ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ’ਚ ਵੀ ਮੁਫ਼ਤ ਕਰਵਾ ਸਕਦੇ ਹਨ ਕੋਵਿਡ ਦਾ ਇਲਾਜ : ਅਪਨੀਤ ਰਿਆਤ
-ਡਿਪਟੀ ਕਮਿਸ਼ਨਰ ਨੇ ਹਫ਼ਤਾਵਰੀ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੀਤਾ ਸੰਬੋਧਨ
-ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਕਰਵਾਏ ਗਏ ਨਾਈਟ ਕਰਫਿਊ ਅਤੇ ਹੋਰ ਪਾਬੰਦੀਆਂ ਨੂੰ 10 ਅਪ੍ਰੈਲ ਤੱਕ ਵਧਾਉਣ ਦੇ ਦਿੱਤੇ ਨਿਰਦੇਸ਼
-ਹੁਸ਼ਿਆਰਪੁਰ ਦਾ ਵਾਰਡ ਨੰਬਰ 33 ਅਤੇ ਮੁਹੱਲਾ ਪ੍ਰੇਮਗੜ੍ਹ ਮਾਈਕ੍ਰੋ ਕੰਟੇਨਮੈਂਟ ਜ਼ੋਨ ਘੋਸ਼ਿਤ
ਹੁਸ਼ਿਆਰਪੁਰ, 31 ਮਾਰਚ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਆਪਣਾ ਕੋਵਿਡ ਦਾ ਇਲਾਜ ਮੁਫ਼ਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਜਿਨ੍ਹਾਂ ਲਾਭਪਾਤਰੀਆਂ ਦਾ ਆਯੂਸ਼ਮਾਨ ਭਾਰਤ ਦਾ ਕਾਰਡ ਬਣਿਆ ਹੈ, ਉਨ੍ਹਾਂ ਨੂੰ ਇਨ੍ਹਾਂ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਲਈ ਖਰਚੇ ਦੀ ਚਿੰਤਾ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਉਹ ਅੱਜ ਆਪਣੇ ਹਫ਼ਤਾਵਰੀ ਫੇਸਬੁੱਕ ਸੈਸ਼ਨ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਲਗਾਏ ਗਏ ਨਾਈਟ ਕਰਫਿਊ ਤੋਂ ਇਲਾਵਾ ਹੋਰ ਪਾਬੰਦੀਆਂ ਨੂੰ 10 ਅਪ੍ਰੈਲ ਤੱਕ ਵਧਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਨਾਈਟ ਕਰਫਿਊ ਪਹਿਲਾਂ ਦੀ ਤਰ੍ਹਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਅਤੇ ਸਮਾਜਿਕ ਇਕੱਠ ਨੂੰ ਲੈ ਕੇ ਅਤੇ ਹੋਰ ਜੋ ਨਿਰਦੇਸ਼ ਪਹਿਲਾਂ ਦਿੱਤੇ ਗਏ ਸਨ ਉਹ ਨਿਰਦੇਸ਼ 10 ਅਪ੍ਰੈਲ ਤੱਕ ਇਸੇ ਤਰ੍ਹਾਂ ਲਾਗੂ ਰਹੇਗਾ।
ਡਿਪਟੀ ਕਮਿਸ਼ਨਰ ਨੇ ਕੋਵਿਡ ਦੀ ਤਾਜ਼ਾ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਾਰਚ ਨੂੰ ਜ਼ਿਲ੍ਹੇ ਵਿੱਚ 161 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ 9 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੇ ਮੁਤਾਬਕ ਜ਼ਿਲ੍ਹੇ ਵਿੱਚ ਟੈਸਟਿੰਗ ਦੇ ਅਨੁਸਾਰ ਪਾਜ਼ੀਟਿਵ ਮਾਮਲਿਆਂ ਵਿੱਚ ਕੁੱਝ ਕਮੀ ਆਈ ਹੈ, ਜਦਕਿ ਇਕ ਚੰਗੀ ਗੱਲ ਹੈ। ਜ਼ਿਲ੍ਹੇ ਵਿੱਚ ਹੋ ਰਹੀਆਂ ਮੌਤਾਂ ’ਤੇ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਸਿਹਤ ਵਿਭਾਗ ਦੀ ਐਕਸਟਰਟ ਟੀਮ ਨੇ ਵੀ ਵਿਸ਼ਲੇਸ਼ਣ ਕੀਤਾ ਹੈ ਕਿ ਕੋਵਿਡ ਦੇ ਕਾਰਣ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਕਾਰਣ ਮਰੀਜ਼ਾਂ ਦੇ ਹਸਪਤਾਲ ਪਹੁੱਚਣ ਵਿੱਚ ਹੋਈ ਦੇਰੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਮਰੀਜ ਘਰੇਲੂ ਇਕਾਂਤਵਾਸ ਵਿੱਚ ਹੀ ਹੈ ਅਤੇ ਉਸਦੀ ਆਕਸੀਜਨ ਘੱਟ ਹੋਣ ’ਤੇ ਸਿਹਤ ਵਿਭਾਗ ਵਲੋਂ ਮਰੀਜ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਦੇ ਲਈ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਕਿਹਾ ਜਾਂਦਾ ਹੈ ਪਰ ਉਹ ਕਿਸੇ ਕਾਰਣ ਹਸਪਤਾਲ ਵਿੱਚ ਦਾਖਲ ਨਹੀਂ ਕਰਵਾਉਂਦੇ। ਇਸ ਲਈ ਜਦੋਂ ਵੀ ਕੋਰੋਨਾ ਪਾਜ਼ੀਟਿਵ ਮਰੀਜ ਦੀ ਆਕਸੀਜਨ ਵਿੱਚ ਕਮੀ ਆਉਂਦੀ ਹੈ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਬੈਡਾਂ ਦੀ ਗਿਣਤੀ ਦੇ ਨਾਲ-ਨਾਲ ਮਰੀਜ਼ਾਂ ਦੇ ਇਲਾਜ ਦੇ ਲਈ ਸੁਵਿਧਾ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਲ ਦਾ ਪੂਰਾ ਯਤਨ ਹੈ ਕਿ ਕੋਵਿਡ ਮਰੀਜ ਨੂੰ ਇਲਾਜ ਦੇ ਲਈ ਜਲੰਧਰ ਜਾਂ ਨਜ਼ਦੀਕੀ ਜਿਲਿ੍ਹਆਂ ਵਿੱਚ ਨਾ ਜਾਣਾ ਪਵੇ ਅਤੇ ਉਸਨੂੰ ਜ਼ਿਲ੍ਹੇ ਵਿੱਚ ਹੀ ਇਲਾਜ ਸਬੰਧੀ ਸਾਰੀਆਂ ਸੁਵਿਧਾਵਾਂ ਮੁਹੱਈਆ ਹੋ ਸਕਣ। ਇਸ ਲਈ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਵੀ ਆਈਅਪ ਕੀਤਾ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਵਾਰਡ ਨੰਬਰ 33 ਦੇ ਮੁਹੱਲਾ ਪ੍ਰੇਮਗੜ੍ਹ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਡਰਾਈਵ ਬਹੁਤ ਸੁਚਾਰੂ ਢੰਗ ਨਾਲ ਚਲਾਈ ਜਾ ਰਹੀ ਹੈ ਅਤੇ ਰੋਜ਼ਾਨਾ ਕਰੀਬ 8 ਹਜ਼ਾਰ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੱਸ ਸਟੈਂਡ, ਭੀੜ-ਭਾੜ ਵਾਲੇ ਸਥਾਨਾਂ ਵਿੱਚ ਵੀ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਕੋਵਿਡ ਦੀ ਜੰਗ ਨੂੰ ਜਿੱਤਣਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰੀਏ। ਮਾਸਕ ਦਾ ਪ੍ਰਯੋਗ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਸਮੇਂ-ਸਮੇਂ ’ਤੇ ਸਾਬਣ ਅਤੇ ਸੈਨੇਟਾਈਜਰ ਨਾਲ ਹੱਥ ਧੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਸਹੀ ਜਾਣਕਾਰੀ ਹੀ ਅੱਗੇ ਫੈਲਾਈ ਜਾਵੇ ਅਤੇ ਅਫ਼ਵਾਹਾਂ ਤੋਂ ਬਚਿਆ ਜਾਵੇ।
+++++++++++++++++
EDITOR
CANADIAN DOABA TIMES
Email: editor@doabatimes.com
Mob:. 98146-40032 whtsapp