ਬਠਿੰਡਾ : ਭੇਦ ਭਰੇ ਹਾਲਾਤਾਂ ’ਚ ਲਾਪਤਾ ਹੋਏ ਜਲੰਧਰ ਤੋਂ ਛਪਦੇ ਰੋਜਾਨਾ ਪੰਜਾਬੀ ਅਖ਼ਬਾਰ ਅਜੀਤ ਦੇ ਜਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਮਿਲਣ ਉਪਰੰਤ ਬਠਿੰਡਾ ਪੁਲਿਸ ਨੇ ਇਸ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਕੰਵਲਜੀਤ ਸਿੰਘ ਦੇ ਸਿਰ ’ਚ ਡੂੰਘੀ ਸੱਟ ਵੱਜੀ ਹੋਈ ਸੀ ਜੋਕਿ ਪੁਲਿਸ ਨੂੰ ਪੂਰੀ ਤਰਾਂ ਸ਼ੱਕੀ ਜਾਪਿਆ ਸੀ। ਪੁਲਿਸ ਨੇ ਮ੍ਰਿਤਕ ਪੱਤਰਕਾਰ ਦੀ ਜੇਬ ਚੋÎ ਮਿਲੇ ਖੁਦਕਸ਼ੀ ਨੋਟ ਦੇ ਅਧਾਰ ਤੇ ਚਿੱਟੇ ਦੇ ਮਾਮਲੇ ’ਚ ਬਰਖਾਸਤ ਏ ਐਸ ਆਈ ਰਾਜਵਿੰਦਰ ਸਿੰਘ ਸਮੇਤ ਉਸ ਦੇ ਪ੍ਰੀਵਾਰ ਦੇ ਤਿੰਨ ਜੀਆਂ ਖਿਲਾਫ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਹੈ। ਖੁਦਕਸ਼ੀ ਨੋਟ ’ਚ ਕੰਵਲਜੀਤ ਸਿੰਘ ਨੇ ਸਾਬਕਾ ਏ ਐਸ ਆਈ ਰਾਜਵਿੰਦਰ ਸਿੰਘ,ਉਸ ਦੀ ਪਤਨੀ ਕੁਲਦੀਪ ਕੌਰ,ਦੋ ਲੜਕਿਆਂ ਹਰਪ੍ਰੀਤ ਸਿੰਘ ਅਤੇ ਮਾਨ ਸਿੰਘ ਤੇ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।
ਥਾਣਾ ਥਰਮਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਇਆ ਹੈ ਅਤੇ ਪੁਲਿਸ ਨੇ ਮੁਲਜਮ ਏ ਐਸ ਆਈ,ਉਸ ਦੀ ਪਤਨੀ ਅਤੇ ਦੋਵਾਂ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਗੌਰਤਲਬ ਹੈ ਕਿ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਨੂੰ ਬਠਿੰਡਾ ਸਬ ਆਫਿਸ ਤੋਂ ਕਰੀਬ ਢਾਈ ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋਕੇ ਗੋਨਿਆਣਾ ਵੱਲ ਗਏ ਸਨ ਜਿੱਥੇ ਪੈਟਰੋਲ ਪੰਪ ਦੇ ਨਜ਼ਦੀਕ ਕਿਸੇ ਅਣਪਛਾਤੀ ਗੱਡੀ ਨੇ ਫੇਟ ਮਾਰ ਦਿੱਤੀ ਸੀ। ਥਾਣਾ ਥਰਮਲ ਪੁਲਿਸ ਨੇ ਇਸ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਵਲ੍ਹਾਣ ਵਾਸੀ ਸ਼ਾਂਤ ਨਗਰ ਬਠਿੰਡਾ ਦੇ ਬਿਆਨਾ ਦੇ ਅਧਾਰ ਤੇ ਅਣਪਛਾਤਿਆਂ ਖਿਲਾਫ ਧਾਰਾ 365 ਤਹਿਤ ਮੁਕੱਦਮਾ ਦਰਜ ਕੀਤਾ ਸੀ। ਅੰਮ੍ਰਿਤਪਾਲ ਸਿੰਘ ਵਲ੍ਹਾਣ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਸ਼ਨੀਵਾਰ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕੰਵਲਜੀਤ ਸਿੰਘ ਦਾ ਹਾਦਸਾ ਹੋ ਜਾਣ ਬਾਰੇ ਜਾਣਕਾਰੀ ਦਿੱਤੀ ਸੀ।
ਜਦੋਂ ਉਹ ਹਾਦਸੇ ਵਾਲੀ ਥਾਂ ਤੇ ਪਹੁੰਚੇ ਤਾਂ ਕੰਵਲਜੀਤ ਦਾ ਮੋਟਰਸਾਈਕਲ ਲਾਵਾਰਿਸ ਖਲੋਤਾ ਮਿਲ ਗਿਆ ਪਰ ਉਹ ਖੁਦ ਉੱਥੇ ਨਹੀਂ ਸੀ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੌਮੀ ਖਾਦ ਕਾਰਖਾਨੇ ਦੇ ਨਜ਼ਦੀਕ ਪੈਂਦੇ ਪੈਟਰੋਲ ਪੰਪ ਲਾਗੇ ਕੰਵਲਜੀਤ ਨੂੰ ਜਖਮੀ ਹਾਲਤ ’ਚ ਦੇਖਿਆ ਗਿਆ ਜਿੱਥੋਂ ਉਹ ਆਪਣੇ ਮੋਟਰਸਾਈਕਲ ਤੇ ਬਠਿੰਡਾ ਵੱਲ ਚਲਾ ਗਿਆ ਸੀ।
ਪ੍ਰੀਵਾਰ ,ਪੁਲਿਸ ਅਤੇ ਸਾਥੀ ਪੱਤਰਕਾਰਾਂ ਨੇ ਕੰਵਲਜੀਤ ਸਿੰਘ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਪਰ ਕੋਈ ਥਹੁ ਪਤਾ ਨਾਂ ਲੱਗ ਸਕਿਆ ਸੀ। ਇਸੇ ਦੌਰਾਨ ਕੰਵਲਜੀਤ ਸਿੰਘ ਦੀ ਤਲਾਸ਼ ਕਰਦਿਆਂ ਅੱਜ ਉਸ ਦੀ ਲਾਸ਼ ਐਨਐਫਐਲ ਦੀਆਂ ਝੀਲਾਂ ’ਚ ਪਈ ਹੋਣ ਬਾਰੇ ਜਾਣਕਾਰੀ ਮਿਲਦਿਆਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਲਾਸ਼ ਨੂੰ ਬਾਹਰ ਕੱਢਿਆ ਸੀ। ਉਸ ਤੋਂ ਬਾਅਦ ਪੁਲਿਸ ਪੜਤਾਲ ਦੌਰਾਨ ਇਹ ਨਵੇਂ ਤੱਥ ਉੱਭਰੇ ਹਨ ਜਿੰਨ੍ਹਾਂ ਦੇ ਅਧਾਰ ਤੇ ਬਠਿੰਡਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।
ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਦੀ ਜੇਬ ਚੋਂ ਮਿਲੇ ਖੁਦਕਸ਼ੀ ਨੋਟ ਦੇ ਅਧਾਰ ਤੇ ਸਾਬਕਾ ਏ ਐਸ ਆਈ ਰਾਜਵਿੰਦਰ ਸਿੰਘ,ਉਸ ਦੀ ਪਤਨੀ ਕੁਲਦੀਪ ਕੌਰ,ਦੋ ਲੜਕਿਆਂ ਹਰਪ੍ਰੀਤ ਸਿੰਘ ਅਤੇ ਮਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp