ਲੁਧਿਆਣਾ ‘ਚ ਵੱਧ ਰਹੀ ਮੌਤ ਦਰ ਚਿੰਤਾਜਨਕ, ਪਿਛਲੇ 7 ਦਿਨਾਂ ‘ਚ 168 ਲੋਕਾਂ ਨੇ ਕੋਵਿਡ ਨਾਲ ਗਵਾਈਆਂ ਆਪਣੀਆਂ ਕੀਮਤੀ ਜਾਨਾਂ – ਡਿਪਟੀ ਕਮਿਸ਼ਨਰ
-ਸਾਨੂੰ ਆਪਣੇ ਪੁਰਖਿਆਂ ਤੋਂ ਸਿੱਖਣਾ ਚਾਹੀਦਾ ਹੈ, 100 ਸਾਲ ਪਹਿਲਾਂ ਸਪੈਨਿਸ਼ ਫਲੂ ਤੇ ਪਲੇਗ ਸਮੇਂ ਜਿਨ੍ਹਾਂ ਇਕੱਲਤਾ ਬਣਾਈ ਰੱਖੀ
ਲੁਧਿਆਣਾ, 13 ਮਈ (ਹਰਜਿੰਦਰ ਸਿੰਘ ਖ਼ਾਲਸਾ ) – ਕੋਵਿਡ-19 ਮਹਾਂਮਾਰੀ ਕਾਰਨ ਲੁਧਿਆਣਾ ਵਿਚ ਹੋ ਰਹੀਆਂਂ ਮੌਤਾਂ ਦੀ ਮੰਦਭਾਗੀ ਦਰ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਬਦਕਿਸਮਤੀ ਨਾਲ ਪਿਛਲੇ 7 ਦਿਨਾਂ ਵਿਚ 168 ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਲੁਧਿਆਣਾ ਵਿਚ ਪ੍ਰਤੀ ਦਿਨ 24 ਮੌਤਾਂ ਹੋਈਆਂ ਹਨ ਜਿਸਦਾ ਮੁੱਖ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਵੱਲੋਂ ਲਾਪਰਵਾਹੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ।
ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਲੋਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਲੋਕ ਅਜੇ ਵੀ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ 7 ਮਈ ਤੋਂ 12 ਮਈ ਤੱਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ 168 ਵਿਅਕਤੀਆਂ ਦੇ ਪਰਿਵਾਰਾਂ ਵੱਲ ਵੇਖਣਾ ਚਾਹੀਦਾ ਹੈ।
ਸ੍ਰੀ ਸ਼ਰਮਾ ਨੇ ਕਿਹਾ, ”ਮੈਂ ਲੁਧਿਆਣਾ ਵਿਚ ਢਿੱਲ ਦੇ ਸਮੇਂ ਦੌਰਾਨ ਕੁਝ ਲੋਕਾਂ ਦੀ ਭੀੜ ਤੋਂ ਸੱਚਮੁੱਚ ਪ੍ਰੇਸ਼ਾਨ ਅਤੇ ਦੁੱਖੀ ਹਾਂ, ਇਹ ਗੈਰ-ਜ਼ਿੰਮੇਵਾਰੀ ਹੋਰਨਾਂ ਲਈ ਘਾਤਕ ਸਿੱਧ ਹੋ ਰਹੀ ਹੈ”।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਖ਼ਾਸਕਰ 100 ਸਾਲ ਪਹਿਲਾਂ ਸਪੈਨਿਸ਼ ਫਲੂ ਅਤੇ ਪਲੇਗ ਦੇ ਪ੍ਰਕੋਪ ਦੇ ਸਮੇਂ ਸਾਡੇ ਪੁਰਖਿਆਂ ਨੇ ਕਿਵੇਂ ਆਪਣੇ ਔਖੇ ਸਮੇਂ ਦੌਰਾਨ ਇਕੱਲਤਾ ਬਣਾਈ ਰੱਖੀ ਅਤੇ ਅੱਜ ਅਸੀਂ ਜਿੰਦਾ ਹਾਂ ਕਿਉਂਕਿ ਉਨ੍ਹਾਂ ਲੋਕਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਦੇ ਦਿਸ਼ਾ ਨਿਰਦੇਸ਼ਾਂ ਪ੍ਰਤੀ ਗੰਭੀਰਤਾ ਦਿਖਾਈ ਸੀ।
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਵਾਧੇ ਨੂੰ ਨਿਯੰਤਰਿਤ ਕਰਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣੀ ਰੋਜ਼ਮਰਾ ਜਿੰਦਗੀ ਵਿੱਚ ਇਕਾਂਤਵਾਸ ਨੂੰ ਅਪਨਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਜਲੰਧਰ ਅਤੇ ਲੁਧਿਆਣਾ ਦੇ ਢਿੱਲ ਦੇ ਸਮੇਂ ਵਿੱਚ ਅੰਤਰ ਦੇ ਸਬੰਧ ਵਿੱਚ ਲੋਕਾਂ ਦੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੁਧਿਆਣਾ ਦੀ ਸਥਿਤੀ ਜਲੰਧਰ ਨਾਲੋਂ ਵਧੇਰੇ ਗੰਭੀਰ ਅਤੇ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪਹਿਲਾਂ ਹੀ ਆਪਣੀ ਚਰਮ ਸੀਮਾ ਵੇਖ ਚੁੱਕਾ ਹੈ ਅਤੇ ਹੁਣ ਉਥੇ ਹੌਲੀ-ਹੌਲੀ ਕੇਸ ਘੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਰਾਜ ਦਾ ਇੱਕ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ ਅਤੇ ਹੋਰਨਾਂ ਜ਼ਿਲ੍ਹਿਆਂ ਨਾਲ ਇਸਦੀ ਤੁਲਨਾ ਕਰਨੀ ਪੂਰੀ ਤਰ੍ਹਾਂ ਬੇਈਮਾਨੀ ਹੋਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp