ਸ੍ਰ ਬੇਅੰਤ ਸਿੰਘ ਸਟੇਟ ‘ਵਰਿਸਟੀ’ ‘ਚ ਜਾਤੀ ਵਿਤਕਰੇ ਦਾ ਮਾਮਲਾ
ਕਮਿਸ਼ਨ ਨੇ 15 ਅਗਸਤ ਨੂੰ ਕੀਤੀ ਡੀਜੀਪੀ ਤੋਂ ਰਿਪੋਰਟ ‘ਤਲਬ’
ਵਿਸ਼ੇਸ਼ ਜਾਂਚ ਟੀਮ ਕਰੇਗੀ ਪੜਤਾਲ : ਡਾ ਸਿਆਲਕਾ
ਗੁਰਦਾਸਪੁਰ,26,ਜੂਨ ( ਅਸ਼ਵਨੀ ) :- ਇਥੇ ਸਥਿਤ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ‘ਚ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨਾਲ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਕੋਲ ਪੁੱਜਾ ਹੈ। ਗੁਰਦਾਸਪੁਰ ਦੇ ਰੈਸਟ ਹਾਊਸ ਵਿਖੇ ‘ਵਰਿਸਟੀ’ ਦੇ ਮੁਲਾਜ਼ਮਾਂ ਦੇ ਇੱਕ ‘ਵਫਦ’ ਜਿਸ ‘ਚ ਪ੍ਰੌਫੈਸਰ ਤੋਂ ਇਲਾਵਾ ਨਾਨ ਟੀਚਿੰਗ ਸਟਾਫ ਦੇ ਮੁਲਾਜ਼ਮ ਵੀ ਸ਼ਾਮਲ ਸਨ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਦੇ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਪ੍ਰੌ : ਰਣਜੀਤ ਸਿੰਘ, ਵਿਕਰਮਜੀਤ, ਸਹਾਇਕ ਪ੍ਰੌ ਮਨਵੀਰ ਕੌਰ, ਸਹਾਇਕ ਪ੍ਰੌ ਸੰਜੀਵ ਕੁਮਾਰ ਅਤੇ ਸ੍ਰ ਬਲਵੰਤ ਸਿੰਘ ਨੇ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੂੰ ਲਿਖਤੀ ਸ਼ਿਕਾਇਤ ਸੌਂਪਦੇ ਹੋਏ, ਵਰਿਸਟੀ ‘ਚ ਪੜੇ ਲਿਖੇ ਅਧਿਆਪਨ ਅਤੇ ਹੋਰ ਖੇਤਰਾਂ ‘ਚ ਨਾਮਣਾ ਖੱਟਣ ਵਾਲੇ ਦਲਿਤ ਮੁਲਾਜ਼ਮਾਂ ਦੇ ਨਾਲ ਜਾਤੀ ਤੌਰ ‘ਤੇ ਵਿਤਕਰਾ ਕੀਤਾ ਜਾ ਰਿਹਾ ਹੈ।‘ਵਫਦ’ ‘ਚ ਸ਼ਾਮਲ ਵਰਿਸਟੀ ਦੇ ਮੁਲਾਜ਼ਮਾਂ ਨੇ ਰੋਸ ਪ੍ਰਗਟ ਕੀਤਾ ਹੈ ਕਿ ਪ੍ਰਬੰਧਕੀ ਅਮਲਾ ਉਨ੍ਹਾ ਦੀ ਸੀਨੀਆਰਟੀ ਅਤੇ ਵਿਭਾਗੀ ਪ੍ਰਮੋਸ਼ਨ ਨੂੰ ਨਜ਼ਰ ਅੰਦਾਜ ਕਰਦਾ ਆ ਰਿਹਾ ਹੈ।ਉਨ੍ਹਾ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਫੰਡਾਂ ਨੂੰ ਲੈ ਕੇ ਹੋਏ ਬਹੁ ਕਰੋੜੀ ਘਪਲੇ ਦੀ ਜਾਂਚ ਲਈ ਅਸੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਤਸਦੀਕ ਸੁਦਾ ‘ਹਲਫੀਆ ਬਿਆਨ’ ਦੇਣ ਲਈ ‘ਹਲਫ’ ਲੈਂਦੇ ਹਾਂ, ਟੈਕਨੀਸ਼ਨ ਗ੍ਰੇਡ (2) ਵਿਕਰਮਜੀਤ ਨੇ ਕਿਹਾ ਕਿ ੳਨਾ ਨੇ ਫੰਡਾਂ ਦੀ ਦੁਰਵਤੋਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ ।ਜਿਸ ਦਾ ਖਮਿਆਜ਼ਾ ਭੁਗਤਣਾ ਪੇ ਰਿਹਾ ਹੈ। ਉਸ ਨੇ ਦੱਸਿਆ ਕਿ ਮੈਂਨੂੰ ਦੋ ਵਾਧੂ ਚਾਰਜ ਦਿੱਤੇ ਗਏ ਸਨ,ਜੋ ਬਾਦ ‘ਚ ਵਾਪਸ ਲੈ ਲਏ ਗਏ ਹਨ ਅਤੇ ਮੈਂਨੂੰ ਸਰਵਿਸ ਦੌਰਾਨ ਮਿਲਣ ਵਾਲੇ ਵਿਭਾਗੀ ਲਾਭ ਤੋਂ ਵੀ ਲਾਂਭੇਂ ਰੱਖਿਆ ਹੋਇਆ ਹੈ।
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਵਰਿਸਟੀ ਤੋਂ ਆਏ ‘ਵਫਦ’ ਦੀ ਗੱਲਬਾਤ ਸੁਣਨ ਅਤੇ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਦ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ਿਕਾਇਤ ‘ਚ ਬਹੁ ਕਰੋੜੀ ਘਪਲਾ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾ ਨੇ ਦੱਸਿਆ ਕਿ ਵਰਿਸਟੀ ‘ਚ ਜਾਤੀ ਵਿਤਕਰੇ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ਡਾਢ੍ਹੀ ਚਿੰਤਾਂ ਦਾ ਵਿਸ਼ਾ ਹਨ । ਇੱਕ ਸਵਾਲ ਦੇ ਜਵਾਬ ‘ਚ ੳਨ੍ਹਾ ਨੇ ਕਿਹਾ ਕਿ ਮਾਮਲਾ ਗੰਭੀਰ ਅਤੇ ਅਪਰਾਧ ਨਾਲ ਸਬੰਧਤ ਹੋਣ ਕਰਕੇ ਪੰਜਾਬ ਰਾਜ ਐਸਸੀ ਕਮਿਸ਼ਨ ਨੇ ਡੀਜੀਪੀ ਪੰਜਾਬ ਤੋਂ 15 ਅਗਸਤ 2021 ਤੱਕ ਸਟੇਟਸ ਰਿਪੋਰਟ ਮੰਗ ਲਈ ਹੈ। ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਡੀਜੀਪੀ ਨੂੰ ਲਿਖਿਆ ਗਿਆ ਹੈ ਕਿ ਸਰਦਾਰ ਬੇਅੰਤ ਸਿੰਘ ਸਟੇਟ ਵਰਿਸਟੀ ਗੁਰਦਾਸਪੁਰ ‘ਚ ਹੋ ਰਹੇ ਜਾਤੀ ਵਿਤਕਰੇ ਅਤੇ ਬਹੁ ਕਰੋੜੀ ਘਪਲੇ ਦੀ ਜਾਂਚ ਲਈ ਸਪੈਸ਼ਲ ਕ੍ਰਾਈਮ ਬ੍ਰਾਂਚ, ਵਿਜੀਲੈਂਸ ਅਤੇ ਤਕਨੀਕੀ ਵਿਦਿਅਕ ਮਹਿਰਾਂ ਅਧਾਰਿਤ ਪੜਤਾਲੀਆਂ ਕਮੇਟੀ ਬਣਾ ਕੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਕੇ ਜਾਂਚ ਦੀ ਸਿੱਟਾ ਰਿਪੋਰਟ 15 ਅਗਸਤ 2021 ਨੂੰ ਪੇਸ਼ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ਇਸ ਮੌਕੇ ਲੋਕ ਸੰਪਰਕ ਅਫਸਰ ਸਤਨਾਮ ਸਿੰਘ ਅਤੇ ਸੀਨੀਅਰ ਵਕੀਲ ਜਯੋਤੀ ਪਾਲ ਪਠਾਨਕੋਟ ਵੀ ਹਾਜਰ ਸਨ।
ਫੋਟੋ ਕੈਪਸ਼ਨ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਨੂੰ ਵਰਿਸਟੀ ਦੇ ਪ੍ਰੌਫੈਸਰ ਤੇ ਸਟਾਫ ਵਰਿਸਟੀ ਮਾਮਲਿਆਂ ਬਾਰੇ ਜਾਂਚ ਲਈ ਸ਼ਿਕਾਇਤ ਸੌਂਪਦੇ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp