ਜੇਲਾਂ ‘ਚ ਗ਼ੈਰਕਾਨੂੰਨੀ ਸਮੱਗਰੀ ਜਾਣ ਤੋਂ ਰੋਕਣ ਲਈ ਲੱਗਣਗੀਆਂ ਬਾਡੀ ਐਕਸਰੇ ਮਸ਼ੀਨਾਂ-ਜੇਲ ਮੰਤਰੀ ਰੰਧਾਵਾ

ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ ਦਾ 25 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਪੁਨਰ ਨਿਰਮਾਣ ਤੇ ਨਵੀਨੀਕਰਨ-ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
-ਜੇਲ ਮੰਤਰੀ ਵੱਲੋਂ ਨਾਭਾ ਅਤੇ ਪਟਿਆਲਾ ਜੇਲਾਂ ਦਾ ਦੌਰਾ
-ਉੱਚ ਸੁਰੱਖਿਆ ਜੇਲ ਦੇ 2023 ‘ਚ 100 ਸਾਲ ਹੋਣਗੇ ਪੂਰੇ, ਪੁਰਾਤਨ ਦਿੱਖ ਰੱਖੀ ਜਾਵੇਗੀ ਬਹਾਲ
-ਨਵਾਂ ਪ੍ਰਬੰਧਕੀ ਬਲਾਕ, 60 ਸੈਲ, ਫੈਕਟਰੀ, ਹਸਪਤਾਲ ਤੇ ਕੰਟੀਨ ਵੀ ਬਣੇਗੀ ਨਵੀਂ
-ਜੇਲਾਂ ‘ਚ ਮੋਬਾਇਲਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਨਵੇਂ ਤਜਰਬੇ ‘ਤੇ ਹੋ ਰਿਹਾ ਹੈ ਅਮਲ-ਰੰਧਾਵਾ
– ਜੇਲਾਂ ‘ਚ ਗ਼ੈਰਕਾਨੂੰਨੀ ਸਮੱਗਰੀ ਜਾਣ ਤੋਂ ਰੋਕਣ ਲਈ ਲੱਗਣਗੀਆਂ ਬਾਡੀ ਐਕਸਰੇ ਮਸ਼ੀਨਾਂ-ਜੇਲ ਮੰਤਰੀ
ਨਾਭਾ, ਪਟਿਆਲਾ, 8 ਜੁਲਾਈ:
ਨਾਭਾ ਦੀ ਲਗਪਗ 98 ਸਾਲ ਪੁਰਾਣੀ ਉੱਚ ਸੁਰੱਖਿਆ ਜੇਲ ਨੂੰ 25 ਕਰੋੜ ਰੁਪਏ ਖ਼ਰਚ ਕਰਕੇ ਇਸਦਾ ਪੁਨਰ ਨਿਰਮਾਣ ਅਤੇ ਨਵੀਨੀਕਰਨ ਦਾ ਕਾਰਜ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਅਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਜੇਲ ‘ਚ 40 ਸੈਲ ਤੇ ਬੈਰਕਾਂ ਹਨ ਅਤੇ ਇੱਥੇ 450 ਦੇ ਕਰੀਬ ਬੰਦੀਆਂ ਨੂੰ ਰੱਖਿਆ ਜਾ ਸਕਦਾ ਹੈ ਪਰੰਤੂ ਹੁਣ ਪੁਰਾਣੀਆਂ ਬੈਰਕਾਂ ਦੀ ਥਾਂ 60 ਹੋਰ ਨਵੇਂ ਸੈਲ ਬਣਾਏ ਜਾਣ ਦੀ ਤਜਵੀਜ ਹੈ, ਜਿਸ ਨਾਲ ਇੱਥੇ 250 ਦੇ ਕਰੀਬ ਖ਼ਤਰਨਾਕ ਕਿਸਮ ਦੇ ਅਪਰਾਧੀਆਂ ਤੇ ਬੰਦੀਆਂ ਨੂੰ ਹੀ ਇੱਥੇ ਰੱਖਿਆ ਜਾਵੇਗਾ।


ਸ. ਰੰਧਾਵਾ, ਅੱਜ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਦਾ ਦੌਰਾ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਜੇਲਾਂ ਸ੍ਰੀ ਡੀ.ਕੇ. ਤਿਵਾੜੀ, ਆਈ.ਜੀ. ਸ੍ਰੀ ਰੂਪ ਕੁਮਾਰ ਤੇ ਜੇਲ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਬਾਅਦ ਸ. ਰੰਧਾਵਾ ਨੇ ਪਟਿਆਲਾ ਦੀ ਕੇਂਦਰੀ ਜੇਲ ਦਾ ਵੀ ਦੌਰਾ ਕੀਤਾ ਅਤੇ ਇੱਥੇ ਜੇਲ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਬੰਦੀਆਂ ਲਈ ਤਿਆਰ ਖਾਣੇ ਦਾ ਵੀ ਜਾਇਕਾ ਲਿਆ, ਉਨ੍ਹਾਂ ਨੇ ਬੰਦੀਆਂ ਵੱਲੋਂ ਤਿਆਰ ਕੀਤੇ ਗਏ ਸਮਾਨ ਨੂੰ ਵੀ ਦੇਖਿਆ ਅਤੇ ਪ੍ਰਸ਼ੰਸਾ ਕੀਤੀ।
ਜੇਲ ਮੰਤਰੀ ਸ. ਰੰਧਾਵਾ ਨੇ ਅੱਜ ਇੱਥੇ ਨਾਭਾ ਦੀ ਇਸ ਵਿਰਾਸਤੀ ਜੇਲ ਦਾ ਦੌਰਾ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਸੁਧਾਰ ਦੀ ਕਰਾਂਤੀ ਲਿਆ ਕੇ ਜੇਲ੍ਹਾਂ ਅੰਦਰ ਬਣੇ ਗੁੰਡਾਗਰਦੀ ਵਾਲੇ ਮਾਹੌਲ ਨੂੰ ਨੱਥ ਪਾ ਕੇ ਹਰ ਪੱਖੋਂ ਸੁਧਾਰ ਲਿਆਂਦਾ ਹੈ।
ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਨਾਭਾ ਦੀ ਇਸ ਉੱਚ ਸੁਰੱਖਿਆ ਜੇਲ ‘ਚ ਆਜ਼ਾਦੀ ਦੀ ਲੜਾਈ ਸਮੇਂ ਅੰਗਰੇਜ਼ ਹਕੂਮਤ ਨੇ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਕੇ. ਸਨਤਾਨਮ ਆਦਿ ਸੁਤੰਤਰਤਾ ਸੰਗਰਾਮੀਆਂ  ਨੂੰ ਵੀ ਇੱਥੇ ਬੰਦ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ 2023 ‘ਚ ਇਸ ਜੇਲ ਦੀ ਸਥਾਪਤੀ ਦੇ 100 ਵਰ੍ਹੇ ਪੂਰੇ ਹੋਣ ਜਾ ਰਹੇ ਹਨ, ਜਿਸ ਲਈ ਇਸ ਦੀ ਪੁਰਾਤਨ ਦਿੱਖ ਨੂੰ ਬਹਾਲ ਰੱਖਦਿਆਂ ਇਸ ਨੂੰ ਇੱਕ ਨਵਾਂ ਰੂਪ ਦਿੱਤੇ ਜਾਣ ਦੀ ਤਜਵੀਜ ਉਲੀਕੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਇਸ ਜੇਲ ਨੂੰ ਇੱਥੋਂ ਤਬਦੀਲ ਕੀਤੇ ਜਾਣ ਦੀ ਤਜਵੀਜ ਸੀ, ਜਿਸ ਉਪਰ ਲਗਪਗ 110 ਕਰੋੜ ਰੁਪਏ ਖ਼ਰਚ ਆਉਣੇ ਸਨ ਪ੍ਰੰਤੂ ਸਰਕਾਰ ਨੇ 85 ਕਰੋੜ ਰੁਪਏ ਦੀ ਬਚਤ ਕਰਦਿਆਂ, ਇਸੇ ਪੁਰਾਣੀ ਜੇਲ ਦੇ ਹੀ ਪੁਨਰ ਨਿਰਮਾਣ ਤੇ ਇਸਦੇ ਨਵੀਨੀਕਰਨ ਦੀ ਤਜਵੀਜ ‘ਤੇ ਅਮਲ ਕਰਨਾ ਸ਼ੁਰੂ ਕੀਤਾ ਹੈ।
ਜੇਲ ਮੰਤਰੀ ਨੇ ਹੋਰ ਦੱਸਿਆ ਕਿ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਇਸ ਜੇਲ ‘ਚ ਨਵਾਂ ਪ੍ਰਬੰਧਕੀ ਬਲਾਕ, ਗੁਰਦੁਆਰਾ ਸਾਹਿਬ ਦੇ ਨੇੜੇ ਬਣੀ ਰਸੋਈ ਤੇ ਹਸਪਤਾਲ ਨੂੰ ਢਾਹ ਕੇ ਨਵਾਂ ਹਸਪਤਾਲ, ਕੰਟੀਨ, ਚੱਕਰ ਹੌਲਦਾਰ ਦਾ ਨਵਾਂ ਦਫ਼ਤਰ, ਬੈਰਕਾਂ ਦੀ ਜਗ੍ਹਾ ਮੌਜੂਦਾ 40 ਸੈਲਾਂ ਦੇ ਨਾਲ ਹੋਰ 60 ਨਵੇਂ ਸੈਲ, ਨਵੇਂ ਵਾਚ ਟਾਵਰ, ਰਿਹਾਇਸ਼ੀ ਮਕਾਨਾਂ ਦੀ ਮੁਰੰਮਤ ਆਦਿ ਦੇ ਕੰਮ ਨੂੰ ਅਗਲੇ 2 ਸਾਲਾਂ ‘ਚ ਮੁਕੰਮਲ ਕਰਵਾਇਆ  ਜਵੇਗਾ।
ਜੇਲ ਦੇ ਬਾਹਰ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਲਾਂ ‘ਚ ਸੁਧਾਰ ਲਿਆਉਣੇ ਉਨ੍ਹਾਂ ਦੀ ਮੁੱਢਲੀ ਪਹਿਲਕਦਮੀ ਸੀ, ਜਿਸ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਸ. ਰੰਧਾਵਾ ਨੇ ਜੇਲਾਂ ‘ਚ ਮੋਬਾਇਲਾਂ ਦੀ ਤਸਕਰੀ ਬਾਰੇ ਕਿਹਾ ਕਿ ਜੈਮਰ 3-ਜੀ ਤੋਂ 4-ਜੀ, 4-ਜੀ ਤੋਂ 5-ਜੀ ਤਕਨੀਕ ਦੀ ਤਬਦੀਲੀ ਕਰਕੇ ਕਾਮਯਾਬ ਨਹੀਂ ਹੋ ਸਕਦੇ, ਜਿਸ ਲਈ ਮੋਬਾਇਲਾਂ ਦੀ ਰੋਕਥਾਮ ਲਈ ਤਿੰਨ ਨਵੇਂ ਸੰਕਲਪਾਂ ਤਹਿਤ ਦਿੱਲੀ ਦੀ ਮੰਡੋਲੀ ਜੇਲ, ਪੰਜਾਬ ਦੀ ਕਪੂਰਥਲਾ ਜੇਲ, ਬਠਿੰਡਾ ਤੇ ਪਟਿਆਲਾ ਜੇਲਾਂ ‘ਚ ਕੀਤੇ ਜਾ ਰਹੇ ਨਵੇਂ ਤਜਰਬੇ ਦੀ ਸਫ਼ਲਤਾ ਮਗਰੋਂ ਸਾਰੀਆਂ ਜੇਲਾਂ ‘ਚ ਇਸ ‘ਤੇ ਅਮਲ ਕੀਤਾ ਜਾਵੇਗਾ। ਜੇਲ ਮੰਤਰੀ ਨੇ ਅੱਗੇ ਕਿਹਾ ਕਿ ਜੇਲਾਂ ਅੰਦਰ ਗ਼ੈਰਕਾਨੂੰਨੀ ਵਸਤੂਆਂ ਦੀ ਆਮਦ ਨੂੰ ਰੋਕਣ ਲਈ ਸਾਰੀਆਂ ਜੇਲਾਂ ‘ਚ 2-2 ਕਰੋੜ ਰੁਪਏ ਦੀਆਂ ਬਾਡੀ ਐਕਸਰੇ ਮਸ਼ੀਨਾਂ ਲਗਾਈਆਂ ਜਾਣਗੀਆਂ।
ਇਸ ਮੌਕੇ ਪਟਿਆਲਾ ਜੇਲ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੁੱਖ ਆਰਕੀਟੈਕਟ ਆਸ਼ਾ ਮਹਾਜਨ, ਮੁੱਖ ਇੰਜੀਨੀਅਰ ਰਣਜੋਧ ਸਿੰਘ, ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ, ਜੇਲ ਸੁਪਰਡੈਂਟ ਰਮਨਦੀਪ ਸਿੰਘ ਭੰਗੂ, ਡੀ.ਐਸ.ਪੀ. ਰਾਜੇਸ਼ ਛਿੱਬੜ, ਨਾਭਾ ਜੇਲ ਦੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
**********
ਫੋਟੋ ਕੈਪਸ਼ਨ-ਪੰਜਾਬ ਦੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਭਾ ਦੀ ਉਚ ਸੁਰੱਖਿਆ ਜੇਲ ਦੇ ਨਵੀਨੀਕਰਨ ਦੇ ਪ੍ਰਾਜੈਕਟ ਤਹਿਤ ਜੇਲ ਦਾ ਦੌਰਾ ਕਰਨ ਮੌਕੇ ਨਕਸ਼ਾ ਦੇਖਦੇ ਹੋਏ। ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਜੇਲਾਂ ਸ੍ਰੀ ਡੀ.ਕੇ. ਤਿਵਾੜੀ ਵੀ ਨਜ਼ਰ ਆ ਰਹੇ ਹਨ।
**ਪੰਜਾਬ ਦੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਪਟਿਆਲਾ ਦੀ ਕੇਂਦਰੀ ਜੇਲ ਦੇ ਦੌਰੇ ਦੌਰਾਨ ਬੰਦੀਆਂ ਵੱਲੋਂ ਤਿਆਰ ਕੀਤੇ ਗਏ ਸਮਾਨ ਨੂੰ ਵੇਖਦੇ ਹੋਏ। ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਜੇਲਾਂ ਸ੍ਰੀ ਡੀ.ਕੇ. ਤਿਵਾੜੀ ਵੀ ਨਜ਼ਰ ਆ ਰਹੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply