UPDATED: ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ’ਚ ਵਾਧੂ ਪਾਬੰਦੀਆਂ ਤੇ ਛੋਟ ਦੇ ਹੁਕਮ ਜਾਰੀ, ਸਾਰੀਆਂ ਵਿਦਿਅਕ ਸੰਸਥਾਵਾਂ, ਸਕੂਲ ਤੇ ਕਾਲਜ ਬੰਦ ਰਹਿਣਗੇ ਜਦਕਿ ਸਰਕਾਰੀ ਸਕੂਲਾਂ ਦਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਘਰ ਤੋਂ ਕੰਮ ਕਰੇਗਾ

ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ’ਚ ਵਾਧੂ ਪਾਬੰਦੀਆਂ ਤੇ ਛੋਟ ਦੇ ਹੁਕਮ ਜਾਰੀ
ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਦੁੱਧ, ਸਬਜੀਆਂ ਤੇ ਫ਼ਲ, ਡੇਅਰੀ ਤੇ ਪੋਲਟਰੀ ਉਤਪਾਦ, ਕਰਿਆਨਾ ਤੇ ਬ੍ਰੈਡ, ਬੀਜ ਤੇ ਖਾਦ, ਨਿਰਮਾਣ ਕੰਮਾਂ ਨਾਲ ਜੁੜੀਆਂ ਦੁਕਾਨਾਂ, ਉਪਕਰਨਾਂ, ਸੀਮੈਂਟ ਦੀਆਂ ਦੁਕਾਨਾਂ
ਦੁੱਧ ਤੇ ਸਬਜੀ ਵੇਚਣ ਵਾਲਿਆਂ ਨੂੰ ਕਰਫਿਊ ਪਾਸ ਤੇ ਪਹਿਚਾਨ ਪੱਤਰ ਦੀ ਜ਼ਰੂਰਤ ਨਹੀਂ
ਹਫ਼ਤੇ ਦੇ ਸੱਤ ਦਿਨ ਸਾਰੀਆਂ ਮੈਨੁਫੈਕਚਰਿੰਗ ਇੰਡਸਟਰੀਜ਼ ਯੂਨਿਟਸ, ਪੈਟਰੋਲ ਤੇ ਡੀਜ਼ਲ ਪੰਪ, ਐਲ.ਪੀ.ਜੀ. ਡਿਸਟ੍ਰੀਬਿਊਟਰ, ਕੈਮਿਸਟ ਸ਼ਾਪ, ਹਸਪਤਾਲਾਂ, ਮੈਡੀਕਲ ਲੈਬਾਰਟਰੀ, ਮੈਡੀਕਲ ਸਕੈਨ ਸੈਂਟਰ, ਵੈਟਨਰੀ ਡਿਸਪੈਂਸਰੀ, ਵੈਟਨਰੀ ਮੈਡੀਕਲ ਸਟੋਰ, ਸਾਰੇ ਵੈਕਸੀਨੇਸ਼ਨ ਕੈਂਪਾਂ ਨੂੰ ਰਹੇਗੀ ਛੋਟ
ਹੁਸ਼ਿਆਰਪੁਰ, 3 ਮਈ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਆਦੇਸ਼ਾਂ ਤਹਿਤ 15 ਮਈ ਤੱਕ ਜ਼ਿਲ੍ਹੇ ਵਿੱਚ ਵਾਧੂ ਪਾਬੰਦੀਆਂ ਅਤੇ ਛੋਟ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਉਨ੍ਹਾਂ ਜ਼ਰੂਰੀ ਵਸਤੂਆਂ ਦੀ ਕੈਟਾਗਰੀ ਵਿੱਚ ਕੁਝ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਜਿਥੇ ਸੋਮਵਾਰ ਤੋਂ ਸ਼ੁਕਰਵਾਰ ਖੁੱਲ੍ਹਣ ਵਾਲੀਆਂ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਦਾ ਸਮਾਂ ਨਿਰਧਾਰਤ ਕੀਤਾ ਹੈ, ਉਥੇ ਹਫ਼ਤੇ ਦੇ ਸੱਤ ਦਿਨ ਜਿਨ੍ਹਾਂ ਸੰਸਥਾਵਾਂ ਅਤੇ ਗਤੀਵਿਧੀਆਂ ਨੂੰ ਛੋਟ ਦਿੱਤੀ ਹੈ, ਉਸ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਰ ਜ਼ਰੂਰੀ ਵਸਤੂਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਕੇਵਲ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਜਿਵੇਂ ਦੁੱਧ, ਸਬਜੀਆਂ, ਫ਼ਲ, ਡੇਅਰੀ ਤੇ ਪੋਲਟਰੀ ਉਤਪਾਦ, ਕਰਿਆਨਾ ਤੇ ਬ੍ਰੈਡ, ਖੇਤੀ ਉਤਪਾਦ ਜਿਵੇਂ ਬੀਜ ਤੇ ਖਾਦ, ਨਿਰਮਾਣ ਕੰਮਾਂ ਨਾਲ ਜੁੜੀਆਂ ਦੁਕਾਨਾਂ, ਉਪਕਰਨ, ਸੀਮੈਂਟ ਦੀਆਂ ਦੁਕਾਨਾਂ ਤੇ ਇਨ੍ਹਾਂ ਦੀ ਲੋਡਿੰਗ ਤੇ ਅਨਲੋਡਿੰਗ ਨੂੰ ਸੋਮਵਾਰ ਤੋਂ ਸ਼ੁਕਰਵਾਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੋਮ ਡਿਲਿਵਰੀ ਨੂੰ ਉਤਸ਼ਾਹਿਤ ਕੀਤਾ ਜਾਵੇ, ਇਸ ਤੋਂ ਇਲਾਵਾ ਜੇਕਰ ਕਿਸੇ ਦੁਕਾਨ ਵਿੱਚ ਜ਼ਰੂਰਤ ਤੋਂ ਵੱਧ ਭੀੜ ਹੋਈ ਜਾਂ ਕੋਵਿਡ ਨਿਯਮਾਂ ਦੀ ਉਲੰਘਣਾ ਹੋਈ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਮ ਡਿਲਿਵਰੀ ਕਰਨ ਵਾਲੇ ਕੋਲ ਇੰਪਲਾਇਰ ਵਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ, ਜਿਸ ਨੂੰ ਕਰਫਿਊ ਪਾਸ ਮੰਨਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਆਪਣੇ ਵਾਹਨਾਂ ਤੇ ਰੇਹੜੀਆਂ ’ਤੇ ਘਰ-ਘਰ ਜਾ ਕੇ ਦੁੱਧ ਤੇ ਸਬਜੀ-ਫ਼ਲ ਵੇਚਣ ਵਾਲਿਆਂ ਲਈ ਕਰਫਿਊ ਪਾਸ ਤੇ ਪਹਿਚਾਣ ਪੱਤਰ ਦੀ ਜ਼ਰੂਰਤ ਨਹੀਂ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਟੈਲੀਕਾਮ ਓਪਰੇਟਰ ਤੇ ਮੋਬਾਇਲ ਰਿਪੇਅਰ, ਇਲੈਕਟ੍ਰੀਕਲ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ 11 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਆਟੋਮੋਬਾਇਲ ਰਿਪੇਅਰ ਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ, ਈ-ਕਾਮਰਸ ਤਹਿਤ ਹੋਮ ਡਿਲਿਵਰੀ ਸਵੇਰੇ 9 ਵਜੇ ਤੋਂ ਰਾਤ 9 ਵਜੇ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕਿਹਾ ਕਿ ਹਫਤੇ ਦੇ ਸੱਤ ਦਿਨ ਅਤੇ 24 ਘੰਟੇ ਕੁਝ ਜ਼ਰੂਰੀ ਸੰਸਥਾਵਾਂ ਖੋਲ੍ਹਣ ਅਤੇ ਗਤੀਵਿਧੀਆਂ ਨੂੰ ਮਨਜੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਜ਼ਿਲ੍ਹੇ ਦੀਆਂ ਸਾਰੀਆਂ ਮੈਨੁਫੈਕਚਰਿੰਗ ਇੰਡਸਟਰੀਜ ਯੂਨਿਟਸ (ਜਿਥੇ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਲੇਬਰ ਦੇ ਪਾਸ ਇੰਡਸਟਰੀ ਵਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਕਰਫਿਊ ਪਾਸ ਮੰਨਿਆ ਜਾਵੇਗਾ), ਪੈਟਰੋਲ ਤੇ ਡੀਜ਼ਲ ਪੰਪ, ਐਲ.ਪੀ.ਜੀ. ਡਿਸਟ੍ਰੀਬਿਊਟਰ, ਕੈਮਿਸਟ ਸ਼ਾਪ, ਸਾਰੇ ਹਸਪਤਾਲ, ਮੈਡੀਕਲ ਲੈਬਾਰਟਰੀ, ਮੈਡੀਕਲ ਸਕੈਨ ਸੈਂਟਰ, ਵੈਟਨਰੀ ਡਿਸਪੈਂਸਰੀ, ਵੈਟਨਰੀ ਮੈਡੀਕਲ ਸਟੋਰ, ਸਾਰੇ ਵੈਕਸੀਨੇਸ਼ਨ ਕੈਂਪਾਂ ਨੂੰ ਛੋਟ ਰਹੇਗੀ। ਇਸ ਤੋਂ ਇਲਾਵਾ ਬਾਗਬਾਨੀ, ਪਸ਼ੂ ਪਾਲਣ, ਪੋਲਟਰੀ ਉਤਪਾਦ, ਬੀਜ, ਤੇਲ, ਚੀਨੀ, ਅਨਾਜ ਦੀਆਂ ਸਾਰੀਆਂ ਹੋਲਸੇਲ ਮੂਵਮੈਂਟ ਟਰਾਂਸਪੋਰਟ ਰਾਹੀਂ ਲੋਡਿੰਗ ਤੇ ਅਪਲੋਡਿੰਗ ਦੀ ਛੋਟ ਰਹੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸੱਤ ਦਿਨ ਛੋਟ ਵਿੱਚ ਮੰਡੀਆਂ ਵਿੱਚ ਕਣਕ ਦੀ ਖਰੀਦ ਵੀ ਸ਼ਾਮਲ ਹੈ ਅਤੇ ਇਸ ਦੌਰਾਨ ਮੰਡੀ ਦੀ ਲੇਬਰ ਨੂੰ ਅਧਿਕਾਰਤ ਅਥਾਰਟੀ ਵਲੋਂ ਜਾਰੀ ਪਹਿਚਾਣ ਪੱਤਰ ਕਰਫਿਊ ਪਾਸ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਡਿਊਟੀ ਦੌਰਾਨ ਸਾਰੇ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀ, ਡਿਊਟੀ ’ਤੇ ਮੌਜੂਦ ਪ੍ਰਾਈਵੇਟ ਸਕਿਉਰਿਟੀ ਏਜੰਸੀ ਦੇ ਸਟਾਫ਼ ਨੂੰ ਛੋਟ ਰਹੇਗੀ। ਉਨ੍ਹਾਂ ਕਿਹਾ ਕਿ ਸਾਰੇ ਬੈਂਕ, ਏ.ਟੀ.ਐਮ. ਅਤੇ ਵਿੱਤੀ ਸੰਸਥਾ ਖੁੱਲ੍ਹੇ ਰਹਿਣਗੇ। ਇਸ ਸੰਸਥਾ ਵਲੋਂ ਜਾਰੀ ਪਹਿਚਾਣ ਪੱਤਰ ਕਰਫਿਊ ਪਾਸ ਮੰਨਿਆ ਜਾਵੇਗਾ। ਸ਼ਹਿਰ ਤੇ ਪਿੰਡਾਂ ਵਿੱਚ ਚੱਲਣ ਵਾਲੀ ਕੰਸਟਰੱਕਸ਼ਨ ਗਤੀਵਿਧੀਆਂ ਤੋਂ ਇਲਾਵਾ ਆਵਾਜਾਈ ਨੂੰ ਛੋਟ ਰਹੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਵਿਦਿਅਕ ਸੰਸਥਾਵਾਂ, ਸਕੂਲ ਤੇ ਕਾਲਜ ਬੰਦ ਰਹਿਣਗੇ ਜਦਕਿ ਸਰਕਾਰੀ ਸਕੂਲਾਂ ਦਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਘਰ ਤੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਨਵੇਂ ਛੋਟ ਦੇ ਹੁਕਮ ਦੇ ਨਾਲ-ਨਾਲ ਪਹਿਲੇ ਵਾਲੀਆਂ ਪਾਬੰਦੀਆਂ ਦੀ ਵੀ ਪੂਰੀ ਤਰ੍ਹਾਂ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply