ਪਿੰਡਾਂ ਅਤੇ ਸ਼ਹਿਰਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿਥੇ ਸਮੇਂ ’ਚ ਪੂਰਾ ਕਰਕੇ ਭੇਜਿਆ ਜਾਵੇ ਵਰਤੋਂ ਸਰਟੀਫਿਕੇਟ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ’ਚ ਵੱਖ-ਵੱਖ ਵਿਭਾਗਾਂ ਦੇ ਕਾਰਜਾਂ ਦੀ ਸਮੀਖਿਆ ਕਰਕੇ ਦਿੱਤੇ ਨਿਰਦੇਸ਼
ਈ.ਓਜ਼ ਅਤੇ ਬੀ.ਡੀ.ਪੀ.ਓਜ਼ ਨੂੰ ਸ਼ਹਿਰੀ ਅਤੇ ਪੇਂਡੂ ਇਲਾਕਿਆਂ ’ਚ ਡੇਂਗੂ ਤੋਂ ਬਚਾਅ ਲਈ ਲਗਾਤਾਰ ਫਾਗਿੰਗ ਕਰਵਾਉਣ ਦੇ ਦਿੱਤੇ ਨਿਰਦੇਸ਼
ਡੇਂਗੂ ਸਰਵੀਲੈਂਸ ਟੀਮ ਨੇ ਹੁਣ ਤੱਕ 144544 ਘਰਾਂ ਅਤੇ 985138 ਕੰਟੇਨਰਾਂ ਦੀ ਚੈਕਿੰਗ ਕਰਕੇ 10556 ਘਰਾਂ ਅਤੇ 11451 ਕੰਟੇਨਰਾਂ ਤੋਂ ਲਾਰਵਾ ਕਰਵਾਇਆ ਨਸ਼ਟ
ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਉਂਦੇ ਹੋਏ ਜਿਥੇ ਮਗਨਰੇਗਾ ਯੋਜਨਾ ਤਹਿਤ ਪਿੰਡਾਂ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਉਥੇ ਸ਼ਹਿਰੀ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਪੈਂਡਿੰਗ ਕੰਮਾਂ ਨੂੰ ਵੀ ਮਿਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ। ਉਹ ਅੱਜ ਮਹੀਨਾਵਾਰ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਬੀ.ਡੀ.ਪੀ.ਓਜ਼ ਅਤੇ ਈ.ਓਜ਼ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਯੋਜਨਾ ਦਾ ਲਾਭ ਜ਼ਮੀਨੀ ਪੱਧਰ ’ਤੇ ਯੋਗ ਵਿਅਕਤੀਆਂ ਤੱਕ ਪਹੁੰਚੇ। ਉਨ੍ਹਾਂ ਮੀਟਿੰਗ ਦੇ ਦੌਰਾਨ ਈ-ਡਿਸਟ੍ਰਿਕਟ, ਪੀ.ਐਲ.ਆਰ.ਐਸ, ਰੂਰਲ ਮਿਸ਼ਨ, ਅਰਬਨ ਮਿਸ਼ਨ, ਸਮਾਰਟ ਵਿਜੇਲ ਸਕੀਮ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛਤਾ ਸਰਵੇਖਣ ਆਦਿ ਯੋਜਨਾਵਾਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਵਿਭਾਗਾਂ ਨੂੰ ਵਰਤੋਂ ਸਰਟੀਫਿਕੇਟ ਜਲਦੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਐਮ.ਪੀ.ਲੈਡ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਇਨ੍ਹਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਅਪਨੀਤ ਰਿਆਤ ਨੇ ਇਸ ਦੌਰਾਨ ਈ.ਓਜ਼ ਅਤੇ ਬੀ.ਡੀ.ਪੀ.ਓਜ਼ ਨੂੰ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਫਾਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਅਨਾਉਂਸਮੈਂਟ ਕਰਵਾਉਣ ਅਤੇ ਪ੍ਰਚਾਰ ਸਮੱਗਰੀ ਵੰਡਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰੀ, ਦਸੂਹਾ ਸ਼ਹਿਰੀ, ਚੱਕੋਵਾਲ ਅਤੇ ਹਾਰਟਾ ਬੱਡਲਾ ਬਲਾਕ ਵਿੱਚ ਸਿਹਤ ਵਿਭਾਗ ਵਲੋਂ ਡੇਂਗੂ ਸਰਵੀਲੈਂਸ ਟੀਮ ਦੁਆਰਾ ਦੋ ਰਾਊਂਡ ਦਾ ਸਰਵੇ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਸਰਵੀਲੈਂਸ ਦੀ ਟੀਮ ਵਲੋਂ ਹੁਣ ਤੀਜੇ ਰਾਊਂਡ ਦਾ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੇ ਗਏ ਸਰਵੇ ਦੌਰਾਨ ਟੀਮ ਵਲੋਂ 144544 ਘਰਾਂ ਦੀ ਚੈਕਿੰਗ ਕਰਕੇ 10556 ਘਰਾਂ ਵਿੱਚ ਡੇਂਗੂ ਦਾ ਲਾਰਵਾ ਨਸ਼ਟ ਕਰਵਾਇਆ ਗਿਆ ਹੈ । ਇਸੇ ਤਰ੍ਹਾਂ 985138 ਕੰਟੇਨਰ ਚੈਕ ਕੀਤੇ ਗਏ ਜਿਨ੍ਹਾਂ ਵਿੱਚ 11451 ਕੰਟੇਨਰਾਂ ਤੋਂ ਡੇਂਗੂ ਦਾ ਲਾਰਵਾ ਨਸ਼ਟ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਟੀਮ ਵਲੋਂ 50 ਚਲਾਨ ਕੱਟੇ ਗਏ ਹਨ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟਣ ਦਾ ਕੰਮ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਡੇਂਗੂ ਨਾਲ ਸਬੰਧਤ ਡਿਊਟੀ ਕਰ ਰਹੇ ਸਟਾਫ ਨਾਲ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੌਰ ਵਿੱਚ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਅਸੀਂ ਸਾਰੇ ਸਿਹਤਮੰਦ ਰਹਿ ਸਕੀਏ। ਉਨ੍ਹਾਂ ਕਿਹਾ ਕਿ ਇਹ ਵਲੰਟੀਅਰ ਲੋਕਾਂ ਦੀ ਸੁਰੱਖਿਆ ਲਈ ਸਰਵੇ ਕਰ ਰਹੇ ਹਨ। ਇਸ ਲਈ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਟੀਮ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਘਰ-ਘਰ ਕੀਤੀ ਜਾ ਰਹੀ ਚੈਕਿੰਗ ਤਹਿਤ ਕਈ ਥਾਵਾਂ ’ਤੇ ਡੇਂਗੂ ਫੈਲਾਅ ’ਤੇ ਪਹਿਲਾਂ ਹੀ ਕੰਟਰੋਲ ਪਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ । ਇਸ ਲਈ ਕੂਲਰਾਂ, ਗਮਲਿਆਂ, ਫਰਿਜ਼ਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਬਰਤਨਾਂ ਨੂੰ ਹਫ਼ਤੇ ਦੇ ਹਰ ਸ਼ੁੱਕਰਵਾਰ ਸਾਫ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਦੇ ਆਸ ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਛੱਪੜਾਂ ਅਤੇ ਖੜ੍ਹੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਮੱਛਰਾਂ ਦਾ ਲਾਰਵਾ ਪੈਦਾ ਹੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਬਚਣ ਲਈ ਦਿਨ ਸਮੇਂ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਏ ਜਾਣ, ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀ ਕਰੀਮ ਦਾ ਪ੍ਰਯੋਗ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ, ਸਿਰ ਦਰਦ ਜਾਂ ਜੋੜਾਂ ਦਾ ਦਰਦ ਆਦਿ ਹੋਵੇ ਤਾਂ ਉਹ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
++++++++++
EDITOR
CANADIAN DOABA TIMES
Email: editor@doabatimes.com
Mob:. 98146-40032 whtsapp