ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰੋ, ਘਰ ਰਹੋ-ਸੁਰੱਖਿਅਤ ਰਹੋ : ਐਸ.ਐਸ.ਪੀ. ਨਵਜੋਤ ਸਿੰਘ ਮਾਹਲ
ਕੋਰੋਨਾ ਕਾਰਨ ਪੈਦਾ ਹੋਏ ਸਿਹਤ ਸੰਕਟ ਤੋਂ ਬਚਣ ਲਈ ਲੋਕ ਨਵੀਂਆਂ ਹਦਾਇਤਾਂ ਦੀ ਪਾਲਣਾ ’ਚ ਲਾਪ੍ਰਵਾਹੀ ਨਾ ਕਰਨ
ਹਫਤਾਵਰੀ ਲਾਕਡਾਊਨ ਅਤੇ ਨਾਈਟ ਕਰਫਿਊ ਦੀ ਉਲੰਘਣਾ ਦੇ 46 ਮਾਮਲੇ ਦਰਜ
ਹੁਸ਼ਿਆਰਪੁਰ, 3 ਮਈ: ਕੋਰੋਨਾ ਵਾਇਰਸ ਕਾਰਨ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਸਿਹਤ ਸੰਕਟ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਸਿਹਤ ਸਲਾਹਕਾਰੀਆਂ ਦੀ ਪੂਰਨ ਪਾਲਣਾ ਕਰਦਿਆਂ ਬਿਨਾਂ ਜ਼ਰੂਰੀ ਕੰਮ ਤੋਂ ਆਵਾਜਾਈ ਤੋਂ ਗੁਰੇਜ਼ ਕਰਨ ਅਤੇ ਆਪੋ-ਆਪਣੇ ਘਰਾਂ ’ਚ ਸੁਰੱਖਿਅਤ ਰਹਿਣ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਮੌਜੂਦਾ ਸੰਕਟ ਪ੍ਰਤੀ ਸਾਰਿਆਂ ਨੂੰ ਪੂਰੀ ਗੰਭੀਰਤਾ ਦਿਖਾਉਂਦਿਆਂ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਕੋਵਿਡ ਸਬੰਧੀ ਜਾਰੀ ਹਦਾਇਤਾਂ ਨੂੰ ਅਪਨਾਉਣ ’ਚ ਰਤਾ ਵੀ ਲਾਪ੍ਰਵਾਹੀ ਨਹੀਂ ਅਪਨਾਉਣੀ ਚਾਹੀਦੀ ਤਾਂ ਜੋ ਕੀਮਤੀ ਜਾਨਾਂ ਨੂੰ ਸਮੇਂ ਸਿਰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਜਿਸ ’ਤੇ ਲੋਕਾਂ ਦੇ ਸਹਿਯੋਗ ਨਾਲ ਫਤਿਹ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਘਰ ਰਹਿਣ-ਸੁਰੱਖਿਅਤ ਰਹਿਣ ਅਤੇ ਸਰਕਾਰੀ ਹਦਾਇਤਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ’ਚ ਬਿਨਾਂ ਦੇਰੀ ਲਾਗੂ ਕਰਨ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਖੇਤਰਾਂ ਵਿੱਚ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਫਤਾਵਰੀ ਲਾਕਡਾਊਨ ਅਤੇ ਕਰਫਿਊ ਦੌਰਾਨ ਸ਼ਨੀਵਾਰ ਤੇ ਐਤਵਾਰ ਨੂੰ ਪੁਲਿਸ ਵਲੋਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੇ 46 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਲੋਕਾਂ ਨੂੰ ਬਿਨਾਂ ਵਜ੍ਹਾ ਘਰੋਂ ਬਾਹਰ ਨਿਕਲਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਚੇਨ ਨੂੰ ਅਸਰਦਾਰ ਢੰਗ ਨਾਲ ਤੋੜ ਕੇ ਇਸ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।
ਐਸ.ਐਸ.ਪੀ. ਨੇ ਦੱਸਿਆ ਕਿ ਸਾਰੀਆਂ ਗੈਰ-ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਜਿਵੇਂ ਸੈਲੂਨ, ਜਿਓਲਰੀ ਦੀਆਂ ਦੁਕਾਨਾਂ, ਕੱਪੜਿਆਂ ਦੇ ਸਟੋਰ, ਕਾਸਮੈਟਿਕ ਦੀਆਂ ਦੁਕਾਨਾਂ ਆਦਿ 15 ਮਈ ਤੱਕ ਮੁਕੰਮਲ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਨ੍ਹਾਂ ’ਚ ਦੁੱਧ, ਬਰੈਡ, ਸਬਜ਼ੀਆਂ, ਫ਼ਲ, ਡੇਅਰੀ, ਪੋਲਟਰੀ, ਦਵਾਈਆਂ ਦੀਆਂ ਦੁਕਾਨਾਂ, ਲੈਬਾਰਟਰੀਆਂ ਆਦਿ ਖੁੱਲ੍ਹੀਆਂ ਰਹਿਣਗੀਆਂ। ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਹੈ ਜਿਸ ਦੀ ਉਲੰਘਣਾ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੋਟਲਾਂ, ਰੈਸਟੋਰੈਂਟਾਂ ਵਿੱਚ ਖਾਣ-ਪੀਣ ’ਤੇ ਮਨਾਹੀ ਹੈ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਪੂਰਨ ਲਾਕਡਾਊਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰ ਪਹੀਆ ਵਾਲੇ ਸਵਾਰੀ ਵਾਹਨਾਂ ਵਿੱਚ 2 ਸਵਾਰੀਆਂ ਨੂੰ ਹੀ ਮਨਜ਼ੂਰੀ ਹੈ। ਪਿੰਡਾਂ ਵਿੱਚ ਠੀਕਰੀ ਪਹਿਰੇ ਮੁੜ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪੇਂਡੂ ਖੇਤਰਾਂ ਵਿੱਚ ਇਸ ਵਾਇਰਸ ਦੇ ਹੋਰ ਪ੍ਰਸਾਰ ਨੂੰ ਠੱਲਿ੍ਹਆ ਜਾ ਸਕੇ।
ਨਵਜੋਤ ਸਿੰਘ ਮਾਹਲ ਨੇ ਧਾਰਮਿਕ ਥਾਵਾਂ ’ਤੇ ਵਾਧੂ ਭੀੜ ਨਾ ਇਕੱਠੀ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 6 ਵਜੇ ਧਾਰਮਿਕ ਸਥਾਨ ਬੰਦ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਵੱਡੀਆਂ ਸਬਜੀਆਂ ਮੰਡੀਆਂ ਵਿੱਚ ਜਾਣ ਦੀ ਬਜਾਏ ਰੇਹੜੀ ਵਾਲਿਆਂ ਤੋਂ ਸਬਜੀ ਖਰੀਦਣ ਨੂੰ ਤਰਜ਼ੀਹ ਦੇਣ ਕਿਉਂਕਿ ਭੀੜ ਵਾਲੀ ਥਾਂ ’ਤੇ ਵਾਇਰਸ ਦਾ ਵਾਧੂ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਵੀ ਵਿਅਕਤੀ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ ਚਾਹੁੰਦੀ ਪਰ ਲੋਕਾਂ ਨੂੰ ਸਮੇਂ ਦੀ ਨਜ਼ਾਕਤ ਸਮਝਦਿਆਂ ਸਰਕਾਰੀ ਹਦਾਇਤਾਂ ’ਤੇ ਪੂਰਾ ਅਮਲ ਕਰਨਾ ਚਾਹੀਦਾ ਹੈ।
ਕੈਪਸ਼ਨ:– ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਐਤਵਾਰ ਨੂੰ ਹੁਸ਼ਿਆਰਪੁਰ ’ਚ ਸਰਕਾਰੀ ਕਾਲਜ ਚੌਕ ਨੇੜੇ ਚੈਕਿੰਗ ਦੌਰਾਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp