18 ਤੋਂ 45 ਸਾਲ ਉਮਰ ਵਰਗ ਲਈ ਟੀਕਾਕਰਨ: ਪਹਿਲੇ ਪੜਾਅ ‘ਚ ਸੋਮਵਾਰ ਤੋਂ ਉਸਾਰੀ ਕਾਮਿਆਂ ਨੂੰ ਲੱਗੇਗੀ ਵੈਕਸੀਨ
ਸਿਵਲ ਹਸਪਤਾਲ, ਹੁਸ਼ਿਆਰਪੁਰ ਅਤੇ ਸਬ-ਡਵੀਜ਼ਨ ਹਸਪਤਾਲਾਂ ਮੁਕੇਰੀਆਂ, ਦਸੂਹਾ ਤੇ ਗੜ੍ਹਸ਼ੰਕਰ ‘ਚ 18-45 ਸਾਲ ਦੇ ਲਾਭਪਾਤਰੀਆਂ ਦੇ ਟੀਕਾਕਰਨ ਦੀ ਹੋਵੇਗੀ ਸ਼ੁਰੂਆਤ
18 ਤੋਂ 45 ਸਾਲ ਉਮਰ ਵਰਗ ਲਈ ਜਿਲਾ ਪ੍ਰਸ਼ਾਸਨ ਨੂੰ ਮਿਲੀਆਂ 6310 ਡੋਜ਼ਾਂ, ਹੁਣ ਤੱਕ ਲਾਭਪਾਤਰੀਆਂ ਦੇ ਲੱਗੀਆਂ 298479 ਡੋਜ਼ਾਂ
ਹੁਸ਼ਿਆਰਪੁਰ. 9 ਮਈ: ਪੰਜਾਬ ਸਰਕਾਰ ਵੱਲੋਂ 18 ਤੋਂ 45 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀ ਕੀਤੀ ਜਾ ਰਹੀ ਸ਼ੁਰੂਆਤ ਤਹਿਤ ਜ਼ਿਲਾ ਪ੍ਰਸ਼ਾਸਨ ਨੂੰ ਪ੍ਰਾਪਤ ਹੋਈਆ 6310 ਡੋਜ਼ਾਂ ਨਾਲ ਸੋਮਵਾਰ ਤੋਂ ਪਹਿਲੇ ਪੜਾਅ ਵਿੱਚ ਚਾਰ ਹਸਪਤਾਲਾਂ ਵਿੱਚ ਉਸਾਰੀ ਕਾਮਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਟੀਨ ਦੇ ਟੀਕਾਕਰਨ ਦੇ ਨਾਲ-ਨਾਲ 18 ਤੋਂ 45 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦਾ ਵੀ ਟੀਕਾਕਰਨ ਸ਼ੁਰੂ ਹੋ ਰਿਹਾ ਹੈ ਜੋ ਕਿ ਪਹਿਲੇ ਦਿਨ ਸਿਵਲ ਹਸਪਤਾਲ ਹੁਸ਼ਿਆਰਪੁਰ, ਸਬ-ਡਵੀਜ਼ਨ ਹਸਪਤਾਲ ਮੁਕੇਰੀਆਂ, ਦਸੂਹਾ ਅਤੇ ਗੜ੍ਹਸ਼ੰਕਰ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਵਿੱਚ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਹੋਣਗੀਆਂ ਜਿਹੜੀਆਂ ਉਸਾਰੀ ਕਾਮਿਆਂ ਅਤੇ ਰੂਟੀਨ ਦਾ ਕੋਵਿਡ ਟੀਕਾਕਰਨ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਜਿਲੇ ਵਿੱਚ 80 ਤੋਂ ਵੱਧ ਸੈਸ਼ਨ ਸਾਈਟਾਂ ਹਨ ਜਿੱਥੇ ਲੋਕ ਆਸਾਨੀ ਨਾਲ ਕੋਵਿਡ ਵੈਕਸੀਨ ਲਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਸਾਰੀ ਕਾਮਿਆਂ ਲਈ ਨਿਰਧਾਰਤ ਚਾਰ ਹਸਪਤਾਲਾਂ ਦੇ ਨਾਲ-ਨਾਲ ਬਾਕੀ ਦੇ ਲਾਭਪਾਤਰੀ ਕਿਸੇ ਵੀ ਨੇੜਲੇ ਸੈਸ਼ਨ ਸਾਈਟ ਤੋਂ ਟੀਕਾਕਰਨ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿੱਚ ਵੈਕਸੀਨ ਦੀ ਕਮੀ ਨਹੀਂ ਹੈ ਜਿਵੇਂ-ਜਿਵੇਂ ਪੜਾਅ-ਦਰ-ਪੜਾਅ ਵੈਕਸੀਨ ਆ ਰਹੀ ਹੈ ਤਿਵੇਂ-ਤਿਵੇਂ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਵਰਗ ਲਈ ਮੁੱਢਲੇ ਤੌਰ ‘ਤੇ 6310 ਡੋਜ਼ਾਂ ਪ੍ਰਾਪਤ ਹੋਈਆ ਹਨ।
ਜਿਕਰਯੋਗ ਹੈ ਕਿ ਜਿਲੇ ਵਿਚ ਹੁਣ ਤੱਕ 298479 ਡੋਜਾਂ ਲੱਗ ਚੁੱਕੀਆਂ ਹਨ ਜਿਨ੍ਹਾਂ ਵਿਚ 9007 ਸਿਹਤ ਸੰਭਾਲ ਵਰਕਰਾਂ ਨੂੰ ਪਹਿਲੀ, 4649 ਨੂੰ ਦੂਜੀ ਅਤੇ 30670 ਫਰੰਟਲਾਈਨ ਵਰਕਰਾਂ ਨੂੰ ਪਹਿਲੀ ਜਦਕਿ 7433 ਨੂੰ ਦੂਜੀ ਡੋਜ਼ ਅਤੇ 45 ਤੋਂ 59 ਸਾਲ ਉਮਰ ਵਰਗ ਵਿੱਚ 141944 ਲਾਭਪਾਤਰੀਆਂ ਨੂੰ ਪਹਿਲੀ ਅਤੇ 18240 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਇਸੇਤਰ੍ਹਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਵਿੱਚ 70901 ਲਾਭਪਾਤਰੀਆਂ ਨੂੰ ਪਹਿਲੀ ਅਤੇ 15635 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ।
ਬਾਕਸ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਉਸਾਰੀ ਠੇਕੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਉਸਾਰੀ ਕਾਮਿਆਂ ਨੂੰ ਟੀਕਾਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨ ਹਸਪਤਾਲਾਂ ਮੁਕੇਰੀਆਂ, ਦਸੂਹਾ ਅਤੇ ਗੜ੍ਹਸ਼ੰਕਰ ਵਿਖੇ ਭੇਜਣ ਜਿੱਥੇ ਉਸਾਰੀ ਕਾਮੇ ਆਪਣਾ ਨਾਂ, ਆਧਾਰ ਨੰਬਰ ਅਤੇ ਫ਼ੋਨ ਨੰਬਰ ਦੇ ਕੇ ਕੋਵਿਡ ਵੈਕਸੀਨ ਲਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਉਸਾਰੀ ਕਾਮਿਆਂ ਕੋਲ ਲੇਬਰ ਵਿਭਾਗ ਦਾ ਰਜਿਸਟਰੇਸ਼ਨ ਨੰਬਰ ਉਹ ਆਪਣਾ ਰਜਿਸਟਰੇਸ਼ਨ ਨੰਬਰ ਵੀ ਪੇਸ਼ ਕਰ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp