ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਕਾਂਗਰਸੀ ਨੇਤਾਵਾਂ ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ‘ਵਰਸਿਟੀ ਵਿਚ ਦਾਖਲ ਹੋਣ ਦੀ ਕੋਸਿਸ਼ ਕਰਨ ਵਾਲੇ ਇਨ੍ਹਾਂ ਨੇਤਾਵਾਂ ਦਾ ਵਿਰੋਧ ਕੀਤਾ ਜਾਵੇਗਾ। ਇਹ ਐਲਾਨ ਵਿਦਿਆਰਥੀ ਜਥੇਬੰਦੀ ਪੰਜਾਬੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਅਤੇ ਡੈਮੋਕਰੇਟਿਕ ਸਟੂਡੈਂਟ ਆਰਗੇਨਾਈਜੇਸ਼ਨ , ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਕੀਤਾ ਗਿਆ। ਕੈਂਪਸ ਵਿੱਚ ਫੀਸਾਂ ਦੇ ਵਾਧੇ ਖਿਲਾਫ ਵੰਗਾਰ-ਰੈਲੀ ਕੀਤੀ ਗਈ ।
ਵਿਦਿਆਰਥੀਆਂ ਨੇ ਇੱਕ ਪਰਚਾ ਅਤੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਯੂਨੀਵਰਸਿਟੀ ਵਿੱਚ ਦਾਖਲ ਹੋਵੇਗਾ ਤਾਂ ਉਸ ਨੂੰ ਘੇਰ ਕੇ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਉੱਚ-ਸਿੱਖਿਆ ਮੰਤਰੀ ਤਿ੍ਪਤ ਰਾਜਿੰਦਰ ਬਾਜਵਾ ਅਤੇ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੈਰੀ ਮਾਨ ਦੀਆਂ ਤਸਵੀਰਾਂ ਵਾਲੇ ਪੋਸਟਰ ਯੂਨੀਵਰਸਿਟੀ ਦੇ ਮੁੱਖ ਗੇਟ ਅਤੇ ਲਾਇਬ੍ਰੇਰੀ ਦੇ ਸਾਹਮਣੇ ਲਾਏ ਗਏ ਹਨ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇਹ ਵਾਧਾ 3.5 ਤੋਂ 109 ਪ੍ਰਤੀਸ਼ਤ ਦਾ ਤਕ ਕੀਤਾ ਗਿਆ ਹੈ ਅਤੇ ਇਹ ਵਾਧਾ ਨਵੇਂ ਕੋਰਸਾਂ ਦੇ ਨਾਮ ਹੇਠ ਸਭ ਤੋਂ ਜ਼ਿਆਦਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਿੱਜੀਕਰਨ ਦਾ ਰੂਪ ਧਾਰਨ ਕਰ ਲਵੇਗੀ ਜੋ ਕਿ ਇਥੋਂ ਦੇ ਵਿਦਿਆਰਥੀਆਂ ਨੂੰ ਬਰਦਾਸ਼ਤ ਨਹੀਂ। ਉਨ੍ਹਾਂ ਕਿਹਾ ਕਿ ਇਹ ਵਾਧਾ ਪੂਰਨ ਤੌਰ ‘ਤੇ ਵਾਪਸ ਕਰਵਾਉਣ ਤਕ ਸੰਘਰਸ਼ ਜਾਰੀ ਰਹੇਗਾ।
ਪੀ.ਐੱਸ.ਯੂ. ਵੱਲੋਂ ਅਮਨਦੀਪ ਸਿੰਘ , ਏ.ਆਈ.ਐੱਸ.ਐੱਫ. ਤੋਂ ਵਰਿੰਦਰ ਸਿੰਘ , ਐੱਸ.ਐੱਫ.ਆਈ. ਤੋਂ ਕਮਲ ਝਲੂਰ ਅਤੇ ਡੀ.ਐੱਸ.ਓ ਤੋਂ ਬਲਕਾਰ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬਰਬਾਦ ਕਰਕੇ ਸਰਕਾਰ ਅਜਿਹਾ ਪ੍ਰਬੰਧ ਬਣਾ ਰਹੀ ਹੈ ਕਿ ਸਿਰਫ ਉਹੀ ਵਿਦਿਆਰਥੀ ਪੜ੍ਹਨ ਜੋ ਸਰਮਾਏਦਾਰ ਹਨ ਅਤੇ ਇਸ ਨਾਲ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਤਰ੍ਹਾਂ ਫੀਸਾਂ ਵਧਾ ਕੇ ਸਮਾਜ ਦੇ ਵੱਡੇ ਹਿੱਸੇ ਨੂੰ ਸਿੱਖਿਆ ਤੋਂ ਬਾਹਰ ਧੱਕਿਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਵੰਗਾਰ ਰੈਲੀ ਕਰ ਕੇ ਫੀਸਾਂ ਨੂੰ ਪੂਰਨ ਤੌਰ ‘ਤੇ ਵਾਪਸ ਕਰਾਉਣ, ਸਿੱਖਿਆ ਸੰਸਥਾਵਾਂ ਵਿੱਚੋਂ ਜੀਐੱਸਟੀ ਲੈਣਾ ਬੰਦ ਕਰਨ, ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰੋ ਅਤੇ ਯੂਨੀਵਰਸਿਟੀ ਲਈ ਪੂਰਨ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp