LATEST: ਨਿਗਮ ਚੋਣਾਂ ਤੇ ਹਾਊਸ ਦੇ ਗਠਨ ਤੋਂ ਬਾਅਦ ਪਲੇਠੀ ਮੀਟਿੰਗ ’ਚ ਹੋਣਗੀਆਂ ਅਹਿਮ ਵਿਚਾਰਾਂ

ਨਗਰ ਨਿਗਮ ’ਚ ਹਾਊਸ ਦੀ ਮੀਟਿੰਗ ਸੋਮਵਾਰ ਨੂੰ
ਨਿਗਮ ਚੋਣਾਂ ਤੇ ਹਾਊਸ ਦੇ ਗਠਨ ਤੋਂ ਬਾਅਦ ਪਲੇਠੀ ਮੀਟਿੰਗ ’ਚ ਹੋਣਗੀਆਂ ਅਹਿਮ ਵਿਚਾਰਾਂ
ਠੇਕੇ ’ਤੇ ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਰਤੀ, ਪਾਰਕਾਂ ’ਚ ਵੇਰਕਾ ਬੂਥਾਂ ਦੀ ਸਥਾਪਤੀ, ਨਵੇਂ ਪਾਰਕਾਂ ਦੀ ਸਿਰਜਣਾ, ਵਾਟਰ ਟੈਂਕਾਂ, ਜੈਟਿੰਗ ਅਤੇ ਫਾਗਿੰਗ ਮਸ਼ੀਨਾਂ ਦੀ ਖਰੀਦਦਾਰੀ, 10.32 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਵਿਕਾਸ ਆਦਿ ਮੁੱਖ ਏਜੰਡੇ
ਹੁਸ਼ਿਆਰਪੁਰ, 17 ਜੁਲਾਈ (ਆਦੇਸ਼ ): ਨਗਰ ਨਿਗਮ ਦੀਆਂ ਚੋਣਾਂ ਅਤੇ ਹਾਊਸ ਦੇ ਗਠਨ ਤੋਂ ਬਾਅਦ ਨਿਗਮ ਹਾਊਸ ਦੀ ਪਲੇਠੀ ਮੀਟਿੰਗ 19 ਜੁਲਾਈ ਨੂੰ ਨਿਗਮ ਕੰਪਲੈਕਸ ਵਿਚ ਹੋਵੇਗੀ ਜਿਸ  ਵਿਚ ਠੇਕੇ ਦੇ ਆਧਾਰ ’ਤੇ ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਰਤੀ, ਜੈਟਿੰਗ ਤੇ ਫਾਗਿੰਗ ਮਸ਼ੀਨਾਂ, ਵਾਟਰ ਟੈਂਕਾਂ ਦੀ ਖਰੀਦ, ਪਾਰਕਾਂ ਵਿਚ ਵੇਰਕਾ ਬੂਥਾਂ ਦੀ ਸਥਾਪਤੀ, ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਨਵੇਂ ਪਾਰਕਾਂ ਦੀ ਉਸਾਰੀ ਦੇ ਨਾਲ-ਨਾਲ 10.32 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਵਿਕਾਸ ਮੁੱਖ ਏਜੰਡੇ ’ਤੇ ਹੋਵੇਗਾ।
ਸੋਮਵਾਰ ਸ਼ਾਮ ਨੂੰ 3 ਵਜੇ ਹਾਊਸ ਦੀ ਮੀਟਿੰਗ ਮੇਅਰ ਸੁਰਿੰਦਰ ਕੁਮਾਰ  ਦੀ  ਪ੍ਰਧਾਨਗੀ ਹੇਠ ਹੋਵੇਗੀ ਜਿਸ ਲਈ ਪ੍ਰਸਤਾਵਤ ਏਜੰਡੇ ਵਿਚ ਸ਼ਹਿਰ ਅੰਦਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਗਿਣਤੀ ਵਧਾਉਣਾ ਵੀ ਸ਼ਾਮਲ ਹੈ ਤਾਂ ਜੋ ਕੂੜੇ ਦੀ ਸਮੇਂ ਸਿਰ ਲਿਫਟਿੰਗ ਅਤੇ ਗੈਰ-ਮਨਜੂਰ ਥਾਵਾਂ ’ਤੇ ਕੂੜਾ  ਸੁੱਟਣ ਤੋਂ ਰੋਕਿਆ ਜਾ ਸਕੇ। ਇਸੇ ਤਰਾਂ ਸ਼ਹਿਰ ਦੇ ਵੱਖ-ਵੱਖ ਖੇਤਰਾਂ, ਜਿਥੇ ਲੋੜ ਹੈ, ਵਿਚ ਨਵੇਂ ਪਾਰਕਾਂ ਦੀ ਸਥਾਪਤੀ ਵੀ ਏਜੰਡੇ ਵਿਚ ਸ਼ਾਮਲ ਹੈ ਤਾਂ ਕਿ ਸ਼ਹਿਰ ਦੇ ਹਰਿਆਵਲ ਖੇਤਰ ਵਿਚ ਹੋਰ ਵਾਧਾ ਕੀਤਾ ਜਾ ਸਕੇ। ਨਗਰ ਨਿਗਮ ਵਲੋਂ ਹਾਊਸ ਮੀਟਿੰਗ ਲਈ ਏਜੰਡਾ ਮੁਹੱਈਆ ਕਰਵਾ ਦਿੱਤਾ ਗਿਆ ਹੈ ਤਾਂ ਜੋ ਵੱਖ-ਵੱਖ ਵਿਸ਼ਿਆਂ ’ਤੇ ਉਸਾਰੂ ਗੱਲ਼ਬਾਤ ਉਪਰੰਤ ਢੁਕਵਾਂ ਫੈਸਲਾ ਲਿਆ ਜਾ ਸਕੇ।


ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਨਗਰ ਨਿਗਮ ਦੇ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਲੋਕ ਹਿਤਾਂ ਦੇ ਮੱਦੇਨਜ਼ਰ ਹਾਊਸ ਮੀਟਿੰਗ ਵਿਚ ਰੋਡ ਸੇਫਟੀ ਦੇ ਵੱਖ-ਵੱਖ ਪਹਿਲੂ ਜਿਵੇਂ ਕਿ ‘ਕੈਟ ਆਈ’ ਵਿਚਾਰੇ ਜਾਣਗੇ। ਉਨਾਂ ਦੱਸਿਆ ਕਿ ਨਗਰ  ਨਿਗਮ ’ਚ ਪਹਿਲਾਂ ਹੀ 400 ਤੋਂ ਵੱਧ ਸਫਾਈ ਸੇਵਕ ਅਤੇ ਸੀਵਰਮੈਨ ਕੰਮ ਕਰ ਰਹੇ ਹਨ ਅਤੇ ਇਨਾਂ ਦੀ ਗਿਣਤੀ ਵਧਾਉਣ ਲਈ ਹਾਊਸ ਮੀਟਿੰਗ ਵਿਚ 98 ਸਫਾਈ ਸੇਵਕਾਂ ਅਤੇ 15 ਸੀਵਰਮੈਨਾਂ ਦੀ ਇਸ਼ਤਿਹਾਰ ਰਾਹੀਂ ਠੇਕੇ  ਦੇ ਆਧਾਰ ’ਤੇ ਭਰਤੀ ਦੀ ਤਜਵੀਜ਼ ਹੈ। ਉਨਾਂ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਹਿੱਸਿਆ ਵਿਚ ਹੋਰ ਹਰਿਆਵਲ ਵਧਾਉਣ ਦੇ ਮੰਤਵ ਅਤੇ ਵਾਤਾਵਰਣ ਹੋਰ ਸੁਧਾਰ ਲਿਆਉਣ ਲਈ ਲੋਕਾਂ ਦੀ ਸਹੂਲਤ ਅਤੇ ਸੁਝਾਅ ਅਨੁਸਾਰ ਨਵੇਂ ਪਾਰਕਾਂ ਦੀ ਸਿਰਜਣਾ ਦਾ ਵੀ ਪ੍ਰਸਤਾਵ ਹੈ ਜਿਸ ਸਬੰਧੀ ਲੋਕ ਲੋੜੀਂਦੀ ਜਾਣਕਾਰੀ @. ’ਤੇ ਭੇਜੀ ਜਾ ਸਕੇਗੀ।
ਨਿਗਮ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੀਟਿੰਗ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਲਈ 2 ਵਾਟਰ ਟੈਂਕ ਖਰੀਦ ਕਰਨ ਦੇ ਨਾਲ-ਨਾਲ ਡੇਂਗੂ ਦੀ ਰੋਕਥਾਮ ਲਈ ਫਾਗਿੰਗ ਮਸ਼ੀਨਾਂ ਨੂੰ ਖਰੀਦਣ ਦੀ ਵੀ ਤਜਵੀਜ਼ ਸ਼ਾਮਲ ਹੈ। ਉਨਾਂ ਦੱਸਿਆ ਕਿ  ਸੀਵਰੇਜ ਦੇ ਵਹਾਅ ’ਚ ਰੁਕਾਵਟ ਨੂੰ ਖੋਲਣ ਲਈ 4 ਜੈਟਿੰਗ ਮਸ਼ੀਨਾਂ ਦੀ ਖਰੀਦ ਲਈ ਮਨਜੂਰੀ ਵੀ ਵਿਚਾਰੀ ਜਾਵੇਗੀ। ਇਸ ਤੋਂ ਇਲਾਵਾ 10.32 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਕਈ ਸੜਕਾਂ ਦਾ ਵਿਕਾਸ ਵਿਚਾਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ’ਚ ਸੈਨੀਟੇਸ਼ਨ ਦੇ ਮੰਤਵ ਨਾਲ ਲੱਗੇ ਜਾਂ ਹੋਰ ਲੱਗਣ ਵਾਲੇ ਸੀ.ਸੀ.ਟੀ.ਵੀ. ਕੈਮਰਿਆਂ ਸਬੰਧੀ ਬੀ.ਐਸ.ਐਨ.ਐਲ. ਨੂੰ ਅਦਾਇਗੀ ਵੀ ਵਿਚਾਰ ਅਧੀਨ ਰਹੇਗੀ। ਉਨਾਂ ਦੱਸਿਆ ਕਿ ਹਾਊਸ ਦੀ ਪ੍ਰਵਾਨਗੀ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਰੈਟਰੋਰਿਫਲੈਕਟਿੰਗ ਸਾਈਨ ਬੋਰਡ ਲਾਉਣ ਲਈ 38.42 ਲੱਖ ਰੁਪਏ ਦੀ ਇਸ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਪਾਰਕਾਂ ਵਿਚ ਵੇਰਕਾ ਬੂਥਾਂ ਦੀ ਅਲਾਟਮੈਂਟ ਸਬੰਧੀ ਤਜਵੀਜ਼ ਬਾਰੇ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਹਿਰ ਦੀਆਂ 5 ਥਾਵਾਂ ਜਿਨਾਂ ਵਿਚ ਮਾਡਲ ਟਾਊਨ ਪਾਰਕ, ਨਗਰ ਨਿਗਮ ਦਫਤਰ, ਗ੍ਰੀਨ ਵਿਊ ਪਾਰਕ, ਗੋਤਮ ਨਗਰ ਪਾਰਕ ਅਤੇ ਫਰੈਂਡਜ ਪਾਰਕ ’ਤੇ ਵਿਚਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਹਾਊਸ ਦੀ ਪ੍ਰਵਾਨਗੀ ਉਪਰੰਤ  ਇਸ ਸਬੰਧੀ ਲੋੜਵੰਦ ਅਤੇ ਦਰਮਿਆਨੇ ਵਰਗ ਦੇ ਉਮੀਦਵਾਰਾਂ ਤੋਂ ਅਰਜੀਆਂ ਮੰਗੀਆਂ ਜਾਣਗੀਆਂ ਅਤੇ ਇੱਛੁਕ ਵਿਅਕਤੀ 92162-00095 ’ਤੇ ਸਿਰਫ ਵਟਸਐਪ ਰਾਹੀਂ ਲੋੜੀਂਦੀ ਜਾਣਕਾਰੀ ਲੈ ਸਕਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply