ਨਵੀਂ ਦਿੱਲੀ : ਸਿੱਖਿਆ ਮੰਤਰਾਲੇ ਵੱਲੋਂ ਸਕੂਲੀ ਸਿੱਖਿਆ ‘ਚ ਹੋਣ ਵਾਲੇ ਬਦਲਾਵਾਂ ਬਾਰੇ ਜਾਰੀ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਤੋਂ ਇਹ ਗੱਲ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼, ਬਿਹਾਰ ਸਮੇਤ ਜ਼ਿਆਦਾਤਰ ਸੂਬਿਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨਾਲੋਂ ਸੁਧਾਰ ਕੀਤਾ ਹੈ। ਸਕੂਲਾਂ ਨਾਲ ਜੁੜੀ ਇਸ ਰਿਪੋਰਟ ‘ਚ ਪੰਜਾਬ, ਚੰਡੀਗੜ੍ਹ, ਤਾਮਿਲਨਾਡੂ, ਕੇਰਲ ਤੇ ਅੰਡਮਾਨ-ਨਿਕੋਬਾਰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਰਾਜਾਂ ‘ਚ ਸਿਖਰ ‘ਤੇ ਰਹੇ ਹਨ। ਇੱਥੇ ਸਕੂਲੀ ਸਿੱਖਿਆ ਦੇ ਖੇਤਰ ‘ਚ ਤੇਜ਼ੀ ਨਾਲ ਬਦਲਾਅ ਦੇਖੇ ਗਏ ਹਨ।
ਸਕੂਲੀ ਸਿੱਖਿਆ ‘ਚ ਹੋਣ ਵਾਲੇ ਬਦਲਾਵਾਂ ਦਾ ਅਧਿਐਨ ਕਰਨ ਲਈ ਸਿੱਖਿਆ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਰਾਜਾਂ ਦਾ ਹਰ ਸਾਲ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ) ਤਿਆਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਮੰਤਰਾਲੇ ਨੇ ਐਤਵਾਰ ਨੂੰ ਸਾਲ 2019-20 ਦਾ ਇੰਡੈਕਸ ਜਾਰੀ ਕੀਤਾ ਹੈ। ਜਿਹੜੀ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸਕੂਲਾਂ ਦੀ ਕਾਰਗੁਜ਼ਾਰੀ ਸਬੰਧੀ ਤੀਜੀ ਰਿਪੋਰਟ ਹੈ। ਇਸ ਤੋਂ ਪਹਿਲਾਂ 2017-2018 ਸਬੰਧੀ ਪੀਜੀਆਈ ਰਿਪੋਰਟ 2019 ‘ਚ ਜਾਰੀ ਕੀਤੀ ਗਈ ਸੀ। ਇਹ ਇੰਡੈਕਸ ਸਾਰੇ ਸੂਬਿਆਂ ‘ਚ ਸਕੂਲੀ ਸਿੱਖਿਆ ਨਾਲ ਸਬੰਧਤ ਸਰਗਰਮੀਆਂ ਦਾ 70 ਮਾਪਦੰਡਾਂ ‘ਤੇ ਅਧਿਐਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਸ ‘ਚ ਸਿੱਖਿਆ ਦੀ ਗੁਣਵੱਤਾ, ਬੁਨਿਆਦੀ ਢਾਂਚਾ, ਲਾਈਬ੍ਰੇਰੀ, ਵਿਦਿਆਰਥੀ-ਅਧਿਆਪਕ ਅਨੁਪਾਤ ਆਦਿ ਸ਼ਾਮਲ ਹਨ।
ਸਕੂਲੀ ਸਿੱਖਿਆ ਸਬੰਧੀ ਸਾਲ 2019-20 ਦੀ ਪੀਜੀਆਈ ਰਿਪੋਰਟ ‘ਚ ਸਕੂਲੀ ਸਿੱਖਿਆ ‘ਚ ਪ੍ਰਦਰਸ਼ਨ ਦੇ ਆਧਾਰ ‘ਤੇ ਸੂਬਿਆਂ ਦੀਆਂ 10 ਕੈਟੇਗਰੀ ਬਣਾਈਆਂ ਗਈਆਂ ਹਨ। ਇਸ ਦੀ ਪਹਿਲੀ ਕੈਟੇਗਰੀ ‘ਚ ਫਿਲਹਾਲ ਕੋਈ ਸੂਬਾ ਨਹੀਂ ਆ ਸਕਿਆ। ਜਦਕਿ ਇੰਡੈਕਸ ਦੀ ਦੂਜੀ ਕੈਟੇਗਰੀ ‘ਚ ਪੰਜਾਬ, ਚੰਡੀਗੜ੍ਹ, ਕੇਰਲ, ਤਾਮਿਲਨਾਡੂ ਤੇ ਅੰਡਮਾਨ-ਨਿਕੋਬਾਰ ਸ਼ਾਮਲ ਹਨ। ਪੰਜਾਬ ਤੇ ਅੰਡਮਾਨ-ਨਿਕੋਬਾਰ ਨੇ ਆਪਣੀ ਪਿਛਲੀ ਕਾਰਗੁਜ਼ਾਰੀ ‘ਚ ਕਰੀਬ 20 ਫ਼ੀਸਦੀ ਤੋਂ ਵੱਧ ਸੁਧਾਰ ਕਰ ਕੇ ਇਹ ਥਾਂ ਬਣਾਈ ਹੈ।
ਤੀਜੀ ਕੈਟੇਗਰੀ ‘ਚ ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਪੁੱਡੂਚੇਰੀ ਤੇ ਦਾਦਰ ਨਗਰ ਹਵੇਲੀ ਸ਼ਾਮਲ ਹਨ। ਚੌਥੀ ਕੈਟੇਗਰੀ ‘ਚ ਆਂਧਰ ਪ੍ਰਦੇਸ਼, ਬੰਗਾਲ, ਉੱਤਰ ਪ੍ਰਦੇਸ਼, ਕਰਨਾਟਕ, ਤਿ੍ਪੁਰਾ, ਓਡੀਸ਼ਾ, ਹਿਮਾਚਲ ਪ੍ਰਦੇਸ਼ ਤੇ ਦਮਨ ਤੇ ਦੀਵ ਸ਼ਾਮਲ ਹਨ।
ਉੱਥੇ ਹੀ ਪੰਜਵੀ ਕੈਟੇਗਰੀ ‘ਚ ਗੋਆ, ਉੱਤਰਾਖੰਡ, ਝਾਰਖੰਡ, ਮਣੀਪੁਰ, ਸਿੱਕਮ, ਤੇਲੰਗਾਨਾ ਤੇ ਜੰਮੂ-ਕਸ਼ਮੀਰ ਵਰਗੇ ਸੂਬੇ ਹਨ। ਛੇਵੀਂ ਕੈਟੇਗਰੀ ‘ਚ ਅਸਾਮ, ਬਿਹਾਰ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਹਨ। ਸੱਤਵੀਂ ਕੈਟੇਗਰੀ ‘ਚ ਛੱਤੀਸਗੜ੍ਹ, ਨਗਾਲੈਂਡ, ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ। ਅੱਠਵੀਂ ਕੈਟੇਗਰੀ ‘ਚ ਮੇਘਾਲਿਆ ਸਾਮਲ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਨੂੰ ਛੱਡ ਦੇਈਏ ਤਾਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਕਤ ਰਾਜਾਂ ਨੇ ਪਿਛਲੇ ਸਾਲ ਯਾਨੀ ਸਾਲ 2018-19 ਦੀ ਪੀਜੀਆਈ ਦੇ ਮੁਕਾਬਲੇ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp