ਸਮੇਂ ਦੀ ਤੇਜ਼ ਰਫਤਾਰ ਨੇ ਅੱਜ ਇਹ ਛੋਟੀਆਂ ਖੇਡਾਂ ਨੂੰ ਸਾਡੇ ਤੋਂ ਦੂਰ ਕੀਤਾ
ਲੁਪਤ ਹੋ ਕੇ ਰਹਿ ਗਈਆ ਪੰਜਾਬ ਅੰਦਰੋ ਛੋਟੀਆ ਖੇਡਾਂ
ਪਠਾਨਕੋਟ,18 ਜੂੂਨ (ਗਿਆਨੀ ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਵੱਡੀਆਂ ਖੇਡਾਂ ਵਾਂਗ ਛੋਟੀਆਂ ਖੇਡਾਂ ਵੀ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ ਜਿਸ ਦੇ ਨਾਲ ਇਕ ਬੱਚੇ ਦਾ ਸਰੀਰਕ, ਮਾਨਸਿਕ, ਸਮਾਜਿਕ,ਅਤੇ ਜਜ਼ਬਾਤੀ ਪੱਖਾ ਦਾ ਵਿਕਾਸ ਇਨਾਂ ਸਰੀਰਕ ਕਿਰਿਆਵਾਂ ਦੁਆਰਾ ਹੁੰਦਾ ਹੈ। ਇਹ ਛੋਟੀਆਂ ਖੇਡਾਂ ਬਹੁਤ ਹੀ ਹਰਮਨ ਪਿਆਰੀਆਂ ਖੇਡਾਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਖੇਡਾਂ ਨਾਲ ਜਿਥੇ ਆਪਸੀ ਭਾਈਚਾਰੇ ਦੀ ਭਾਵਨਾ ਬਣਦੀ ਸੀ ਉਥੇ ਆਪਸੀ ਤਾਲਮੇਲ, ਪ੍ਰੇਮ-ਭਾਵ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ।
ਛੋਟੀਆਂ ਖੇਡਾਂ ਗੁੱਲੀ ਡੰਡਾ, ਕੋਟਲਾ ਛਪਾਕੀ, ਕਬੱਡੀ, ਖਿੱਦੋ ਖੂੰਡੀ, ਲੁਕਣ ਮੀਟੀ, ਜੱਟ ਬ੍ਰਾਹਮਣ, ਚੀਚੋ ਚੀਚ ਘਚੋਲੀਆਂ, ਸਮੁੰਦ ਝੱਗ, ਗੱਤਕਾਬਾਜੀ, ਕੁਸ਼ਤੀ, ਬਿੱਲ ਬਚਿਆਂ ਦੀ ਮਾਂ, ਬਾਰਾਂ ਟਾਹਣੀ, ਕਾਵਾਂ ਘੋੜੀ, ਕੀੜ ਕੜਾਂਗ, ਪਿੱਠੂ, ਮਨ ਮਾਨ ਚਲੇ, ਛਟਾਪੂ, ਚੌਪਟ, ਰੱਬ ਦੀ ਖੁੱਤੀ, ਲੰਮੀ ਕਬੱਡੀ, ਲੁਕਣ ਮੀਟੀ,ਜੰਡ ਬ੍ਰਾਹਮਣ, ਆਨ ਚਲੇ ਮਨ ਮਾਨ ਚਲੇ, ਆਦਿ ਖੇਡਾ ਗਲੀਆਂ ਮੁਹੱਲਿਆ ਵਿਚ ਪਏ ਪਲਾਟਾਂ ਅਤੇ ਖਾਲੀ ਪਏ ਮੈਦਾਨਾਂ ਵਿਚ ਬੱਚਿਆ, ਗੱਭਰੂਆ ਤੇ ਮੁਟਿਆਰਾਂ ਵਿਚ ਆਮ ਖੇਡੀਆਂ ਜਾਂਦੀਆਂ ਸਨ। ਵਡੇਰੀ ਉਮਰ ਦੇ ਬਜ਼ੁਰਗ ਪਿੱਛੇ ਨਹੀਂ ਸੀ ਰਹਿੰਦੇ ਉਹ ਵੀ ਬੋਹੜਾਂ ਦੇ ਦਰੱਖਤਾ ਹੇਠ ਬੈਠਕੇ ਕੇ ਤਾਸ਼, ਬਾਰਾਂ ਟਾਹਣੀ ਆਦਿ ਖੇਡਾਂ ਨਾਲ ਮਨਪ੍ਰਚਾਵਾ ਕਰ ਲੈਂਦੇ ਸਨ।
ਇਨ੍ਹਾਂ ਛੋਟੀਆਂ ਖੇਡਾਂ ਨਾਲ ਜਿੱਥੇ ਮਨਪ੍ਰਚਾਵਾ ਹੋ ਜਾਂਦਾ ਸੀ ਤੇ ਮਨ ਨੂੰ ਰੂਹ ਦੀ ਖੁਰਾਕ ਮਿਲ ਜਾਂਦੀ ਸੀ ਉਥੇ ਇਹ ਖੇਡਾ ਮਾਨਸਿਕ ਵਿਕਾਸ ਲਈ ਬੇਹੱਦ ਸਹਾਈ ਹੁੰਦੀਆਂ ਸਨ। ਇਹਨਾਂ ਸਾਰੀਆਂ ਛੋਟੀਆਂ ਖੇਡਾਂ ਲਈ ਕੋਈ ਵੀ ਕੀਮਤੀ ਸਾਜ਼ੋ-ਸਮਾਨ ਨਹੀਂ ਸੀ ਚਾਹੀਦਾ ਹੁੰਦਾ। ਇਨ੍ਹਾਂ ਛੋਟੀਆਂ ਖੇਡਾਂ ਵਿਚ ਖਿਡਾਰੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਸੀ ਹੁੰਦੀ। ਖਿਡਾਰੀ ਵੱਧ-ਘੱਟ ਚਲ ਜਾਂਦੇ ਸਨ। ਜਿਹੜਾ ਖਿਡਾਰੀ ਹੁਸ਼ਿਆਰ, ਚੁਸਤ ਤੇ ਇਮਾਨਦਾਰ ਹੁੰਦਾ ਸੀ ਉਸ ਨੂੰ ਟੀਮ ਲੀਡਰ ਬਣਾਇਆ ਜਾਂਦਾ ਸੀ। ਇਹ ਬੱਚਿਆ ਦਾ ਟੋਲਾ ਇਕੱਠਾ ਹੋ ਕੇ ਇਹ ਛੋਟੀਆਂ ਖੇਡਾ ਖੇਡ ਕੇ ਮਨਪ੍ਰਚਾਵਾ ਕਰਦੇ ਸਨ। ਇਹ ਖੇਡਾਂ ਖੇਡਦੇ ਸਮੇਂ ਖਿਡਾਰੀਆ ਨੂੰ ਪਤਾ ਹੁੰਦਾ ਸੀ ਕਿ ਇਹਨਾਂ ਛੋਟੀਆ ਖੇਡਾਂ ਨਾਲ ਸਰੀਰਕ ਕਸਰਤ ਵੀ ਹੋ ਜਾਂਦੀ ਹੈ।
ਇਹ ਛੋਟੀਆਂ ਖੇਡਾਂ ਬਹੁਤ ਹੀ ਦਿਲਚਸਪ ਹੋਣ ਕਾਰਨ ਪਿੰਡ ਤੇ ਰਾਹਗੀਰ ਅਤੇ ਪਿੰਡ ਦੇ ਹੋਰ ਲੋਕ ਖੜੇ ਹੋ ਕੇ ਦੇਖਣ ਲੱਗ ਪੈਂਦੇ ਸਨ ਜਿਸ ਨਾਲ ਖੇਡਣ ਵਾਲੇ ਖਿਡਾਰੀਆਂ ਦਾ ਮਨੋਬਲ ਹੋਰ ਵਧ ਜਾਂਦਾ ਤੇ ਹੋਰ ਜੋਸ ਆ ਜਾਂਦਾ ਸੀ। ਖੇਡਣ ਮੌਕੇ ਜੇ ਕਿਸੇ ਖਿਡਾਰੀ ਤੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਇਕੱਠੇ ਹੋਏ ਲੋਕਾਂ ਦੇ ਹਾਸੇ- ਠੱਠੇ ਸ਼ੁਰੂ ਹੋ ਜਾਂਦੇ ਸਨ। ਇਹਨਾਂ ਹਲਾਤਾ ਵਿਚ ਬੱਚੇ ਨੂੰ ਆਪਣੀ ਹੋਈ ਗਲਤੀ ਦਾ ਅਹਿਸਾਸ ਹੋ ਜਾਂਦਾ ਸੀ ਤੇ ਦੂਸਰਾ ਟੀਮ ਲੀਡਰ ਨੂੰ ਬੋਲਣ ਦੀ ਜਰੂਰਤ ਨਹੀ ਸੀ ਪੈਂਦੀ ਫਿਰ ਪਾਰੀ ਆਪਣੇ ਆਪ ਦੂਸਰੇ ਦੇ ਪੱਖ ਵਿਚ ਹੋ ਜਾਂਦੀ ਸੀ।
ਇਨਾਂ ਛੋਟੀਆ ਖੇਡਾ ਵਿਚ ਕੋਈ ਵੀ ਰੈਫਰੀ ਜਾਂ ਇੰਮਪਾਇਰ ਜਰੂਰਤ ਨਹੀਂ ਸੀ ਪੈਂਦੀ, ਖੇਡ ਟੀਮਾਂ ਦੇ ਲੀਡਰ ਬਣੇ ਖਿਡਾਰੀ ਹੀ ਇਨ੍ਹਾਂ ਖੇਡਾਂ ਨੂੰ ਕੰਟਰੋਲ ਕਰ ਲੈਂਦੇ ਸਨ। ਸਮੇਂ ਦੀ ਤੇਜ਼ ਰਫਤਾਰ ਨੇ ਅੱਜ ਇਹ ਛੋਟੀਆਂ ਖੇਡਾਂ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਹੈ।
ਦੂਸਰੇ ਪਾਸੇ ਸਕੂਲਾਂ ਵਿਚ ਉਕਤ ਛੋਟੀਆ ਖੇਡਾਂ ਸਰੀਰਕ ਸਿੱਖਿਆ ਦੇ ਅਧਿਆਪਕ ਬੜੇ ਹੀ ਉਤਸ਼ਾਹ ਨਾਲ ਕਰਵਾਉਂਦੇ ਸਨ ਦੇਖਣ ਵਿਚ ਇਹ ਞੀ ਆਇਆ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਦੇ ਖੇਡ ਮੈਦਾਨਾਂ ਅੰਦਰ ਕੁਝ ਸਰੀਰਕ ਸਿੱਖਿਆ ਦੇ ਅਧਿਆਪਕ ਉਕਤ ਖੇਡਾਂ ਨੂੰ ਅੱਜ ਵੀ ਖਿਡਾਕੇ ਛੋਟੀਆਂ ਖੇਡਾਂ ਨੂੰ ਜੀਵਤ ਰੱਖ ਰਹੇ ਹਨ ਜੋ ਕਿ ਇਕ ਸਲਾਹੁਣਯੋਗ ਉਪਰਾਲਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਸ਼੍ਰੀ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਮਹਾਂਮਾਰੀ ਖਤਮ ਹੋਣ ਉਪਰੰਤ ਅਤੇ ਸਕੂਲ ਖੁੱਲ੍ਹਣ ਤੋਂ ਬਾਅਦ ਇਨ੍ਹਾਂ ਛੋਟੀਆਂ ਖੇਡਾਂ ਨੂੰ ਬੱਚਿਆਂ ਵਿਚ ਮੁੜ ਸੁਰਜੀਤ ਕਰਨ ਲਈ ਵਿਸ਼ੇਸ਼ ਮੁਹਿੰਮ ਅਰੰਭੀ ਜਾਵੇਗੀ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਛੋਟੀਆਂ ਖੇਡਾਂ ਦਾ ਮਨੋਰੰਜਨ ਵੀ ਕਰ ਸਕਣ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਿਆਲਾ ਦੀ ਪ੍ਰਿੰਸੀਪਲ ਕਮਲਦੀਪ ਕੌਰ, ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਜੰਗਲ ਦੇ ਪ੍ਰਿੰਸੀਪਲ ਬਲਵਿੰਦਰ ਸੈਣੀ, ਲੈਕਚਰਾਰ ਸਿਧਾਰਥ ਸ਼ਰਮਾ ਸਟੇਟ ਐਵਾਰਡੀ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀ ਕਿਤਾਬੀ ਕੀੜੇ ਨਾ ਬਣੇ ਰਹਿਣ ਉਹਨਾਂ ਦਾ ਮਨੋਰੰਜਨ ਵੀ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ ਵਿੱਚ ਇਹ ਖੇਡਾਂ ਸਮਾਬੱਧ ਤਰੀਕੇ ਨਾਲ ਕਰਾਈਆ ਜਾਂਦੀਆਂ ਹਨ। ਉਕਤ ਸਮੂਹ ਨੇ ਕਿਹਾ ਕਿ ਸਕੂਲ ਖੁਲ੍ਹਣ ਤੋਂ ਬਾਅਦ ਇਹਨਾਂ ਛੋਟੀਆਂ ਖੇਡਾਂ ਨੂੰ ਉਹ ਸਕੂਲਾਂ ਅੰਦਰ ਹੋਰ ਉਤਸ਼ਾਹਿਤ ਕਰਨਗੇ।
ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀ ਨੂੰ ਚਾਹੀਦਾ ਹੈ ਕਿ ਛੋਟੀਆਂ ਖੇਡਾਂ ਨੂੰ ਸਕੂਲਾਂ ਅੰਦਰ ਪ੍ਰਫੁਲਤ ਕਰਨ ਲਈ ਵਿਸ਼ੇਸ ਜਤਨ ਕੀਤੇ ਜਾਣ ਤਾਂ ਜੋ ਸਾਡਾ ਪੁਰਾਣਾ ਵਿਰਸਾ ਉਕਤ ਛੋਟੀਆਂ ਖੇਡਾਂ ਮੁੜ ਤੋਂ ਸੁਰਜੀਤ ਹੋ ਸਕਣ। ਅੱਜ ਕਲ ਚੱਲ ਰਹੀ ਕਰੋਨਾ ਮਹਾਂਮਾਰੀ ਦੇ ਖਤਮ ਹੋਣ ਬਾਅਦ ਅਤੇ ਸਕੂਲ ਖੁੱਲ੍ਹਣ ਤੋਂ ਬਾਅਦ ਕੀ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀ ਸਰਕਾਰੀ ਸਕੂਲਾਂ ਵਿੱਚ ਛੋਟੀਆਂ ਖੇਡਾਂ ਖੇਡਾਂ ਨੂੰ ਸੁਰਜੀਤ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭੇਗੀ—-?
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements