ਸੋਢਲ ਰੋਡ ਕਤਲ ਕੇਸ
ਸਾਰੇ ਮੁਲਜ਼ਮ ਗ੍ਰਿਫ਼ਤਾਰ, ਐਮ.ਪੀ.ਤੋਂ ਲਿਆਂਦਾ ਹਥਿਆਰ ਬਰਾਮਦ- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
ਪੁਲਿਸ ਟੀਮ ਨੇ ਇਕ ਮੁਲਜ਼ਮ ਨੂੰ ਅਗਲੇਰੀ ਪੁਛਗਿਛ ਲਈ ਲਿਆ ਤਿੰਨ ਦਿਨ ਦੇ ਰਿਮਾਂਡ ’ਤੇ
ਜਲੰਧਰ :
ਸੋਡਲ ਰੋਡ ਵਿਖੇ ਦੁਕਾਨਦਾਰ ਦੇ ਹੋਏ ਕਤਲ ਕੇਸ ਵਿੱਚ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਚਾਰ ਦਿਨਾਂ ਵਿੱਚ ਸਾਰੇ ਪੰਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਕਤਲ ਵਿੱਚ ਵਰਤੇ ਹਥਿਆਰ ਰਮਨ ਕੁਮਾਰ ਉਰਫ਼ ਸਾਈ ਵਲੋਂ ਹਾਲ ਹੀ ਵਿੱਚ ਮੱਧ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਅਪਰੇਸ਼ਨ ਚਲਾਇਆ ਗਿਆ ਸੀ ਅਤੇ ਇਸ ਦੌਰਾਨ ਵਾਰਦਾਤ ਵਿੱਚ ਵਰਤੇ ਗਏ .32 ਬੋਰ ਦਾ ਪਿਸਟਲ ਅਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਅਰਸ਼ਦੀਪ ਉਰਫ਼ ਵੱਡਾ ਪ੍ਰੀਤ ਸ਼ਹੀਦ ਬਾਬੂ ਲਾਭ ਸਿੰਘ ਨਗਰ, ਸਾਹਿਲ ਰਾਜ ਨਗਰ, ਦਰਸ਼ਨ ਲਾਲ ਉਰਫ਼ ਲੱਕੀ ਸੰਤ ਨਗਰ, ਰਮਨ ਕੁਮਾਰ ਉਰਫ਼ ਸਾਈ ਮਧੂਬਨ ਕਲੋਨੀ ਵਜੋਂ ਹੋਈ ਹੈ ਜਦਕਿ ਪੰਜਵੇਂ ਮੁਲਜ਼ਮ ਦੀਪਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਸ੍ਰ.ਭੁੱਲਰ ਨੇ ਦੱਸਿਅ ਕਿ ਮੁਲਜ਼ਮ ਅਰਸ਼ਦੀਪ ਸਿੰਘ ਅਤੇ ਸਾਹਿਲ ਨੂੰ ਲੰਬਾ ਪਿੰਡ ਚੌਕ ਤੋਂ ਜਦਕਿ ਦਰਸਨ ਅਤੇ ਰਮਨ ਨੂੰ ਪੁਲਿਸ ਟੀਮ ਵਲੋਂ ਨੇੜੇ ਵੇਰਕਾ ਮਿਲਕ ਪਲਾਂਟ ਤੋਂ ਦਬੋਚਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਵੱਡਾ ਪ੍ਰੀਤ ’ਤੇ ਪਹਿਲਾਂ ਹੀ ਜਲੰਧਰ ਅਤੇ ਕਪੂਰਥਲਾ ਵਿਖੇ ਪੰਜ ਕੇਸ ਦਰਜ ਹਨ ਅਤੇ ਪੁਲਿਸ ਡਵੀਜਨ ਨੰਬਰ 2 ਵਿੱਚ ਦਰਜ਼ ਇਕ ਕੇਸ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਦਰਸਨ ਲਾਲ ਵੀ ਪੁਲਿਸ ਥਾਣਾ ਭਾਰਗੋ ਕੇਂਪ ਵਿਖੇ ਦਰਜ ਦੋ ਵੱਖੋ ਵੱਖਰੇ ਕੇਸਾਂ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਮਨ ਕੁਮਾਰ ਉਰਫ਼ ਸਾਈ ਦੇ ਖਿਲਾਫ਼ ਭਾਰਗੋ ਕੈਂਪ ਅਤੇ ਬਸਤੀ ਬਾਵਾ ਪੁਲਿਸ ਸਟੇਸ਼ਨ ਵਿਖੇ ਦੋ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਸਨ।
ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੁਲਿਸ ਵਲੋਂ ਵਾਰਦਾਤ ਵਿੱਚ ਵਰਤੀ ਗਈ ਬਾਈਕਸ ਤੋਂ ਇਲਾਵਾ ਕੇਸ ਦੀ ਤੈਅ ਤੱਕ ਜਾਨ ਲਈ ਮੁਲਜ਼ਮ ਵੱਡਾ ਪ੍ਰੀਤ ਸਿੰਘ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਿਆਂ ਨੂੰ ਜਲਦ ਤੋਂ ਜਲਦ ਯਕੀਨੀ ਬਣਾਉਣ ਲਈ ਮੁਜ਼ਲਮਾਂ ਖਿਲਾਫ਼ ਚਾਰਜ਼ਸੀਟ ਵੀ ਜਲਦੀ ਦਾਖਲ ਕੀਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp