ਕੋਵਿਡ-19:ਜਿਲਾ ਮੈਜਿਸਟ੍ਰੇਟ ਵਲੋਂ 15 ਮਈ ਤਕ ਹੋਰ ਪਾਬੰਦੀਆਂ ਦੇ ਹੁਕਮ ਜਾਰੀ
ਗੈਰ-ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਰਹਿਣਗੀਆਂ ਬੰਦ, ਜਰੂਰੀ ਦੁਕਾਨਾਂ ’ਚ ਦਵਾਈਆਂ, ਦੁੱਧ, ਸਬਜੀਆਂ, ਫਲ, ਡੇਅਰੀ, ਪੋਲਟਰੀ ਪ੍ਰੋਡਕਟ, ਮੀਟ, ਮੋਬਾਈਲ ਰਿਪੇਅਰ ਆਦਿ ਦੁਕਾਨਾਂ ਨੂੰ ਛੋਟ
72 ਘੰਟਿਆਂ ਤਕ ਦੀ ਨੈਗੇਟਿਵ ਰਿਪੋਰਟ ਜਾਂ 2 ਹਫਤੇ ਪੁਰਾਣੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੇ ਸਰਟੀਫਿਕੇਟ ਨਾਲ ਹੋਵੇਗੀ ਜਿਲੇ ਵਿਚ ਐਂਟਰੀ
ਸਾਰੇ ਸਰਕਾਰੀ ਦਫਤਰ ਅਤੇ ਬੈਂਕਾਂ 50 ਫੀਸਦੀ ਸਟਾਫ ਨਾਲ ਕਰਨਗੀਆਂ ਕੰਮ
4 ਪਹੀਆ ਸਵਾਰੀ ਵਾਹਨਾਂ ਵਿਚ 2 ਤੋਂ ਵੱਧ ਸਵਾਰੀਆਂ ਨੂੰ ਇਜਾਜ਼ਤ ਨਹੀਂ, ਮਰੀਜਾਂ ਨੂੰ ਲਿਜਾ ਰਹੇ ਵ੍ਹੀਕਲਾਂ ਨੂੰ ਛੋਟ
ਸਕੂਟਰ ਤੇ ਮੋਟਰਸਾਇਕਲ ਦੇ ਪਿਛੇ ਕੋਈ ਸਵਾਰੀ ਨਹੀਂ ਬੈਠੇਗੀ ਸਿਰਫ ਇਕੋ ਪਰਿਵਾਰ ਨਾਲ ਸਬੰਧਤ ਜਾਂ ਇਕੋ ਘਰ ਵਿਚ ਰਹਿਣ ਵਾਲੇ 2 ਵਿਅਕਤੀ ਹੀ ਇਕੱਠੇ ਜਾ ਸਕਣਗੇ
ਵਿਆਹਾਂ, ਸੰਸਕਾਰਾਂ ਆਦਿ ’ਤੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਮਨਾਹੀ
ਪਿੰਡਾਂ ’ਚ ਠੀਕਰੀ ਪਹਿਰਿਆਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
ਰੋਜਾਨਾਂ ਸ਼ਾਮ 6 ਵਜੇ ਬੰਦ ਹੋਣਗੇ ਧਾਰਮਿਕ ਅਸਥਾਨ
ਹੁਸ਼ਿਆਰਪੁਰ, 02 ਮਈ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਲਗਾਤਾਰਤਾ ਵਿਚ ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਐਤਵਾਰ ਸ਼ਾਮ ਨੂੰ ਪਹਿਲਾਂ ਤੋਂ ਜਾਰੀ ਹਦਾਇਤਾਂ/ਪਾਬੰਦੀਆਂ ਦੇ ਨਾਲ-ਨਾਲ 15 ਮਈ ਤਕ ਹੋਰ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।
ਜਿਲਾ ਮੈਜਿਸਟ੍ਰੇਟ ਅਪਨੀਤ ਰਿਆਤ ਵਲੋਂ ਜਾਰੀ ਹੁਕਮਾਂ ਅਨੁਸਾਰ ਗੈਰ ਜਰੂਰੀ ਵਸਤਾਂ ਦੀ ਵਿਕਰੀ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਜਦਕਿ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਹੈ। ਜਰੂਰੀ ਵਸਤਾਂ ਵਿਚ ਦੁਕਾਨਾਂ ਜਿਹੜੀਆਂ ਜਰੂਰੀ ਚੀਜਾਂ ਦੀ ਸਪਲਾਈ ਕਰਦੀਆਂ ਹਨ, ਦੁੱਧ, ਬਰੈਡ, ਸਬਜੀਆਂ, ਫਲ, ਡੇਅਰੀ, ਪੋਲਟਰੀ ਪ੍ਰੋਡਕਟ ਜਿਵੇਂ ਕਿ ਆਂਡੇ, ਮੀਟ ਅਤੇ ਮੋਬਾਈਲ ਰਿਪੇਅਰ ਆਦਿ ਦੀਆਂ ਦੁਕਾਨਾਂ ਸ਼ਾਮਲ ਹਨ।
ਹੁਕਮਾਂ ਅਨੁਸਾਰ ਲੈਬਾਰਟਰੀਆਂ, ਨਰਸਿੰਗ ਹੋਮਸ ਅਤੇ ਹੋਰ ਸਾਰੀਆਂ ਮੈਡੀਕਲ ਨਾਲ ਸਬੰਧਤ ਅਦਾਰਿਆਂ ਨੂੰ ਖੋਲ੍ਹਣ ਦੀ ਛੋਟ ਹੈ।
ਇਸੇ ਤਰਾਂ ਜਿਲੇ ਵਿਚ ਹਵਾਈ ਸਫਰ, ਰੇਲ ਜਾਂ ਸੜਕ ਰਾਹੀਂ ਆਉਣ ਵਾਲੇ ਲੋਕਾਂ ਨੂੰ ਘਟੋ-ਘਟ 72 ਘੰਟੇ ਪਹਿਲਾਂ ਤਕ ਦੀ ਕੋਵਿਡ ਦੀ ਨੈਗੇਟਿਵ ਰਿਪੋਰਟ ਜਾਂ 2 ਹਫਤੇ ਦੇ ਵਿਚ-ਵਿਚ ਲਗਵਾਈ ਕੋਵਿਡ ਦੀ ਪਹਿਲੀ ਡੋਜ਼ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਜਿਲੇ ਵਿਚ ਪ੍ਰਵੇਸ਼ ’ਤੇ ਪਾਬੰਦੀ ਹੈ।
ਉਨ੍ਹਾਂ ਦਫਤਰਾਂ ਨੂੰ ਛੱਡ ਕੇ ਜਿਨਾਂ ਦੇ ਕਰਮਚਾਰੀ ਕੋਵਿਡ ਪ੍ਰਬੰਧਨ ਵਿਚ ਜੁਟੇ ਹੋਏ ਹਨ ਬਾਕੀ ਸਾਰੇ ਸਰਕਾਰੀ ਦਫਤਰਾਂ ਦੇ ਨਾਲ-ਨਾਲ ਬੈਂਕਾਂ ਵਿਚ 50 ਫੀਸਦੀ ਸਟਾਫ ਦੀ ਸਮਰੱਥਾ ਨਾਲ ਕੰਮ ਚਲਾਇਆ ਜਾਵੇਗਾ। ਜਿਲਾ ਪ੍ਰਸ਼ਾਸਨ ਨੂੰ ਅਧਿਕਾਰਤ ਕੀਤਾ ਗਿਆ ਹੈ ਕਿ ਕੋਵਿਡ ਪ੍ਰਬੰਧਨ ਜਾਂ ਇਸ ਨਾਲ ਸਬੰਧਤ ਡਿਊਟੀਆਂ ਲਈ ਉਹ ਕਿਸੇ ਵੀ ਕਰਮਚਾਰੀ ਦੀਆਂ ਸੇਵਾਵਾਂ ਲੈ ਸਕਦੇ ਹਨ।
ਸਵਾਰੀਆਂ ਵਾਲੇ ਸਾਰੇ 4 ਪਹੀਆ ਵਾਹਨਾਂ ਜਿਵੇਂ ਕਿ ਕਾਰਾਂ ਅਤੇ ਟੈਕਸੀਆਂ ਵਿਚ 2 ਤੋਂ ਵੱਧ ਸਵਾਰੀਆਂ ਬਿਠਾਉਣ ਦੀ ਮਨਾਹੀ ਹੈ, ਜਦਕਿ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਲਿਜਾ ਰਹੇ ਵਾਹਨਾਂ ਨੂੰ ਛੋਟ ਹੈ। ਸਕੂਟਰ ਮੋਟਰਸਾਇਕਲ ’ਤੇ ਪਿਛਲੀ ਸੀਟ ’ਤੇ ਕੋਈ ਨਹੀਂ ਬੈਠੇਗਾ ਜਦਕਿ ਇਕੋ ਪਰਿਵਾਰ ਨਾਲ ਸਬੰਧਤ ਜਾਂ ਇਕੋ ਮਕਾਨ ਵਿਚ ਰਹਿਣ ਵਾਲਿਆਂ ਨੂੰ ਇਸ ਪਾਬੰਦੀ ਤੋਂ ਛੋਟ ਰਹੇਗੀ।
ਵਿਆਹਾਂ, ਸਸਕਾਰਾਂ ਆਦਿ ਮੌਕੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ֹ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਪਿੰਡਾਂ ਵਿਚ ਠੀਕਰੀ ਪਹਿਰਿਆਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਨਾਈਟ ਕਰਫਿਊ ਅਤੇ ਹਫਤਾਵਰੀ ਕਰਫਿਊ ਦੀ ਮੁਕੰਮਲ ਪਾਲਣਾ ਕੀਤੀ ਜਾ ਸਕੇ।
ਸਬਜੀ ਮੰਡੀਆਂ ਵਿਚ ਜਿਹੜੀਆਂ ਕਿ ਫਲ ਅਤੇ ਸਬਜੀਆਂ ਦੇ ਥੋਕ ਵਿਕਰੇਤਾਵਾਂ ਲਈ ਖੁੱਲੀਆਂ ਰਹਿਣਗੀਆਂ ਵਿਖੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਤੌਰ ’ਤੇ ਧਿਆਨ ਰੱਖਿਆ ਜਾਵੇਗਾ। ਇਸੇ ਤਰਾਂ ਕਿਸਾਨ ਯੂਨੀਅਨਾਂ ਅਤੇ ਧਾਰਮਿਕ ਆਗੂਆਂ ਨੂੰ ਇਕੱਠ ਨਾ ਕਰਨ ਦੀ ਅਪੀਲ ਦੇ ਨਾਲ-ਨਾਲ ਟੋਲ ਪਲਾਜ਼ਿਆਂ, ਪੈਟਰੋਲ ਪੰਪਾਂ, ਮਾਲਜ਼ ਆਦਿ ਵਿਖੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਿਹਾ ਗਿਆ ਹੈ।
ਜਾਰੀ ਹੁਕਮਾਂ ਅਨੁਸਾਰ ਧਾਰਮਿਕ ਸਥਾਨ ਰੋਜ਼ਾਨਾ ਸ਼ਾਮ 6 ਵਜੇ ਬੰਦ ਕੀਤੇ ਜਾਣਗੇ ਅਤੇ ਗੁਰੂਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਚਰਚਾਂ ਵਿਚ ਵਾਧੂ ਭੀੜ ’ਤੇ ਮਨਾਹੀ ਰਹੇਗੀ।
ਜਿਲਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਆਕਸੀਜਨ ਸਿਲੰਡਰਾਂ ਦੀ ਜਮਾਂਖੋਰੀ ਆਦਿ ਕਰਨ ਵਾਲਿਆਂ ਖਿਲਾਫ ਜਿਲਾ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸੜਕਾਂ ਅਤੇ ਗਲੀਆਂ ਵਿਚ ਸਮਾਨ ਵੇਚਣ ਵਾਲੇ ਜਿਵੇਂ ਕਿ ਰੇਹੜੀ ਵਾਲੇ ਆਦਿ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕੀਤੇ ਜਾਣਗੇ।
ਜਿਲਾ ਮੈਜਿਸਟ੍ਰੇਟ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਪਹਿਲਾਂ ਵਾਲੀਆਂ ਪਾਬੰਦੀਆਂ ਦੇ ਨਾਲ-ਨਾਲ ਨਵੀਆਂ ਪਾਬੰਦੀਆਂ ਦੀ ਵੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp