ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਜਾ ਕੇ ਕੋਵਿਡ ਟੀਕਾਕਰਨ ਤੇ ਟੈਸਟਿੰਗ ਯਕੀਨੀ ਬਣਾਉਣਗੀਆਂ ਮੋਬਾਇਲ ਵੈਨਾਂ : ਹਰਬੀਰ ਸਿੰਘ
ਏ.ਡੀ.ਸੀ. ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਵਰਧਮਾਨ ਯਾਰਨਜ਼ ਐਂਡ ਥਰੈਡਜ ਲਿਮਟਡ ਵਲੋਂ ਸੀ.ਐਸ.ਆਰ. ਤਹਿਤ ਦਿੱਤੀਆਂ ਗਈਆਂ ਚਾਰ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਕਿਹਾ ਮੋਬਾਇਲ ਵੈਨਾਂ ਰਾਹੀਂ ਦੂਰ ਦੁਰਾਡੇ ਇਲਾਕਿਆਂ ’ਚ ਵੈਕਸੀਨੇਸ਼ਨ ਤੇ ਟੈਸਟਿੰਗ ’ਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਮਿਲੇਗਾ ਸਹਿਯੋਗ
LATEST, 12 ਮਈ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ’ਤੇ ਟੀਕਾਕਰਨ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੋਬਾਇਲ ਵੈਕਸੀਨੇਸ਼ਨ ਅਤੇ ਟੈਸਟਿੰਗ ਵੈਨਾਂ ਨੂੰ ਹਰੀ ਝੰਡੀ ਦੇਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਣਜੀਤ ਸਿੰਘ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਵਿੱਚ ਵਰਧਮਾਨ ਯਾਰਨਜ਼ ਅਤੇ ਥਰੈਡਜ ਲਿਮਟਡ ਵਲੋਂ ਸੀ.ਐਸ.ਆਰ. ਤਹਿਤ ਕੋਵਿਡ ਫੈਲਾਅ ਨੂੰ ਰੋਕਣ ਲਈ ਵੈਕਸੀਨੇਸ਼ਨ ਅਤੇ ਟੈਸਟਿੰਗ ਲਈ ਚਾਰ ਵੈਨਾਂ ਦੇ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੋਬਾਇਲ ਵੈਨਾਂ ਹੁਸ਼ਿਆਰਪੁਰ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਉਨ੍ਹਾਂ ਥਾਵਾਂ ’ਤੇ ਜਾਣਗੀਆਂ ਜਿਥੇ ਲੋਕ ਵੈਕਸੀਨੇਸ਼ਨ ਅਤੇ ਟੈਸਟਿੰਗ ਲਈ ਨਹੀਂ ਪਹੁੰਚ ਸਕਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵੈਨਾਂ ਵਿੱਚ ਸਿਹਤ ਵਿਭਾਗ ਦੀ ਟੀਮ ਹੋਵੇਗੀ ਜੋ ਕਿ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਤੋਂ ਇਲਾਵਾ ਲੋਕਾਂ ਦੀ ਕੋਵਿਡ ਟੈਸਟਿੰਗ ਵੀ ਯਕੀਨੀ ਬਣਾਵੇਗੀ।
ਹਰਬੀਰ ਸਿੰਘ ਨੇ ਕਿਹਾ ਕਿ ਵਰਧਮਾਨ ਯਾਰਨਜ ਵਲੋਂ ਸਮੇਂ-ਸਮੇਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਮਹਾਮਾਰੀ ਦੇ ਇਸ ਮੁਸ਼ਕਲ ਸਮੇਂ ਵਿੱਚ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਗਾਈਡਲਾਈਨਾਂ ਦਾ ਪੂਰੀ ਗੰਭੀਰਤਾ ਨਾਲ ਪਾਲਣਾ ਕਰਨ ਅਤੇ ਮਾਸਕ ਪਹਿਨਣ, ਸਮਾਜਿਕ ਦੂਰੀ ਬਨਾਉਣ ਅਤੇ ਸਮੇਂ-ਸਮੇਂ ’ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਨਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮਹਾਮਾਰੀ ’ਤੇ ਫਤਿਹ ਪਾਈ ਜਾ ਸਕਦੀ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਸੀਮਾ ਗਰਗ, ਵਰਧਮਾਨ ਯਾਰਨਜ਼ ਐਂਡ ਥਰੈਡਜ ਲਿਮਟਡ ਦੇ ਡਾਇਰੈਕਟਰ ਤਰੁਣ ਚਾਵਲਾ, ਵਾਈਸ ਪ੍ਰਧਾਨ ਜੇ.ਪੀ. ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp