ਸਰਕਾਰੀ ਸਕੂਲਾਂ ਵਿੱਚੋਂ ਪੜ੍ਹਕੇ ਸਰਕਾਰੀ ਅਧਿਆਪਕ ਬਣਨ ਦਾ ਅਹਿਸਾਸ ਮਾਣਮੱਤਾ- ਨਵ ਨਿਯੁਕਤ ਅਧਿਆਪਕ
ਪਠਾਨਕੋਟ ,22 ਮਾਰਚ (ਰਾਜਿੰਦਰ ਰਾਜਨ BUREAU ) ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦਾ ਅਹਿਸਾਸ ਆਪਣੇ-ਆਪ ਵਿੱਚ ਮਾਣਮੱਤਾ ਅਹਿਸਾਸ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਵਰਿੰਦਰ ਪਰਾਸ਼ਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਦੀ ਅਗਵਾਈ ਹੇਠ ਚਾਰ ਦਿਨਾ ਪ੍ਰਵੇਸ਼ ਸਿਖਲਾਈ ਸੈਮੀਨਾਰ ਲਗਾ ਰਹੇ ਸਾਇੰਸ, ਗਣਿਤ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਨਵ ਨਿਯੁਕਤ ਅਧਿਆਪਕਾਂ ਨੇ ਕੀਤਾ। ਕਈ ਮਾਪਿਆਂ ਦੇ ਮਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਦੀ ਨਵਿਰਤੀ ਲਈ ਇਹਨਾਂ ਨਵ-ਨਿਯੁਕਤ ਅਧਿਆਪਕਾਂ ਦੀ ਪ੍ਰਾਪਤੀ ਕਾਫ਼ੀ ਹੈ।
: ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਰਿੰਦਰ ਪਰਾਸ਼ਰ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਰਿੰਦਰ ਪਰਾਸ਼ਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਸਰਕਾਰੀ ਅਧਿਆਪਕ ਦੀ ਨੌਕਰੀ ਤੱਕ ਪਹੁੰਚਣ ਲਈ ਇਹਨਾਂ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਉਪਰੰਤ ਮਾਸਟਰ ਕਾਡਰ ਦੀ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਗਈ। ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਨ ਉਪਰੰਤ ਇਸ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਵਾਲੇ ਇਹ ਨਵ-ਨਿਯੁਕਤ ਅਧਿਆਪਕ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਆਈ ਤਬਦੀਲੀ ਦੇ ਗਵਾਹ ਹਨ।
ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਅਧਿਆਪਕਾਂ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਅਧਿਆਪਕਾਂ ਸੁਨੇਈਆ ਮਹਾਜਨ, ਵਿਸ਼ਾਲੀ ਮਹਾਜਨ, ਰਵਨੀਤ ਕੌਰ, ਰੁਪਾਲੀ ਦੇਵੀ, ਪੁਨੀਤ ਕੌਰ, ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸਖਤ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਰ ਵਿਸ਼ੇ ਦੇ ਅਧਿਆਪਕ ਵੱਲੋਂ ‘ਰੱਟੇ ਦੀ ਬਜਾਏ ਸਮਝ ਕੇ ਪੜ੍ਹਨ” ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਹਰ ਵਿਸ਼ੇ ਦੀ ਪੜ੍ਹਾਈ ਪ੍ਰੈਕਟੀਕਲ ਪਹੁੰਚ ਨਾਲ ਕਰਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਇਹਨਾਂ ਅਧਿਆਪਕਾਂ ਨੇ ਕਿਹਾ ਕਿ ਸਾਡੀ ਸਕੂਲ ਪੜ੍ਹਾਈ ‘ਤੇ ਸਾਡੇ ਮਾਪਿਆਂ ਦਾ ਕੋਈ ਬਹੁਤਾ ਖਰਚਾ ਨਹੀਂ ਹੋਇਆ। ਬਤੌਰ ਅਧਿਆਪਕ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਫੀਸ ਕਿਸੇ ਵੀ ਸਕੂਲ ਦਾ ਪੈਮਾਨਾ ਨਹੀਂ ਹੋ ਸਕਦੀ। ਜਰੂਰੀ ਨਹੀਂ ਕਿ ਵੱਧ ਫੀਸ ਅਦਾ ਕਰਕੇ ਹੀ ਬੱਚਾ ਵਧੀਆ ਸਿੱਖਿਆ ਹਾਸਿਲ ਕਰੇਗਾ।
ਉਹਨਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ। ਇਸ ਮੌਕੇ ਡੀਐਮ ਸਾਇੰਸ ਸੰਜੀਵ ਸ਼ਰਮਾਂ, ਡੀਐਮ ਅੰਗਰੇਜ਼ੀ ਸ਼ਮੀਰ ਸ਼ਰਮਾਂ, ਡੀਐਮ ਗਣਿਤ ਅਮਿਤ ਵਸ਼ਿਸ਼ਟ, ਸਿੱਖਿਆ ਸੁਧਾਰ ਟੀਮ ਮੈਂਬਰ ਰਮੇਸ਼ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮ ਰਜਿੰਦਰ ਭੰਡਾਰੀ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp