ਦੋ ਦਿਨਾਂ ’ਚ ਚੋਰ ਗਿਰੋਹ ਕਾਬੂ, 20 ਤੋਲੇ ਸੋਨਾ, ਡਾਇਮੰਡ ਤੇ 600 ਗ੍ਰਾਮ ਚਾਂਦੀ ਬਰਾਮਦ
ਚੋਰੀ ਦਾ ਸਮਾਨ ਬਰਾਮਦ ਕਰਨ ’ਤੇ ਪਰਿਵਾਰ ਵਲੋਂ ਜ਼ਿਲ੍ਹਾ ਪੁਲਿਸ ਦਾ ਧੰਨਵਾਦ
ਐਸ.ਐਸ.ਪੀ. ਵਲੋਂ ਪਿੰਡਾਂ ’ਚ ਠੀਕਰੀ ਪਹਿਰੇ ਲਾਉਣ, ਸ਼ਹਿਰਾਂ ’ਚ ਚੌਕੀਦਾਰ ਰੱਖਣ ਦੀ ਲੋੜ
’ਤੇ ਜ਼ੋਰ
ਘਰੇ ਤਾਲਾ ਲਾ ਕੇ ਕਿਤੇ ਵੀ ਜਾਣ ਵੇਲੇ ਆਲੇ-ਦੁਆਲੇ ਵਾਲਿਆਂ ਨੂੰ ਜ਼ਰੂਰ ਸੂਚਿਤ ਕਰੋ : ਨਵਜੋਤ
ਸਿੰਘ ਮਾਹਲ
ਹੁਸ਼ਿਆਰਪੁਰ (ਜਸਪਾਲ ਸਿੰਘ ਢੱਟ, ਸਤਵਿੰਦਰ ਸਿੰਘ, ਗਰੋਵਰ ) : ਲੰਘੀ 11 ਅਗਸਤ ਨੂੰ ਦੁਪਹਿਰ 12 ਵਜੇ ਦੇ ਕਰੀਬ ਹਰਜਿੰਦਰ ਕੌਰ ਪਤਨੀ
ਸਵਰਗੀ ਦਸੋਧੀ ਰਾਮ, ਅਰੋੜਾ ਕਲੋਨੀ ਕੱਕੋਂ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਜ਼ਿਲ੍ਹਾ
ਪੁਲਿਸ ਨੇ ਦੋ ਦਿਨਾਂ ’ਚ ਹੱਲ ਕਰਦਿਆਂ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ
ਉਨ੍ਹਾਂ ਪਾਸੋਂ 15 ਲੱਖ ਰੁਪਏ ਦੀ ਕੀਮਤ ਦਾ 20 ਤੋਲੇ ਸੋਨਾ, ਡਾਇਮੰਡ ਅਤੇ 600 ਗ੍ਰਾਮ
ਚਾਂਦੀ ਬਰਾਮਦ ਕੀਤੀ ਹੈ। ਵਾਰਦਾਤ ਦੇ ਸਮੇਂ ਹਰਜਿੰਦਰ ਕੌਰ ਆਪਣੀ ਲੜਕੀ ਨਾਲ ਵੈਕਸੀਨ ਲਗਵਾਉਣ
ਲਈ ਨਹਿਰ ਕਲੋਨੀ ਗਏ ਹੋਏ ਸਨ।
ਸਥਾਨਕ ਪੁਲਿਸ ਲਾਈਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ
ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਗਹਿਣੇ ਅਤੇ ਨਕਦੀ ਆਪਣੀ ਬੇਟੀ ਦੀ ਸ਼ਾਦੀ ਲਈ ਘਰ ਵਿਚ ਰੱਖੇ
ਸਨ ਜਿਹੜੇ ਕਿ ਚੋਰ ਗਿਰੋਹ ਵਲੋਂ 11 ਅਗਸਤ ਨੂੰ ਚੋਰੀ ਕਰ ਲਏ ਗਏ ਜਿਸ ’ਤੇ ਪਰਿਵਾਰ ਨੂੰ
ਵੱਡਾ ਝਟਕਾ ਲੱਗਾ।
ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਐਸ.ਪੀ.
(ਡੀ) ਰਵਿੰਦਰ ਪਾਲ ਸਿੰਘ ਸੰਧੂ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਐਸ.ਐਚ.ਓ.
ਥਾਣਾ ਮਾਡਲ ਟਾਊਨ ਕਰਨੈਲ ਸਿੰਘ ’ਤੇ ਅਧਾਰਤ ਸਪੈਸ਼ਲ ਟੀਮ ਬਣਾਈ ਗਈ। ਉਨ੍ਹਾਂ ਦੱਸਿਆ ਕਿ ਟੀਮ
ਵਲੋਂ ਚੋਹਾਲ ਨੇੜੇ ਨਾਕਾਬੰਦੀ ਦੌਰਾਨ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਅਤੇ
ਇਕ ਮੈਂਬਰ ਨੂੰ ਧਰਮਕੋਟ ਤੋਂ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਗੱਗੀ ਵਾਸੀ ਪਿੰਡ
ਬਤਾਲਾ, ਜ਼ਿਲ੍ਹਾ ਅੰਮ੍ਰਿਤਸਰ, ਕਾਲਾ ਵਾਸੀ ਲੋਹਗੜ੍ਹ ਬਸਤੀ ਧਰਮਕੋਟ, ਜਨਤ ਪਤਨੀ ਗੱਗੀ, ਸ਼ੱਕੂ
ਵਾਸੀ ਲੋਹਗੜ੍ਹ ਵਾਸੀ ਧਰਮਕੋਟ ਅਤੇ ਆਸ਼ਾ ਪਤਨੀ ਜਗਤਾਰ ਸਿੰਘ ਵਾਸੀ ਲੋਹਗੜ੍ਹ ਬਸਤੀ ਵਜੋਂ ਹੋਈ
ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ 20 ਤੋਲੇ ਸੋਨਾ, ਚਾਂਦੀ ਅਤੇ ਦੋ ਮੋਟਰਸਾਈਕਲ ਵੀ
ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸਥਾਨਕ
ਨੀਲਕੰਠ ਮੁਹੱਲਾ ਵਿਚ ਕਿਰਾਏ ’ਤੇ ਰਹਿੰਦੇ ਸਨ ਅਤੇ ਚੋਰੀ ਦੀ ਵਾਰਦਾਤ ਕਰਕੇ ਸ਼ਹਿਰ ਛੱਡ ਕੇ
ਚਲੇ ਗਏ ਸਨ। ਮੁਲਜ਼ਮ ਗੱਗੀ ਅਤੇ ਕਾਲਾ ਖਿਲਾਫ਼ ਪਹਿਲਾਂ ਵੀ ਚੋਰੀ ਦੇ 3-3 ਮੁਕਦਮੇ ਦਰਜ ਹਨ।
ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਲੋਕ
ਪੂਰੀ ਚੌਕਸੀ ਵਰਤਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਰਵਾਈ ਸਬੰਧੀ ਤੁਰੰਤ ਸੂਚਨਾ ਪੁਲਿਸ
ਦੇਣ। ਉਨ੍ਹਾਂ ਨੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿਚ
ਚੌਕੀਦਾਰ ਰੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਆਪਣੇ ਘਰੋਂ
ਕਿਤੇ ਬਾਹਰ ਜਾਂਦੇ ਹਨ ਤਾਂ ਆਪਣੇ ਆਲੇ-ਦੁਆਲੇ ਵਾਲਿਆਂ ਅਤੇ ਜਾਣਕਾਰਾਂ ਨੂੰ ਜ਼ਰੂਰ ਸੂਚਿਤ
ਕਰਕੇ ਜਾਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp