ
ਪਠਾਨਕੋਟ, 21 ਮਾਰਚ (ਰਾਜਨ ਬਿਊਰੋ )-ਸੂਬੇ ‘ਚ ਕੋਰੋਨਾ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਲਾਗੂ ਕੀਤੀਆਂ ਕੋਵਿਡ-19 ਪਾਬੰਦੀਆਂ ਦੇ ਚੱਲਦਿਆਂ ਪਿਛਲੇ ਸੈਸ਼ਨ ਵਾਂਗ ਇਸ ਵਾਰ ਵੀ ਸਕੂਲੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕੋਰੋਨਾ ਪ੍ਰਛਾਵੇਂ ਹੇਠ ਆ ਗਈਆਂ ਹਨ। ਸੂਬਾ ਸਰਕਾਰ ਵੱਲੋਂ 31 ਮਾਰਚ ਤੱਕ ਵਿਦਿਆਰਥੀਆਂ ਲਈ ਸਕੂਲ ਬੰਦ ਕੀਤੇ ਜਾਣ ਨਾਲ ਸਰਕਾਰੀ ਸਕੂਲਾਂ ਦੀਆਂ ਗੈਰ ਬੋਰਡ ਜਮਾਤਾਂ ਦੀਆਂ ਚੱਲ ਰਹੀਆਂ ਘਰੇਲੂ ਪ੍ਰੀਖਿਆਵਾਂ ਅਤੇ ਪੰਜਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅੱਧ ਵਿਚਕਾਰ ਲਟਕ ਗਈਆਂ ਹਨ। ਅੱਠਵੀਂ ਜਮਾਤ ਦੀਆਂ 22 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਵੀ ਅਗਲੇ ਹੁਕਮਾਂ ਤੱਕ ਲਟਕ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਦਸਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ ਕੀਤਾ ਹੋਇਆ ਹੈ।
ਸੂਬਾ ਸਰਕਾਰ ਵੱਲੋਂ ਕੋਰੋਨਾ ਬਚਾਅ ਤੋਂ ਲਾਗੂ ਪਾਬੰਦੀਆਂ ਦੇ ਚੱਲਦਿਆਂ 31 ਮਾਰਚ ਤੱਕ ਵਿਦਿਆਰਥੀਆਂ ਦੇ ਸਕੂਲ ਨਾ ਆਉਣ ਦੀਆਂ ਪਾਬੰਦੀਆਂ ਨੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਖਾਸ ਕਰਕੇ ਦਸਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਬਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਖੁਦ਼ ਹਫਤਾਵਾਰੀ ਮੀਟਿੰਗ ਦੌਰਾਨ ਮੁੱਖ ਦਫ਼ਤਰ ਦੇ ਅਧਿਕਾਰੀਆਂ, ਜਿਲ੍ਹਾ ਸਿੱਖਿਆ ਅਧਿਕਾਰੀਆਂ,ਬਲਾਕ ਸਿੱਖਿਆ ਅਧਿਕਾਰੀਆਂ ਅਤੇ ਜਿਲ੍ਹਾ ਪੱਧਰੀ ਟੀਮਾਂ ਨਾਲ ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਦੌਰਾਨ ਸਰਕਾਰ ਵੱਲੋਂ ਕੋਰੋਨਾ ਬਚਾਅ ਪਾਬੰਦੀਆਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜ੍ਹੀ ਰੱਖਣ ਦੀ ਜਰੂਰਤ ‘ਤੇ ਜੋਰ ਦਿੱਤਾ।
ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਰਿੰਦਰ ਪਰਾਸ਼ਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਸਕੂਲਾਂ ਨੂੰ ਜਿੱਥੇ ਸਕੂਲਾਂ ਬਾਰੇ ਕੋਰੋਨਾ ਬਚਾਅ ਦੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਉੱਥੇ ਹੀ ਕੋਰੋਨਾ ਹਾਲਾਤਾਂ ਦੇ ਸੁਖਾਵੇਂ ਹੋਣ ‘ਤੇ ਹੋਣ ਵਾਲੀਆਂ ਸਕੂਲੀ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਵੀ ਕਿਹਾ ਗਿਆ ਹੈ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਪਿਛਲੇ ਸੈਸ਼ਨ ਦੌਰਾਨ ਸਕੂਲਾਂ ਦੀ ਤਾਲਾਬੰਦੀ ਦੇ ਸਮੇਂ ਵੀ ਆਨਲਾਈਨ ਪੜ੍ਹਾਈ ਜਰੀਏ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਦੀ ਕਾਫ਼ੀ ਹੱਦ ਤੱਕ ਪੂਰਤੀ ਕਰ ਲਈ ਸੀ। ਉਹਨਾਂ ਕਿਹਾ ਕਿ ਸਰਕਾਰੀ ਪਾਬੰਦੀਆਂ ਦੇ ਚੱਲਦਿਆਂ ਅਧਿਆਪਕ ਅਤੇ ਵਿਦਿਆਰਥੀਆਂ ਦਾ ਸਿੱਧਾ ਰਾਬਤਾ ਖਤਮ ਹੋਣ ‘ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਮੁੜ ਤੋਂ ਆਨਲਾਈਨ ਪੜ੍ਹਾਈ ਦਾ ਰੁੱਖ ਕਰਦਿਆਂ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਜ਼ੂਮ ਜਮਾਤਾਂ ਲਗਾਉਣ ਸਮੇਤ ਸਮਾਜਿਕ ਸਹਿਯੋਗ ਨਾਲ ਕੀਤੇ ਜਾ ਸਕਣ ਵਾਲੇ ਹੋਰ ਵਸੀਲਿਆਂ ਜਰੀਏ ਵਿਦਿਆਰਥੀਆਂ ਦੀ ਪ੍ਰੀਖਿਆ ਤਿਆਰੀ ਦਾ ਆਲਮ ਜਾਰੀ ਰੱਖਿਆ ਹੋਇਆ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਕਿਸੇ ਵੀ ਵਿਦਿਆਰਥੀ ਦੀ ਪ੍ਰੀਖਿਆ ਤਿਆਰੀ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਲਈ ਬਾਰਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਮਾਰਟ ਮੋਬਾਈਲ ਫ਼ੋਨ ਮੁਫ਼ਤ ਉਪਲਬਧ ਕਰਵਾਏ ਹੋਏ ਹਨ। ਆਨਲਾਈਨ ਪੜ੍ਹਾਈ ਦੇ ਸਾਧਨ ਤੋਂ ਸੱਖਣੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੱਡੀ ਗਰੁੱਪਾਂ ਅਤੇ ਸਮਾਜ ਦੀ ਮੱਦਦ ਨਾਲ ਆਨਲਾਈਨ ਪੜ੍ਹਾਈ ਨਾਲ ਜੋੜਿਆ ਗਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲਾਂ ਦੇ ਪ੍ਰਿੰਸੀਪਲ ਨਸੀਬ ਸਿੰਘ ਸੈਣੀ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਅਧਿਆਪਕਾਂ ਵੱਲੋਂ ਸਕੂਲ ਸਮੇਂ ਵਾਂਗ ਹੀ ਆਨਲਾਈਨ ਟਾਈਮ ਟੇਬਲ ਬਣਾ ਕੇ ਜ਼ੂਮ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਦੀ ਪ੍ਰਿੰਸੀਪਲ ਰਘੁਬੀਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਪ੍ਰਿੰਸੀਪਲ ਕਮਲਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦੀ ਪ੍ਰਿੰਸੀਪਲ ਭੁਪਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਤਰਪੂਰ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਦੇ ਲੈਕਚਰਾਰ ਸਿਧਾਰਥ ਚੰਦਰ, ਸਸਸਸ ਮੀਰਥਲ ਦੇ ਲੈਕਚਰਾਰ ਸੁਨੀਤਾ ਅੱਤਰੀ ਨੇ ਦੱਸਿਆ ਕਿ ਉਹਨਾਂ ਦੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੀ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp