ਤਿਉਹਾਰਾਂ ਦੀ ਆਮਦ ਮੌਕੇ ਵੇਰਕਾ ਬਰਾਂਡ ਦੀਆਂ ਛੇ ਹੋਰ ਨਵੀਆਂ ਮਠਿਆਈਆਂ ਮਾਰਕੀਟ ਵਿੱਚ ਉਤਾਰੀਆਂ
ਲੋਕਾਂ ਨੂੰ ਮਿਲੇਗੀ ਵਾਜਬ ਕੀਮਤ ’ਤੇ ਗੁਣਵੱਤਾ ਭਰਪੂਰ ਮਠਿਆਈ- ਕੈਬਨਿਟ ਮੰਤਰੀ ਸ. ਰੰਧਾਵਾ
ਮਿਲਕਫੈੱਡ ਪੰਜਾਬ ਨੇ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਸਾਲ 2020-21 ਵਿੱਚ ਪਿਛਲੇ ਸਾਲ ਨਾਲੋਂ 17 ਫੀਸਦੀ ਵਧੇਰੇ ਦੁੱਧ ਦੀ ਖਰੀਦ ਕੀਤੀ
ਗੁਰਦਾਸਪੁਰ ( ਅਸ਼ਵਨੀ ) ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰੀ ਅਦਾਰੇ ਮਿਲਕਫੈਡ ਵੱਲੋਂ ਆਪਣੇ ਉਤਪਾਦਾਂ ਵਿੱਚ ਨਿਰੰਤਰ ਵਾਧੇ ਨਾਲ ਦਾਇਰੇ ਵਿੱਚ ਕੀਤੇ ਜਾ ਰਹੇ ਵਿਸਥਾਰ ਦੀ ਲੜੀ ਵਿੱਚ ਤਿਉਹਾਰਾਂ ਦੇ ਸੀਜ਼ਨ ਦੀ ਆਮਦ ਮੌਕੇ ਵੇਰਕਾ ਬਰਾਂਡ ਵੱਲੋਂ ਸਾਰਾ ਸਾਲ ਵਿਕਰੀ ਲਈ ਨਵੀਆਂ ਮਠਿਆਈਆਂ ਕਾਜੂ ਬਰਫੀ, ਬਰਾਊਨ ਪੇਡਾ, ਸੋਨ ਪਾਪੜੀ, ਮਿਲਕ ਕੇਕ, ਨਵਰਤਨ ਲੱਡੂ ਅਤੇ ਮੋਤੀਚੂਰ ਲੱਡੂ ਲਾਂਚ ਕੀਤੀਆਂ ਗਈਆਂ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਦਸੰਬਰ 2019 ਤੋਂ ਸਾਰਾ ਸੰਸਾਰ ਕੋਵਿਡ ਮਹਾਂਮਾਰੀ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਇਕ ਗੱਲ ਉਭਰ ਕੇ ਸਾਹਮਣੇ ਆਈ ਕਿ ਗਾਹਕਾਂ ਦਾ ਝੁਕਾਅ ਡੱਬਾਬੰਦ ਵਸਤਾਂ ਵੱਲ ਜ਼ਿਆਦਾ ਵੱਧ ਗਿਆ। ਮਿਲਕਫੈਡ ਨੇ ਇਸੇ ਲੋੜ ਨੂੰ ਦੇਖਦਿਆਂ ਮਠਿਆਈ, ਬੇਕਰੀ ਅਤੇ ਨਮਕੀਨ ਆਦਿ ਉਤਪਾਦਾਂ ਦਾ ਉਤਪਾਦਨ ਤੇ ਵਿਕਰੀ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਦੇ ਅਧਾਰ ’ਤੇ ਕਰਨ ਲਈ ਲੋੜੀਂਦੇ ਕਦਮ ਚੁੱਕਦੇ ਹੋਏ ਚੰਡੀਗੜ੍ਹ ਸਵੀਟਸ ਨਾਲ ਸਮਝੌਤਾ ਕੀਤਾ। ਇਸ ਸਮਝੌਤੇ ਅਧੀਨ ਮਿਲਕਫੈਡ ਚੰਡੀਗੜ੍ਹ ਸਵੀਟਸ ਪਾਸੋਂ ਆਪਣੇ ਬਰਾਂਡ ਵੇਰਕਾ ਦੇ ਅਧੀਨ ਮਠਿਆਈ, ਨਮਕੀਨ ਅਤੇ ਬੇਕਰੀ ਆਦਿ ਉਤਪਾਦਾਂ ਦਾ ਉਤਪਾਦਨ ਕਰਕੇ ਸਾਰਾ ਸਾਲ ਵਿਕਰੀ ਰੋਇਲਟੀ ਦੇ ਆਧਾਰ ’ਤੇ ਕਰੇਗੀ।
ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਵੇਰਕਾ ਵੱਲੋਂ ਪਹਿਲਾਂ ਦੀਵਾਲੀ ਦੇ ਤਿਉਹਾਰ ਮੌਕੇ ਹੀ ਮਠਿਆਈ ਬਣਾਈ ਅਤੇ ਵੇਚੀ ਜਾਂਦੀ ਸੀ ਜਦੋਂ ਕਿ ਵੇਰਕਾ ਨੂੰ ਪਸੰਦ ਕਰਨ ਵਾਲੇ ਗਾਹਕ ਸਾਰਾ ਸਾਲ ਇਨ੍ਹਾਂ ਉਤਪਾਦਾਂ ਦੀ ਮੰਗ ਕਰਦੇ ਸਨ। ਗਾਹਕਾਂ ਦੀ ਇਹ ਮੰਗ ਵੀ ਹੁਣ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੀ.ਪੀ.ਪੀ. ਮਾਡਲ ਰਾਹੀਂ ਲਾਂਚ ਕੀਤੇ ਇਨ੍ਹਾਂ ਉਤਪਾਦਾਂ ਉਤੇ ਮਿਲਕਫੈਡ ਦੀ ਬਿਨਾਂ ਕਿਸੇ ਨਿਵੇਸ਼ ਕੀਤੇ ਆਪਣੇ ਬਰਾਂਡ ਨਾਮ ਨਾਲ ਹੀ 30 ਕਰੋੜ ਰੁਪਏ ਦੀ ਟਰਨ ਓਵਰ ਵਧੇਗੀ ਅਤੇ ਇਹ ਲਾਭ ਸਿੱਧਾ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਉਤਪਾਦਾਂ ਲਈ ਕੱਚਾ ਮਾਲ ਅਤੇ ਇਸ ਦੀ ਸ਼ੁੱਧਤਾ ਉਤੇ ਕੰਟਰੋਲ ਮਿਲਕਫੈਡ ਵੱਲੋਂ ਹੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਦੇਸ਼ ਦਾ ਪੂਰਾ ਉਦਯੋਗ ਅਤੇ ਸੇਵਾ ਖੇਤਰ ਆਰਥਿਕ ਮੰਦੀ ਨਾਲ ਜੂਝ ਰਿਹਾ ਸੀ ਪਰ ਮਿਲਕਫੈਡ ਪੰਜਾਬ ਨੇ ਦੁੱਧ ਉਤਪਾਦਕਾਂ ਦੀ ਸੇਵਾ ਹਿੱਤ ਸਾਲ 2020-21 ਵਿੱਚ ਪਿਛਲੇ ਸਾਲ ਨਾਲੋਂ 17 ਫੀਸਦੀ ਵਧੇਰੇ ਦੁੱਧ ਦੀ ਖਰੀਦ ਕੀਤੀ ਅਤੇ ਇਸ ਔਖੇ ਸਮੇਂ ਵਿੱਚ ਦੁੱਧ ਉਤਪਾਦਕਾਂ ਲਈ ਦੁੱਧ ਦੇ ਖਰੀਦ ਰੇਟ ਵਾਜਿਬ ਰੱਖਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ।
……..
ਜ਼ਿਲ੍ਹੇ ਅੰਦਰ 7 ਲੱਖ 47 ਹਜ਼ਾਰ ਕੋਵਿਡ–19 ਵਿਰੋਧੀ ਵੈਕੀਸਨ ਲੱਗੀ-ਸਿਵਲ ਸਰਜਨ
ਗੁਰਦਾਸਪੁਰ( ਅਸ਼ਵਨੀ ) ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਬੀਤੇ ਕੱਲ੍ਹ ਤਕ 7 ਲੱਖ 47 ਹਜ਼ਾਰ ਕੋਵਿਡ ਵਿਰੋਧੀ ਵੈਕਸੀਨ ਲੱਗ ਚੁੱਕੀ ਹੈ ਅਤੇ ਕੱਲ੍ਹ 19 ਅਗਸਤ ਨੂੰ ਜ਼ਿਲੇ ਅੰਦਰ 34 ਹਜ਼ਾਰ ਵੈਕਸੀਨ ਲਗਾਈ ਜਾਵੇਗੀ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਭਾਵੇਂ ਕਿ ਜ਼ਿਲੇ ਅੰਦਰ ਕੋਵਿਡ ਬਿਮਾਰੀ ਕੰਟਰੋਲ ਹੇਠ ਹੈ ਪਰ ਅਜੇ ਵੀ ਕੋਵਿਡ-19 ਦੀ ਤੀਸਰੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ। ਇਸ ਲਈ ਮਾਸਕ ਲਾਜ਼ਮੀ ਤੋਰ ਤੇ ਪਹਿਨਿਆ ਜਾਵੇ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ ਕੀਤਾ ਜਾਵੇ ਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਜਰੂਰ ਧੋਤਾ ਜਾਵੇ।
ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਰੋਜਾਨਾ 4 ਹਜ਼ਾਰ ਦੇ ਕਰੀਬ ਸੈਪਲਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਸਰਕਾਰ ਦੀਆਂ ਮਿਲੀਆਂ ਹਦਾਇਤਾਂ ਤਹਿਤ ਸਰਕਾਰੀ ਦਫਤਰਾਂ, ਰੈਸਟੋਰੈਂਟ ਅਤੇ ਬਾਰ ਵਿਚ ਸੈਪਲਿੰਗ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਬੀਤੇ ਕੱਲ੍ਹ ਤਕ ਜ਼ਿਲੇ ਅੰਦਰ 8 ਲੱਖ 78 ਹਜ਼ਾਰ 954 ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਧਾਰੀਵਾਲ ਵਿਖੇ ਆਕਸੀਜਨ ਪਲਾਟ ਲੱਗਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਬਟਾਲਾ ਵਿਖੇ ਆਕਸੀਜਨ ਪਲਾਟ ਦਾ ਕੰਮ ਲਗਭਗ ਮੁਕੰਮਲ ਹੈ। ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਲੱਗੇ ਆਕਸੀਜਨ ਪਲਾਟ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਕੰਮ ਮੁਕੰਮਲ ਹੋ ਗਿਆ ਤੇ ਉਸਦਾ ਟਰਾਇਲ ਚੱਲ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੀਟੀ ਸਕੈਨ ਅਤੇ ਜ਼ਿਲ੍ਹਾ ਲੈਬਾਰਟਰੀ ਲਗਾਉਣ ਦਾ ਕੰਮ ਮ ਵੀ ਪ੍ਰਗਤੀ ਅਧੀਨ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp