ਸਰਬੱਤ ਦਾ ਭਲਾ ਟਰੱਸਟ ਦੀ ਬਦੌਲਤ ਗੁਰਦਾ ਪੀੜਤ ਮਰੀਜ਼ਾਂ ਨੂੰ ਆਰਥਿਕ ਲੁੱਟ ਤੇ ਬੇਲੋੜੀ ਪ੍ਰੇਸ਼ਾਨੀ ਤੋਂ ਮਿਲੀ ਨਿਜਾਤ- ਡਾ.ਓਬਰਾਏ

ਸਰਬੱਤ ਦਾ ਭਲਾ ਟਰੱਸਟ ਦੀ ਬਦੌਲਤ ਗੁਰਦਾ ਪੀੜਤ ਮਰੀਜ਼ਾਂ ਨੂੰ ਆਰਥਿਕ ਲੁੱਟ ਤੇ ਬੇਲੋੜੀ ਪ੍ਰੇਸ਼ਾਨੀ ਤੋਂ ਮਿਲੀ ਨਿਜਾਤ

ਪੰਜਾਬ ਸਮੇਤ 10 ਸੂਬਿਆਂ ‘ਚ 200 ਡਾਇਲਸਿਸ ਯੂਨਿਟ ਕਰ ਰਹੇ ਨੇ ਨਿਰੰਤਰ ਕੰਮ

Advertisements

ਐੱਚ.ਆਈ.ਵੀ. ਤੇ ਹੈਪੇਟਾਈਟਸ-ਸੀ ਪੀੜਤਾਂ ਲਈ ਵੀ ਵਿਸ਼ੇਸ਼ ਪ੍ਰਬੰਧ

Advertisements

ਮੁਫ਼ਤ ਡਾਇਲਾਇਜ਼ਰ ਕਿੱਟਾਂ ਵੰਡਣ ਦੀ ਸੇਵਾ ਰਹੇਗੀ ਨਿਰੰਤਰ ਜਾਰੀ : ਡਾ.ਓਬਰਾਏ

Advertisements


ਅੰਮ੍ਰਿਤਸਰ, 7 ਜੂਨ  – ਬਿਨਾਂ ਕਿਸੇ ਕੋਲੋਂ ਇਕ ਵੀ ਪੈਸਾ ਇਕੱਠਾ ਕੀਤਿਆਂ ਨਿਰੋਲ ਆਪਣੀ ਨਿੱਜੀ ਤੇ ਨੇਕ ਕਮਾਈ ‘ਚੋਂ ਲੋੜਵੰਦਾਂ ਲਈ ਕਰੋੜਾਂ ਰੁਪਏ ਖਰਚਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ 10 ਹੋਰਨਾਂ ਸੂਬਿਆਂ ਅੰਦਰ ਸਥਾਪਿਤ ਕੀਤੇ ਗਏ 200 ਡਾਇਲਸਿਸ ਯੂਨਿਟਾਂ ਦੀ ਬਦੌਲਤ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਾਇਲਸਿਸ ਕਰਵਾਉਣ ਸਮੇਂ ਹੁੰਦੀ ਬੇਲੋੜੀ ਪ੍ਰੇਸ਼ਾਨੀ ਦੇ ਨਾਲ-ਨਾਲ ਵੱਡੀ ਆਰਥਿਕ ਲੁੱਟ ਤੋਂ ਵੀ ਨਿਜਾਤ ਮਿਲੀ ਹੈ।
         ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਤੋਂ ਗੁਰਦਾ ਪੀਡ਼ਤ ਮਰੀਜ਼ਾਂ ਦੀ ਗਿਣਤੀ ‘ਚ ਕਾਫ਼ੀ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਡਾਇਲਸਿਸ ਸੈਂਟਰਾਂ ਦੀ ਘਾਟ ਹੋਣ ਕਾਰਨ ਪੰਜਾਬ ਦੇ ਬਹੁਤ ਸਾਰੇ ਮਰੀਜ਼ਾਂ ਨੂੰ ਆਪਣਾ ਡਾਇਲਸਿਸ ਕਰਵਾਉਣ ਲਈ 100 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨੀ ਪੈਂਦੀ ਸੀ,ਜਿਸ ਨਾਲ ਜਿੱਥੇ ਮਰੀਜ਼ ਅਤੇ ਉਸ ਦੇ ਵਾਰਸਾਂ ਦੀ ਬੇਲੋੜੀ ਖੱਜਲ ਖੁਆਰੀ ਹੁੰਦੀ ਸੀ ਉਥੇ ਹੀ ਉਨ੍ਹਾਂ ਨੂੰ ਵੱਡੀ ਆਰਥਿਕ ਲੁੱਟ ਦਾ ਸ਼ਿਕਾਰ ਵੀ ਹੋਣਾ ਪੈਂਦਾ ਸੀ। ਜਿਸ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਦੁਆਰਾ ਲਏ ਗਏ ਫ਼ੈਸਲੇ ਤਹਿਤ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਸਮੇਤ ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲਾ ਅਤੇ ਉੱਤਰ ਪ੍ਰਦੇਸ਼ ਸੂਬੇ ਦੇ ਵੱਖ-ਵੱਖ ਖੇਤਰਾਂ ਦੇ 70 ਹਸਪਤਾਲਾਂ ਅੰਦਰ 200 ਦੇ ਕਰੀਬ ਡਾਇਲਸਿਸ ਯੂਨਿਟ ਸਥਾਪਿਤ ਕੀਤੇ ਜਾ ਚੁੱਕੇ ਹਨ। ਅੱਜ ਪੰਜਾਬ ‘ਚ ਲੱਗਭਗ ਹਰੇਕ 25 ਕਿਲੋਮੀਟਰ ਬਾਅਦ ਟਰੱਸਟ ਵੱਲੋਂ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਡਾਇਲਸਿਸ ਦੇ ਰੇਟ ਵੀ ਨਾ- ਮਾਤਰ ਹੀ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਾਇਲਸਿਸ ਯੂਨਿਟਾਂ ਤੇ ਕਈ ਜਗ੍ਹਾ ਬਿਲਕੁਲ ਮੁਫ਼ਤ ਜਦ ਕਿ ਕੁਝ ਥਾਵਾਂ ਤੇ ਸਿਰਫ਼ 100 ਰੁਪਏ ਤੋਂ ਲੈ ਕੇ 650 ਰੁਪਏ ਤੱਕ ਹੀ ਡਾਇਲਸਿਸ ਕੀਤੇ ਜਾਂਦੇ ਹਨ ਜਦ ਕਿ ਟਰੱਸਟ ਕੋਲੋਂ ਪੈਨਸ਼ਨ ਜਾਂ ਹੋਰ ਸਿਹਤ ਸੰਬੰਧੀ ਸਹੂਲਤ ਲੈਣ ਵਾਲੇ ਲੋੜਵੰਦਾਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।
ਡਾ.ਓਬਰਾਏ ਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ , ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਸਮੇਤ ਪੰਜਾਬ ਦੇ 21 ਸਰਕਾਰੀ ਅਤੇ 48 ਨਿੱਜੀ ਹਸਪਤਾਲਾਂ ਅੰਦਰ 100 ਡਾਇਲਸਿਸ ਯੂਨਿਟ ਸਥਾਪਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅੰਦਰ ਨਾਲਾਗੜ੍ਹ,ਬੱਦੀ, ਪਾਲਮਪੁਰ, ਸੁੰਦਰ ਨਗਰ ਤੇ ਹਮੀਰਪੁਰ ‘ਚ 12 ਯੂਨਿਟ ,ਚੰਡੀਗੜ੍ਹ ‘ਚ 16 ਜਦ ਕਿ ਹਰਿਆਣੇ ‘ਚ 24 ਯੂਨਿਟ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਦੁਆਰਾ ਸਥਾਪਿਤ ਕੀਤੇ ਗਏ ਡਾਇਲਸਿਸ ਯੂਨਿਟਾਂ ਰਾਹੀਂ ਹਰ ਰੋਜ਼ ਹਜ਼ਾਰਾਂ ਹੀ ਮਰੀਜ਼ ਡਾਇਲਸਿਸ ਦੀ ਸਹੂਲਤ ਦਾ ਲਾਭ ਉਠਾ ਰਹੇ ਹਨ ਅਤੇ ਜੇਕਰ ਅੰਕੜੇ ਵੇਖੇ ਜਾਣ ਤਾਂ ਇੱਕ ਸਾਲ ਦੌਰਾਨ ਇਨ੍ਹਾਂ ਯੂਨਿਟਾਂ ਤੇ 1 ਲੱਖ ਤੋਂ ਵਧੇਰੇ ਡਾਇਲਸਿਸ ਹੋ ਰਹੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਤਖ਼ਤ ਸ਼੍ਰੀ ਪਟਨਾ ਸਾਹਿਬ ਜਿੱਥੇ ਪਹਿਲਾਂ ਤੋਂ ਹੀ ਟਰੱਸਟ ਦਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀ ਚੱਲ ਰਹੀ ਹੈ ਉਥੇ ਹੁਣ ਬਹੁਤ ਜਲਦ 12 ਨਵੇਂ ਡਾਇਲਸਿਸ ਯੂਨਿਟ ਵੀ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਏਥੇ ਕੇਵਲ 250 ਰੁਪਏ ‘ਚ ਹੀ ਡਾਇਲਸਿਸ ਕੀਤਾ ਜਾਵੇਗਾ।
ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਪੰਜਾਬ ਅੰਦਰ ਕੁਝ ਮਰੀਜ਼ ਅਜਿਹੇ ਵੀ ਹਨ ਜੋ ਗੁਰਦੇ ਦੀ ਬਿਮਾਰੀ ਨਾਲ-ਨਾਲ ਐੱਚ.ਆਈ.ਵੀ. ਪੌਜ਼ਟਿਵ ਵੀ ਹਨ। ਪਹਿਲੀ ਗੱਲ ਤਾਂ ਅਜਿਹੇ ਮਰੀਜ਼ਾਂ ਦਾ ਡਾਇਲਸਿਸ ਕਰਨ ਨੂੰ ਕੋਈ ਹਸਪਤਾਲ ਛੇਤੀ ਤਿਆਰ ਨਹੀਂ ਹੁੰਦਾ ਜੇਕਰ ਕੋਈ ਕਰਦਾ ਵੀ ਹੈ ਤਾਂ ਬਹੁਤ ਜ਼ਿਆਦਾ ਪੈਸੇ ਵਸੂਲ ਕਰਦਾ ਹੈ। ਇਸ ਮੁਸ਼ਕਿਲ ਨੂੰ ਵੇਖਦਿਆਂ ਹੋਇਆਂ ਟਰੱਸਟ ਨੇ ਚੰਡੀਗੜ੍ਹ, ਪਟਿਆਲਾ, ਅੰਮ੍ਰਿਤਸਰ,ਜਲੰਧਰ ਤੇ ਲੁਧਿਆਣਾ ਵਿਖੇ ਐੱਚ.ਆਈ.ਵੀ. ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਡਾਇਲਸਿਸ ਯੂਨਿਟ ਸਥਾਪਤ ਕੀਤੇ ਹਨ ਜਦੋਂ ਕਿ ਹੈਪੇਟਾਈਟਸ-ਸੀ ਪੀੜਤ ਮਰੀਜ਼ਾਂ ਨੂੰ ਤਾਂ ਹਰੇਕ ਜਿਲ੍ਹੇ ਅੰਦਰ ਇਹ ਸੁਵਿਧਾ ਦਿੱਤੀ ਜਾ ਰਹੀ ਹੈ।
ਡਾ.ਓਬਰਾਏ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੁਆਰਾ 1 ਲੱਖ ਡਾਇਲਾਇਜ਼ਰ ਕਿੱਟਾਂ ਮੁਫ਼ਤ ਵੰਡਣ ਦੇ ਮਿਸ਼ਨ ਤਹਿਤ ਹੁਣ ਤੱਕ 85 ਹਜ਼ਾਰ ਦੇ ਕਰੀਬ ਕਿੱਟਾਂ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ। ਬਾਜ਼ਾਰ ‘ਚੋਂ 1000 ਤੋਂ ਲੈ ਕੇ 1500 ਰੁਪਏ ਤੱਕ ਮਿਲਣ ਵਾਲੀ ਇਸ ਕਿੱਟ ਨੂੰ ਮੁਫ਼ਤ ਵੰਡਣ ਦੀ ਇਹ ਸੇਵਾ ਟਰੱਸਟ ਵੱਲੋਂ ਨਿਰੰਤਰ ਜਾਰੀ ਰੱਖਦਿਆਂ ਹੁਣ ਅਗਲੇ ਪੜਾਅ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਇਕ ਲੱਖ ਹੋਰ ਕਿੱਟ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਡਾਇਲਾਇਜ਼ਰ ਕਿੱਟ ਦਾ ਲਾਭ ਕੋਈ ਵੀ ਮਰੀਜ਼ ਲੈ ਸਕਦਾ ਹੈ ਬੇਸ਼ੱਕ ਉਹ ਟਰੱਸਟ ਵੱਲੋਂ ਸਥਾਪਿਤ ਕੀਤੇ ਜਾਂ ਕਿਸੇ ਵੀ ਹੋਰ ਸੈਂਟਰ ਤੋਂ ਆਪਣਾ ਡਾਇਲਸਿਸ ਕਰਵਾਉਂਦਾ ਹੋਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply