ਸੁੰਦਰ ਸ਼ਾਮ ਅਰੋੜਾ ਨੇ ਪਿੰਡ ਡਾਡਾ ’ਚ 33 ਲਾਭਪਾਤਰੀਆਂ ਨੂੰ ਦਿੱਤੇ ਗੈਸ ਕੁਨੈਕਸ਼ਨ
ਪੰਜਾਬ ਸਰਕਾਰ ਦੀ ਜੰਗਲਾਂ ਨੂੰ ਬਚਾਉਣ ਲਈ ਸਕੀਮ ਤਹਿਤ ਕੰਢੀ ਦੇ ਵਸਨੀਕਾਂ ਨੂੰ ਦਿੱਤੀ ਸਹੂਲਤ
ਹੁਸ਼ਿਆਰਪੁਰ, 26 ਮਈ: ਪੰਜਾਬ ਸਰਕਾਰ ਵਲੋਂ ਜੰਗਲਾਂ ਨੂੰ ਬਚਾਉਣ ਅਤੇ ਕੁਦਰਤੀ ਵਸੀਲਿਆਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਨਾਉਣ ਲਈ ਸ਼ੁਰੂ ਕੀਤੀ ਪਨਕੈਂਪਾ ਸਕੀਮ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕੰਢੀ ਖੇਤਰ ਦੇ ਪਿੰਡ ਡਾਡਾ ਵਿਖੇ 33 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਪ੍ਰਦਾਨ ਕੀਤੇ ਜਿਸ ਨਾਲ ਇਨ੍ਹਾਂ ਘਰਾਂ ਵਿੱਚ ਬਾਲਣ ਦੀ ਵਰਤੋਂ ਦੀ ਥਾਂ ਗੈਸ ਰਾਹੀਂ ਘਰੇਲੂ ਕੰਮਕਾਰ ਕੀਤੇ ਜਾ ਸਕਣਗੇ।
ਪਿੰਡ ਡਾਡਾ ਵਿਖੇ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਦੇਣ ਵੇਲੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਵੁੱਡ ਸੇਵਿੰਗ ਕੁਕਿੰਗ ਅੰਪਲਾਇੰਸ ਸਕੀਮ (ਪਨਕੈਂਪਾ) ਇਹ ਕੁਨੈਕਸ਼ਨ ਦਿੱਤੇ ਗਏ ਹਨ ਜਿਸ ਨਾਲ ਨਾ ਸਿਰਫ ਜੰਗਲਾਂ ਦੀ ਬੇਲੋੜੀ ਕਟਾਈ ਰੁਕੇਗੀ ਸਗੋਂ ਵਾਤਾਵਰਣ ਨੂੰ ਵੀ ਦੂਸ਼ਿਤ ਹੋਣੋਂ ਬਚਾਇਆ ਜਾ ਸਕੇਗਾ। ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਜਿਹੜੇ ਕੁਝ ਲਾਭਪਾਤਰੀ ਸਕੀਮ ਦਾ ਲਾਹਾ ਲੈਣ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ।
ਜੰਗਲਾਂ ਦੀ ਮਹੱਤਤਾ ਦੀ ਗੱਲ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜੰਗਲਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਮੰਗ ਹੈ ਜਿਸ ਲਈ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰੁੱਖਾਂ ਨਾਲ ਮਨੁੱਖੀ ਜੀਵਨ ਦਾ ਅਟੁੱਟ ਸਬੰਧ ਹੈ ਜਿਨ੍ਹਾਂ ਦੀ ਰਾਖੀ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਰੁੱਖਾਂ ਦੀ ਬੇਲੋੜੀ ਕਟਾਈ ਨਾ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਣ ਮੰਡਲ ਅਫ਼ਸਰ ਅਮਨੀਤ ਸਿੰਘ, ਸਰਪੰਚ ਸੁਰਜੀਤ ਰਾਮ, ਬਲਾਕ ਸੰਮਤੀ ਮੈਂਬਰ ਡਾ. ਸਤਨਾਮ, ਗੁਰਮੀਤ ਰਾਮ, ਪੰਚ ਰੌਸ਼ਨ ਲਾਲ, ਪੰਚ ਪਵਨ ਕੁਮਾਰ, ਪੰਚ ਕਸ਼ਮੀਰੀ ਲਾਲ, ਪੰਚ ਸੁਰਿੰਦਰ ਕੌਰ, ਪੰਚ ਸੰਤੋਸ਼ ਕੁਮਾਰੀ, ਨੰਬਰਦਾਰ ਅਵਤਾਰ ਚੰਦ, ਬਲਾਕ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ, ਮਨਮੋਹਨ ਸਿੰਘ ਕਪੂਰ, ਪੰਚ ਜਗਤਾਰ ਸਿੰਘ ਸੈਣੀ, ਸਰਬਜੀਤ ਕੁਮਾਰ, ਰਾਹੁਲ ਗੋਹਿਲ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp