ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਪਠਾਨਕੋਟ ਵਿੱਚ 30 ਅਪ੍ਰੈਲ ਤੱਕ 17 ਜਾਗਰੁਕਤਾ ਕੈਂਪ ਲਗਾਏ ਜਾਣਗੇ :ਡਾ.ਅਮਰੀਕ ਸਿੰਘ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਸਾਉਣੀ ਮੁਹਿੰਮ ਤਹਿਤ ਜਾਗਰੁਕਤਾ ਕੈਂਪ ਲਗਾਉਣ ਸ਼ੁਰੂ।
ਪਠਾਨਕੋਟ: 22 ਮਾਰਚ (ਰਾਜਿੰਦਰ ਸਿੰਘ ਰਾਜਨ ) ਪੰਜਾਬ ਸਰਕਾਰ ਵੱੱਲੋਂ ਘੋਸ਼ਿਤ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ”ਪ੍ਰੋਗਰਾਮ ਦੀ ਕਾਮਯਾਬੀ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਵੱਲੋਂ ਜਾਰੀ ਹੁਕਮਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ 30 ਅਪ੍ਰੈਲ 2021 ਤੱਕ 17 ਕਿਸਾਨ ਜਾਗਰੁਕਤਾ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
ਇਹ ਜਾਣਕਾਰੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸੀ੍ਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਸਾਉਣੀ ਮੁਹਿੰਮ ਤਹਿਤ ਪਿੰਡ ਭੋਆ ਵਿੱਚ ਲਗਾਏ ਕੈਂਪ ਵਿੱਚ ਹਾਜ਼ਰ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ
ਮੁਹਿੰਮ ਦੌਰਾਨ ਹਰੇਕ 10 ਪਿੰਡਾਂ ਦੇ ਸਮੁਹ ਪਿੱਛੇ ਇੱਕ ਜਾਗਰੁਕਤਾ ਕੈਂਪ ਲਗਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀਆਂ ਤਕਨੀਕਾਂ ,ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ, ਮੱਕੀ ਅਤੇ ਗੰਨੇ ਦੀ ਕਾਸਤ ਦੀਆਂ ਨਵੀਨਤਮ ਤਕਨੀਕਾਂ, ਰੇਨ ਗੰਨ ਤਕਨਾਲੋਜੀ, ਸਮੂਹਾਂ ਵਿੱਚ ਸੰਗਠਤ ਹੋ ਕੇ ਖੇਤੀ ਕਰਨ, ਜੈਵਿਕ ਖੇਤੀ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਸ੍ਰੀ ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ ,ਦੇ ਪ੍ਰਬੰਧਾਂ ਹੇਠ ਲਗਾਏ ਜਾਗਰੁਕਤਾ ਕੈਂਪ ਮੌਕੇ ਡਾ. ਅਰਵਿੰਦਰ ਪਾਲ ਸਿੰਘ ਮੁੱਖ ਗੰਨਾ ਵਿਕਾਸ ਅਫਸਰ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ, ਡਾ.ਪਰਮਿੰਦਰ ਕੁਮਾਰ ਖੇਤੀ ਵਿਕਾਸ ਅਫਸਰ(ਗੰਨਾ),ਸ੍ਰੀ ਸੁਭਾਸ਼ ਚੰਦਰ, ਸ੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਕੁਮਾਰ ਖੇਤੀ ਉਪ ਨਿਰੀਖਕ, ਬਲਵਿੰਦਰ ਕੁਮਾਰ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ), ਸਰਪੰਚ ਰਾਜ ਕੁਮਾਰ ਨੀਲੂ ,ਭਗਵਾਨ ਦਾਸ,ਸੋਹਨ ਲਾਲ ਸ਼ਰਮਾ,ਹਰਮਿੰਦਰ ਸਿੰਘ ਸਰਵੇਅਰ,ਨਵੀਨ ਕੁਮਾਰ ਸ਼ਰਮਾ,ਸੁਭਾਸ਼ ਕੁਮਾਰ, ਸਿੰਘ,ਜੀਵਨ ਲਾਲ,ਉੱਤਮ ਚੰਦ ਅਤੇ ਰਘਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਮਹਿਲਾਵਾਂ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ, ਕੋਵਿਡ-19 ਦੇ ਚੱਲਦਿਆਂ ਅਤੇ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ ਮਜ਼ਦੂਰਾਂ ਦੀ ਸੰਭਾਵਤ ਘਾਟ ਦਾ ਇਕ ਬੇਹਤਰ ਬਦਲ ਹੈ।ਉਨਾਂ ਨੇ ਕਿਹਾ ਕਿ ਮਈ ਦੇ ਅਖੀਰ ਵਿਚ ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫਸਲ ਚੰਗਾ ਝਾੜ ਦਿੰਦੀ ਹੈ ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਵਿੱਚ ਹੀ ਕਰਨੀ ਚਾਹੀਦੀ।ਉਨਾਂ ਕਿਹਾ ਕਿ ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿੱਚ ਹੀ ਕਰੋ ਜਿੱਥੇ ਪਿਛਲੇ ਸਾਲਾਂ ਵਿੱਚ ਝੋਨੇ ਦੀ ਲਵਾਈ ਕੀਤੀ ਜਾਂਦੀ ਰਹੀ ਹੋਵੇ।
ਉਨਾਂ ਕਿਹਾ ਕਿ ਸਿੱਧੀ ਬਿਜਾਈ ਲਈ ਘੱਟ ਜਾਂ ਦਰਮਿਆਨਾ ਸਮਾਂ ਲੈਕੇ ਪੱਕਣ ਵਾਲੀਆ ਕਿਸਮਾਂ ਦੀ ਚੋਣ ਕਰੋ ਅਤੇ ਦੋਗਲੀਆਂ ਕਿਸਮਾਂ ਤੋਂ ਗੁਰੇਜ ਕਰਨਾ ਚਾਹੀਦਾ।ਉਨਾਂ ਮੱਕੀ ਦੀ ਕਾਸ਼ਤ ਬਾਰੇ ਕਿਹਾ ਕਿ ਵਧੇਰੇ ਪੈਦਾਵਾਰ ਲੈਣ ਲਈ ਮੱਕੀ ਦੀ ਬਿਜਾਈ ਛੱਟੇ ਦੀ ਬਿਜਾਏ ਖਾਲੀਆਂ ਵਿੱਚ ਕੇਰ ਕੇ ਜਾਂ ਵੱਟਾਂ ਉੱਪਰ ਚੋਗ ਕੇ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਉਪਰੰਤ ਤੂੜੀ ਬਨਾਉਣ ਉਪਰੰਤ ਰਹਿੰਦ ਖੂੰਹਦ ਨੂੰ ਅੱਗ ਨਾਲ ਸਾੜਣ ਦੀ ਬਿਜਾਏ ਖੇਤ ਵਿੱਚ ਹੀ ਤਵੀਆਂ ਨਾਲ ਵਾਹ ਕੇ ਨਸ਼ਟ ਕੀਤਾ ਜਾਵੇ।ਉਨਾਂ ਕਿਹਾ ਕਿ ਭਵਿੱਖ ਦੀਆਂ ਜ਼ਰੂਰਰਤਾਂ ਅਨੁਸਾਰ ਕਣਕ ਦਾ ਬੀਜ ਖੁਦ ਤਿਆਰ ਕਰਨਾ ਚਾਹੀਦਾ।
ਡਾ. ਅਰਵਿੰਦਰ ਪਾਲ ਸਿੰਘ ਕੈਰੋਂ ਨੇ ਕਿਹਾ ਗੁਰਦਾਸਪੁਰ ਖੰਡ ਮਿੱਲ ਦੇ ਅਧਿਕਾਰਤ ਖੇਤਰ ਵਿੱਚ ਤਕ੍ਰੀਬਨ 70 ਲੱਖ ਕੁਇੰਟਲ ਗੰਨਾ ਪੈਦਾ ਹੁੰਦਾ ਹੈ ਪਰ ਮਿੱਲ ਦੀ ਰੋਜ਼ਾਨਾ ਗੰਨਾ ਪੀੜਣ ਦੀ ਸਮਰੱਥਾ ਘੱਟ ਹੋਣ ਕਾਰਨ ਸਾਰਾ ਗੰਨੇ ਦੀ ਪਿੜਾਈ ਕਰਨੀ ਅਸੰਭਵ ਹੋ ਜਾਂਦੀ ਹੈ ਅਤੇ ਮਿੱਲ ਕੋਲ ਆਮਦਨ ਦੇ ਹੋਰ ਸਰੋਤ ਨਾਂ ਹੋਣ ਕਾਰਨ ਗੰਨਾ ਕਾਸਤਕਾਰਾਂ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਹੁੰਦੀ। ਉਨਾਂ ਦੱਸਿਆ ਕਿ ਬਹੁਤ ਜਲਦ ਮਿੱਲ ਦੀ ਗੰਨਾ ਪੀੜਣ ਦੀ ਸਮਰੱਥਾ 5000 ਟੀ ਸੀ ਡੀ ਹੋ ਜਾਵੇਗੀ ਜਿਸ ਨਾਲ ਸਾਰੇ ਗੰਨਾ ਕਾਸ਼ਤਕਾਰਾਂ ਨੂੰ ਮਿੱਲ ਨਾਲ ਜੋੜ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਮਿੱਲ ਵਿੱਚ ਨਵੀਨਤਮ ਮਸ਼ੀਨਰੀ, ਈਥਾਨੋਲ ਅਤੇ ਬਿਜਲੀ ਪੈਦਾ ਕਰਨ ਵਾਲਾ ਯੂਨਿਟ ਲੱਗਣ ਨਾਲ ਕਈ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।
ਉਨਾਂ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਮਿੱਲ ਦੇ ਫੀਲਡ ਸਟਾਫ ਵੱਲੋਂ ਗੰਨੇ ਦੇ ਸਰਵੇ ਦਾ ਕੰਮ ਸ਼ੁਰੂ ਹੋ ਕੀਤਾ ਜਾਵੇਗਾ ਤਾਂ ਜੋ ਮਿੱਲ ਦੇ ਅਧਿਕਾਰ ਖੇਤਰ ਵਿੱਚ ਮੌਜੂਦ ਗੰਨੇ ਦੀ ਫਸਲ ਦਾ ਪਤਾ ਲਗਾਇਆ ਜਾ ਸਕੇ।ਉਨਾਂ ਗੰਨਾ ਕਾਸਤਕਾਰਾਂ ਨੂੰ ਅਪੀਲ ਕੀਤੀ ਕਿ ਸਰਵੇ ਕਰਨ ਸਮੇਂ ਫੀਲਡ ਸਟਾਫ ਨੂੰ ਬੀਜੜ ਅਤੇ ਮੂਢੀ ਗੰਨੇ ਦੀ ਫਸਲ ਬਾਰੇ ਸਹੀ ਜਾਣਕਾਰੀ ਹੀ ਦਿੱਤੀ ਜਾਵੇ।
ਡਾ.ਪਰਮਿੰਦਰ ਕੁਮਾਰ ਨੇ ਗੰਨੇ ਦੀ ਕਾਸਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਕਾਸਤ ਦੀਆ ਨਵੀਨਤਮ ਤਕਨੀਕਾਂ ਅਪਨਾਉਣੀਆ ਚਾਹੀਦੀਆਂ ਹਨ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਵਧੇਰੇ ਪੈਦਾਵਾਰ ਲਈ ਜਾ ਸਕੇ।ਉੱਦਮੀ ਕਿਸਾਨ ਭਗਵਾਨ ਦਾਸ,ਨਵੀਨ ਸ਼ਰਮਾ,ਸੋਹਣ ਲਾਲ ਸ਼ਰਮਾ ਨੇ ਸਟੀਵੀਆ ਦੀ ਕਾਸ਼ਤ,ਪਰਾਲੀ ਦੀ ਸਾਭ ਸੰਭਾਲ ਅਤੇ ਪਸ਼ੂਪਾਲਣ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।ਖੇਤੀ ਉਪ ਨਿਰੀਖਕ ਸ਼੍ਰੀ ਅੰਸ਼ੁਮਨ ਸ਼ਰਮਾ ਨੇ ਸਟੇਜ ਸਕੱਤਰ ਦੇ ਫਰਜ ਬਾਖੂਬੀ ਨਿਭਾਏ।ਅਖੀਰ ਵਿੱਚ ਸਰਪੰਚ ਰਾਜ ਕੁਮਾਰ ਨੀਲੂ ਨੇ ਹਾਜ਼ਰ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਯੰਨਵਾਦ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp