ਕਿਸਾਨਾਂ ਨਾਲ ਧ੍ਰੋਹ ਕਮਾਉਣਾ ਬੰਦ ਕਰੋ, ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਚੋਣ ਵਾਅਦਾ ਕਰਨ ਉਤੇ ਆੜੇ ਹੱਥੀ ਲਿਆ

ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਨਾਲ ਧ੍ਰੋਹ ਕਮਾਉਣਾ ਬੰਦ ਕਰੋ, ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਚੋਣ ਵਾਅਦਾ ਕਰਨ ਉਤੇ ਆੜੇ ਹੱਥੀ ਲਿਆ
ਆਖਿਆ, ‘ਅਸੀਂ ਇਹ ਐਲਾਨ ਪਹਿਲਾਂ ਹੀ ਕਰ ਚੁੱਕੇ ਹਾਂ ਜਦੋਂ ਕਿ ਤੁਸੀਂ ਭਾਜਪਾ ਨਾਲ ਮਿਲ ਕੇ ਸਾਡੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚ ਰਹੇ ਸੀ’
ਚੰਡੀਗੜ, 10 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਨਾਲ ਧ੍ਰੋਹ ਕਮਾਉਦਿਆਂ ਕੀਤੀ ਸ਼ਰਮਨਾਕ ਕੋਸ਼ਿਸ਼ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕੁੱਝ ਬੋਲਣ ਤੋਂ ਪਹਿਲਾਂ ਤੱਥ ਦੇਖ ਲਿਆ ਕਰੇ ਕਿਉਕਿ ਉਨਾਂ ਜੋ ਚੋਣ ਵਾਅਦਾ ਕੀਤਾ ਹੈ, ਉਹ ਐਲਾਨ ਤਾਂ ਮੌਜੂਦਾ ਸੂਬਾ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਲਈ ਕੀਤੇ ਐਲਾਨ ਨੂੰ ਮੁੱਖ ਮੰਤਰੀ ਨੇ ਸੁਖਬੀਰ ਵੱਲੋਂ ਕਿਸਾਨਾਂ ਨੂੰ ਭਰਮਾਉਣ ਦੀ ਆਖਰੀ ਕੋਸ਼ਿਸ਼ ਕਰਾਰ ਦਿੱਤਾ ਕਿਉਕਿ ਖੇਤੀ ਕਾਨੂੰਨਾਂ ਕਰਕੇ ਕਿਸਾਨ ਅਕਾਲੀ ਦਲ ਤੋਂ ਪਹਿਲਾਂ ਹੀ ਦੂਰ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਆਖਿਆ, ‘‘ਕੀ ਤਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਇੰਨੇ ਨਾਦਾਨ ਹਨ ਜਿਹੜੇ ਤੁਹਾਡੇ ਅਜਿਹੇ ਬਿਆਨਾਂ ਨੂੰ ਮੰਨ ਲੈਣਗੇ?’’ ਉਨਾਂ ਸੁਖਬੀਰ ਬਾਦਲ ਨੂੰ ਅਜਿਹੇ ਫਰੇਬੀ ਬਿਆਨ ਦੇ ਕੇ ਸੂਬੇ ਦੇ ਲੋਕਾਂ ਨਾਲ ਧੋਖਾ ਕਰਨਾ ਬੰਦ ਕਰਨ ਲਈ ਆਖਿਆ। ਉਨਾਂ ਅੱਗੇ ਕਿਹਾ, ‘‘ਤੁਸੀਂ ਉਸ ਗੱਲ ਦੀ ਕਿਵੇਂ ਤਜਵੀਜ਼ ਰੱਖ ਸਕਦੇ ਹੋ, ਜਿਹੜੀ ਪਹਿਲਾਂ ਹੀ ਲਾਗੂ ਕੀਤੀ ਹੋਈ ਹੈ।’’ ਉਨਾਂ ਕਿਹਾ, ‘‘ਅਸੀਂ ਇਹ ਐਲਾਨ ਪਹਿਲਾਂ ਹੀ ਕਰ ਦਿੱਤੇ ਹਾਂ ਜਦੋਂ ਕਿ ਤੁਸੀਂ ਸਾਡੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਹਾਲੇ ਵੀ ਆਪਣੇ ਰਾਜਸੀ ਆਕਾਵਾਂ ਭਾਜਪਾ ਨਾਲ ਮਿਲ ਕੇ ਸਾਜਿਸ਼ਾਂ ਰਚ ਰਹੇ ਹੋ।’’
ਮੁੱਖ ਮੰਤਰੀ ਅੱਜ ਸੁਖਬੀਰ ਵੱਲੋਂ ਦਿੱਤੇ ਉਸ ਬਿਆਨ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਉਨਾਂ ਕਿਹਾ ਸੀ ਕਿ ਜੇ ਸ਼ੋ੍ਰਮਣੀ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਉਹ ਕੇਂਦਰੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਸਿਹਤ ਬੀਮਾ ਦੇਣਗੇ, ਜਦੋਂ ਕਿ ਇਹ ਕਾਲੇ ਖੇਤੀ ਕਾਨੂੰਨ ਅਕਾਲੀਆਂ ਤੇ ਬਾਦਲਾਂ ਦੀ ਸਹਿਮਤੀ ਨਾਲ ਹੀ ਹੋਂਦ ਵਿੱਚ ਆਏ ਸਨ ਕਿਉਕਿ ਉਹ ਉਸ ਵੇਲੇ ਕੇਂਦਰ ਸਰਕਾਰ ਦਾ ਹਿੱਸਾ ਸਨ।
ਸੁਖਬੀਰ ਵੱਲੋਂ ਅਕਾਲੀ ਦਲ ਦੇ ਪੰਜਾਬ ਵਿੱਚ ਸੱਤਾ ਵਿੱਚ ਆਉਣ ਦੇ ਖਿਆਲੀ ਪੁਲਾਵਾਂ ਦਾ ਮਾਖੌਲ ਉਡਾਉਦਿਆਂ ਮੁੱਖ ਮੰਤਰੀ ਨੇ ਕਿਹਾ ਕਿ 10 ਸਾਲ ਦੇ ਰਾਜ ਦੌਰਾਨ ਅਕਾਲੀ ਦਲ ਨੇ ਸੂਬੇ ਦੇ ਲੋਕਾਂ ਨੂੰ ਬਰਬਾਦ ਕਰ ਦਿੱਤਾ। ਉਨਾਂ ਕਿਹਾ ਕਿ ਆਪਣੇ ਹੋਛੇ ਵਾਅਦਿਆਂ ਨਾਲ ਅਕਾਲੀ ਦਲ ਦੇ ਪ੍ਰਧਾਨ ਨੇ ਸਾਬਤ ਕਰ ਦਿੱਤਾ ਕਿ ਉਹ ਜ਼ਮੀਨੀ ਤੌਰ ਉਤੇ ਲੋਕਾਂ ਨਾਲਂ ਪੂਰੀ ਤਰਾਂ ਟੁੱਟਿਆ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਕਿਸਾਨ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਹੁਣ ਤੱਕ ਸੰਘਰਸ਼ ਦੌਰਾਨ ਪੰਜਾਬ ਦੇ 237 ਕਿਸਾਨਾਂ ਦੀ ਜਾਨ ਗਈ ਹੈ ਜਿਨਾਂ ਵਿੱਚੋਂ 191 ਕਿਸਾਨਾਂ ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਗਿਆ ਹੈ ਜਿਸ ਦੀ ਕੁੱਲ ਰਕਮ 9,46,50,000 ਰੁਪਏ ਬਣਦੀ ਹੈ। ਉਨਾਂ ਕਿਹਾ ਕਿ ਬਾਕੀ ਰਹਿੰਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਪ੍ਰਕਿਰਿਆ ਅਧੀਨ ਹੈ ਅਤੇ ਜਦੋਂ ਤੱਕ ਅਕਾਲੀ ਦਲ ਚੋਣਾਂ ਲਈ ਆਪਣੀ ਮੁਹਿੰਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ, ਉਸ ਤੋਂ ਕਾਫੀ ਪਹਿਲਾਂ ਇਹ ਬਾਕੀ ਰਹਿੰਦਾ ਮੁਆਵਜ਼ਾ ਅਦਾ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਖੁਦ ਕਈ ਮਹੀਨੇ ਪਹਿਲਾਂ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਐਲਾਨ ਕਰ ਚੁੱਕੇ ਹਨ ਅਤੇ ਮਾਲ ਵਿਭਾਗ ਵੱਲੋਂ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਦਾ ਕੰਮ ਕਾਫੀ ਹੋ ਚੁੱਕਾ ਹੈ।
ਜਿੱਥੋਂ ਤੱਕ ਸਿਹਤ ਬੀਮੇ ਦੇ ਵਾਅਦੇ ਦਾ ਸਵਾਲ ਹੈ, ਮੁੱਖ ਮੰਤਰੀ ਨੇ ਸੁਖਬੀਰ ਨੂੰ ਪੁੱਛਿਆ, ‘‘ਕੀ ਤੁਸੀਂ ਅਖਬਾਰ ਵੀ ਨਹੀਂ ਪੜਦੇ?’’ ਉਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਸਾਰੇ ਕਿਸਾਨਾਂ ਲਈ ਸੂਬਾਈ ਸਿਹਤ ਬੀਮਾ ਕਵਰ ਲਿਆਂਦਾ ਗਿਆ ਹੈ। ਉਨਾਂ ਕਿਹਾ ਕਿ ਅਕਾਲੀ ਦਲ ਜਾਣਬੁੱਝ ਕੇ ਝੂਠੇ ਵਾਅਦਿਆਂ ਨਾਲ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿਉਕਿ ਉਹ ਇਹ ਸਕੀਮ ਲਾਗੂ ਨਹੀਂ ਕਰ ਸਕਣਗੇ ਕਿਉਕਿ ਉਹ ਤਾਂ ਪਹਿਲਾਂ ਹੀ ਚੱਲ ਰਹੀ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply