ਆਸ਼ੂ ਨੇ ਬਾਦਲ ਵਲੋਂ ਸਿੱਟ ਅੱਗੇ ਪੇਸ਼ ਨਾ ਹੋਣ ਲਈ ਬੇਤੁਕੇ ਬਹਾਨੇ ਬਣਾਉਣ ’ਤੇ ਚੁੱਕੇ ਸਵਾਲ
ਕੈਪਟਨ ਸਰਕਾਰ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਨਿਆਂ ਦਿਵਾਉਣ ਲਈ ਵਚਨਬੱਧ: ਆਸ਼ੂ
ਚੰਡੀਗੜ, 16 ਜੂਨ:
ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਸਿੱਧੀ ਸ਼ਮੂਲੀਅਤ ਹੋਣ ਕਰਕੇ ਸਿੱਟ (ਵਿਸ਼ੇਸ਼ ਜਾਂਚ ਟੀਮ) ਅੱਗੇ ਪੇਸ਼ ਹੋਣ ਤੋਂ ਦੂਰ ਭੱਜਣ ਲਈ ਬੇਤੁਕੇ ਬਹਾਨੇ ਬਣਾਉਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲਿਆ।
ਇੱਥੇ ਜਾਰੀ ਇੱਕ ਬਿਆਨ ਵਿੱਚ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੋਟਕਪੂਰਾ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਤੋਂ ਬਚਣ ਲਈ ਮਾੜੀ ਸਿਹਤ ਦੇ ਬੇਤੁਕੇ ਬਹਾਨੇ ਬਣਾ ਰਹੇ ਹਨ ਜਦ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਕੁਝ ਦਿਨ ਪਹਿਲਾਂ ਹੀ ਬਸਪਾ ਨਾਲ ਗੱਠਜੋੜ ਨੂੰ ਲੈ ਕੇ ਅਕਾਲੀ ਮੁਖੀ ਬਸਪਾ ਸੁਪਰੀਮੋ ਮਾਇਆਵਤੀ ਨਾਲ ਗੱਲਬਾਤ ਦੌਰਾਨ ਆਪਣੇ ਰਿਸ਼ਟ-ਪੁਸ਼ਟ ਹੋਣ ਦੀ ਗੱਲ ਕਹਿ ਰਹੇ ਸਨ।
ਸ੍ਰੀ ਆਸ਼ੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਤੋਂ ਟਾਲ਼ਾ ਵੱਟਣ ਦੀ ਥਾਂ ਪੜਤਾਲ ਵਿੱਚ ਖੁੱਲ ਕੇ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਇਸ ਹਿਰਦੇ-ਵਲੂੰਦਰਨ ਵਾਲੀ ਘਟਨਾ ਦਾ ਸੱਚ ਸਾਰੇ ਪੰਜਾਬ ਅੱਗੇ ਲਿਆਂਦਾ ਜਾ ਸਕੇ।
ਮੰਤਰੀ ਨੇ ਕਿਹਾ ਕਿ ਕਾਨੂੰਨ ਕਿਸੇ ਵੀ ਸਾਜ਼ਿਸ਼-ਕਰਤਾ ਨੂੰ ਨਹੀਂ ਬਖ਼ਸ਼ੇਗਾ ਅਤੇ ਅਜਿਹਾ ਘਿਨਾਉਣਾ ਅਪਰਾਧ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਆਸ਼ੂ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਨਿਆਂ ਦਿਵਾਉਣ ਲਈ ਵਚਨਬੱਧ ਹੈ ਅਤੇ ਅਜਿਹਾ ਨਾ-ਬਖ਼ਸ਼ਣਯੋਗ ਅਪਰਾਧ ਕਰਨ ਵਾਲੇ ਪੰਥ-ਦੋਖੀਆਂ ਨੂੰ ਕਾਬੂ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
——————-
EDITOR
CANADIAN DOABA TIMES
Email: editor@doabatimes.com
Mob:. 98146-40032 whtsapp