ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਪੈਗਾਸਸ ਜਾਸੂਸੀ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
ਚੰਡੀਗੜ੍ਹ, 23 ਜੁਲਾਈ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਪੈਗਾਸਸ ਜਾਸੂਸੀ ਮਾਮਲੇ ਅਤੇ ਆਮਦਨ ਕਰ ਵਿਭਾਗ ਵਲੋਂ ਦੈਨਿਕ ਭਾਸਕ ਦੇ ਦਫ਼ਤਰਾਂ ਵਿਚ ਮਾਰੇ ਗਏ ਛਾਪਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਜਾਸੂਸੀ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਅੱਜ ਇਥੇ ਪ੍ਰੈਸ ਕਲੱਬ ਵਿਚ ਹੋਈ ਸੂਬਾ ਵਰਕਿੰਗ ਕਮੇਟੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਜਿਸ ਵਿਚ ਇਜਰਾਈਲ ਦੀ ਸਪਾਈਵੇਅਜ਼ ਕੰਪਨੀ ਐਸ ਐਨ ਓ ਦੇ ਪੈਗਾਸਸ ਸਾਫ਼ਟਵੇਅਰ ਰਾਹੀਂ ਭਾਰਤੀ ਪੱਤਰਕਾਰਾਂ, ਸਮਾਜਿਕ ਕਾਰਕੁੰਨਾਂ ਅਤੇ ਸਿਆਸੀ ਨੇਤਾਵਾਂ ਦੇ ਫ਼ੋਨ ਟੈਪ ਕਰ ਕੇ ਜਾਸੂਸੀ ਕਰਨ ਦੀ ਨਿੰਦਾ ਕੀਤੀ ਗਈ ਅਤੇ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਸਾਂਝੀ ਪਾਰਲੀਮਾਨੀ ਕਮੇਟੀ (ਜੇ ਪੀ ਸੀ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।
ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਸੀਨੀਅਰ ਪੱਤਰਕਾਰਾਂ, ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਕਾਰਕੁੰਨਾਂ ਦੀ ਜਾਸੂਸੀ ਕਰਵਾਉਣਾ ਮਨੁੱਖੀ ਹੱਕਾਂ, ਨਿੱਜਤਾ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਘੋਰ ਉਲੰਘਣਾ ਹੈ।
ਦੂਜੇ ਮਤੇ ਵਿਚ ਆਮਦਨ ਕਰ ਵਿਭਾਗ ਵਲੋਂ ਦੈਨਿਕ ਭਾਸਕਰ ਅਖ਼ਬਾਰ ਸਮੂਹ ਦੇ ਵੱਖ ਵੱਖ ਦਫ਼ਤਰਾਂ ਤੇ ਛਾਪੇ ਮਾਰਨ ਦੀ ਨਿੰਦਾ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਕੇਂਦਰ ਸਰਕਾਰ ਦਾ ਪੱਤਰਕਾਰੀ, ਮੀਡੀਆ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਉਪਰ ਸਿੱਧਾ ਹਮਲਾ ਹੈ।
ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਪੈਗਾਸਸ ਜਾਸੂਸੀ ਮੁੱਦੇ ਅਤੇ ਅਖ਼ਬਾਰਾਂ ਤੇ ਮੀਡੀਆ ਨੂੰ ਡਰਾਉਣ ਧਮਕਾਉਣ ਦੇ ਮਾਮਲੇ ਅਤੇ ਇਸ ਦੀ ਜਾਂਚ ਦੀ ਮੰਗ ਨੂੰ ਲੈ ਕੇ ਜਿ਼ਲ੍ਹਾ ਪੱਧਰ ’ਤੇ ਪੱਤਰਕਾਰਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ।
ਮੀਟਿੰਗ ਵਿਚ ਯੂਨੀਅਨ ਦੇ ਸੀਨੀਅਰ ਮੈਂਬਰ ਅਤੇ ਚੋਟੀ ਦੇ ਪੱਤਰਕਾਰਾਂ ਸੰਤੋਸ਼ ਕੁਮਾਰ ਤੇ ਅਮਰਨਾਥ ਤੋਂ ਇਲਾਵਾ ਕੋਵਿਡ 19 ਕਾਰਨ ਜਾਨਾਂ ਗਵਾਉਣ ਵਾਲੇ ਪੱਤਰਕਾਰਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp