ਅੰਮ੍ਰਿਤਸਰ ਤੋਂ ਰਾਜਨ ਮਾਨ ਦੀ ਵਿਸ਼ੇਸ਼ ਰਿਪੋਰਟ
ਨਵਜੋਤ ਸਿੱਧੂ ਦੀ ਕਲੋਨੀ ਹੋਲੀ ਸਿਟੀ ਦੇ ਵਾਸੀਆਂ ਨੇ ਪ੍ਰਸ਼ਾਸ਼ਨ ਤੇ ਕਲੋਨਾਈਜ਼ਰ ਵਿਰੁੱਧ ਕੱਢਿਆ ਕੈਂਡਲ ਮਾਰਚ
ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਵੀ ਹੋਏ ਸ਼ਾਮਲ
ਕਲੋਨਾਈਜ਼ਰ ਤੇ ਪ੍ਸ਼ਾਸ਼ਨ ਦੀ ਕਥਿਤ ਮਿਲੀਭੁਗਤ ਦਾ ਖਮਿਆਜ਼ਾ ਭੁਗਤ ਰਹੇ ਲੋਕ
ਅੰਮ੍ਰਿਤਸਰ (ਰਾਜਨ ਮਾਨ )
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਲੋਨੀ ਹੋਲੀ ਸਿਟੀ ਦੇ ਵਾਸੀਆਂ ਵੱਲੋਂ ਬਿਜਲੀ ਵਿਭਾਗ ਦੁਆਰਾ ਲੋਕਾਂ ਨੂੰ ਦਿੱਤੇ ਆਰਜ਼ੀ ਬਿਜਲੀ ਕੁਨੈਕਸ਼ਨ ਪੱਕੇ ਕਰਨ ਦੀ ਬਜਾਏ ਕੁਨੈਕਸ਼ਨ ਕੱਟਣ ਦੇ ਜਾਰੀ ਕੀਤੇ ਨੋਟਿਸਾਂ ਅਤੇ ਪੁੱਡਾ ਅਪਰੂਵ ਹੋਣ ਦੇ ਬਾਵਜੂਦ ਕੋਈ ਸਹੂਲਤ ਨਾ ਮਿਲਣ ‘ਤੇ ਕਲੋਨਾਈਜ਼ਰ ਦੀਆਂ ਆਪ ਹੁਦਰੀਆਂ ਵਿਰੁੱਧ ਅੱਜ ਕੈਂਡਲ ਮਾਰਚ ਕੱਢਿਆ ਗਿਆ।
ਪਿਛਲੇ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਇਸ ਕਲੋਨੀ ਦੇ ਵਾਸੀਆਂ ਨੇ ਦੋਸ਼ ਲਾਇਆ ਕਿ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਡਿਪਟੀ ਕਮਿਸ਼ਨਰ ਤੇ ਚੀਫ ਇੰਜੀਨੀਅਰ ਦੇ ਦਫਤਰ ਦਾ ਘਿਰਾਓ ਕਰਨਗੇ।
ਹੋਲੀ ਸਿਟੀ ਵਾਸੀਆਂ ਨੇ ਹੱਥਾਂ ਵਿੱਚ ਮੋਮਬੱਤੀਆਂ ਤੇ ਕਾਲੇ ਝੰਡੇ ਫੜੇ ਹੋਏ ਸਨ। ਲੋਕ ਕੈਂਡਲ ਮਾਰਚ ਕਰਦੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਵੀ ਗਏ ਅਤੇ ਆਪਣੀਆਂ ਮੰਗਾਂ ਦਾ ਹੋਕਾ ਦਿੱਤਾ। ਲੋਕਾਂ ਵਲੋਂ ਕਲੋਨਾਈਜ਼ਰ ਦੇ ਲਾਇਸੈਂਸ ਰੱਦ ਕਰਨ ਅਤੇ ਉਸ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਸੀ। ਲੋਕ ” ਕਲੋਨਾਈਜ਼ਰ ਮੁਰਦਾਬਾਦ ” ਅਤੇ ” ਪ੍ਰਸ਼ਾਸ਼ਨ ਮੁਰਦਾਬਾਦ ” ਦੇ ਨਾਅਰੇ ਲਾ ਰਹੇ ਸਨ।
ਮਾਰਚ ਤੋਂ ਪਹਿਲਾਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਚੀਫ ਪੈਟਰਨ ਰਿਟਾਇਰਡ ਜੁਆਇੰਟ ਡਿਪਟੀ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਐਚ.ਐਸ.ਘੁੰਮਣ, ਸਾਬਕਾ ਵਾਈਸ ਚਾਂਸਲਰ ਡਾ.ਐਮ.ਪੀ.ਐਸ.ਈਸ਼ਰ , ਮੈਂਬਰ ਪਰਜੀਡੀਅਮ ਰਾਜਨ ਮਾਨ, ਗੁਰਦੇਵ ਸਿੰਘ ਮਾਹਲ, ਸਿਕੰਦਰ ਸਿੰਘ ਗਿੱਲ, ਰਮਨਪ੍ਰੀਤ ਸਿੰਘ ਬਾਜਵਾ, ਡਾ.ਗਗਨਦੀਪ ਸਿੰਘ ਢਿੱਲੋਂ, ਲਾਲੀ ਸ਼ਹਿਬਾਜ਼ਪੁਰੀ, ਰਣਜੀਤ ਸਿੰਘ ਰਾਣਾ, ਐਸ.ਐਸ.ਗਿੱਲ ਨੇ ਕਿਹਾ ਕਿ ਕਲੋਨਾਈਜ਼ਰ ਵਲੋਂ ਪਿਛਲੇ 10 ਸਾਲਾਂ ਤੋਂ ਲੋਕਾਂ ਨੂੰ ਲਾਰੇ ਲਾ ਕੇ ਬੁੱਧੂ ਬਣਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਲੋਨਾਈਜ਼ਰ ਵਲੋਂ ਜਾਣ- ਬੁੱਝ ਕੇ ਪੁੱਡਾ ਨੂੰ ਇਹ ਕਲੋਨੀ ਨਹੀਂ ਸੌਂਪੀ ਜਾ ਰਹੀ ਤੇ ਨਾ ਹੀ ਮਹਿਕਮਾ ਇਸ ਸਬੰਧੀ ਕੋਈ ਦਿਲਚਸਪੀ ਲੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਲੋਨੀ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਲੀਡਰ ਵੀ ਰਹਿ ਰਹੇ ਹਨ ਪਰ ਕੋਈ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦੇ ਰਿਹਾ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਕਲੋਨੀ ਵਿੱਚ ਆ ਕੇ ਵੱਸੇ ਲੋਕਾਂ ਨੂੰ ਬਿਜਲੀ ਵਿਭਾਗ ਵਲੋਂ ਆਰਜ਼ੀ ਕੁਨੈਕਸ਼ਨ ਦਿੱਤੇ ਗਏ ਸਨ ਅਤੇ ਹੁਣ ਉਹਨਾਂ ਨੂੰ ਪੱਕਿਆਂ ਕਰਨ ਦੀ ਬਜਾਏ ਉਹ ਕੁਨੈਕਸ਼ਨ ਕੱਟਣ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਲੋਕਾਂ ਵਿੱਚ ਸਹਿਮ ਤੇ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਾਰਾ ਕਸੂਰ ਕਥਿਤ ਮਹਿਕਮੇ ਤੇ ਕਲੋਨਾਈਜ਼ਰ ਦਾ ਹੈ ਤੇ ਭੁਗਤਣਾ ਆਮ ਲੋਕਾਂ ਨੂੰ ਪੈ ਰਿਹਾ ਹੈ।
ਉਹਨਾਂ ਦੋਸ਼ ਲਾਇਆ ਕਿ ਮਹਿਕਮੇ ਤੇ ਕਲੋਨਾਈਜ਼ਰ ਦੀ ਕਥਿਤ ਮਿਲੀ-ਭੁਗਤ ਹੈ ਅਤੇ ਹੁਣ ਵੀ ਨਵੇਂ ਮਕਾਨ ਬਣਾਉਣ ਵਾਲੇ ਲੋਕਾਂ ਨੂੰ ਮਹਿੰਗੇ ਰੇਟਾਂ ‘ਤੇ ਕਲੋਨਾਈਜ਼ਰ ਵਲੋਂ ਆਪਣੇ ਪੱਧਰ ‘ਤੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਬਿਜਲੀ ਮਹਿਕਮਾ ਕਲੋਨਾਈਜ਼ਰ ਵਿਰੁੱਧ ਸਖਤ ਕਾਰਵਾਈ ਕਰਕੇ ਲੋਕਾਂ ਨੂੰ ਨਾਜਾਤ ਦਿਵਾਏ। ਉਹਨਾਂ ਕਿਹਾ ਕਿ ਇਸ ਵਿੱਚ ਵੱਡਾ ਘਪਲਾ ਚੱਲ ਰਿਹਾ ਹੈ , ਸਰਕਾਰ ਜਲਦੀ ਤੋਂ ਜਲਦੀ ਇਸਦੀ ਤੁਰੰਤ ਜਾਂਚ ਕਰਵਾਏ। ਉਹਨਾਂ ਕਿਹਾ ਕਿ ਕਲੋਨੀ ਵਿਚ ਇੰਟਰਨੈੱਟ ਦੀ ਕੋਈ ਸਹੂਲਤ ਨਹੀਂ ਤੇ ਕਲੋਨਾਈਜ਼ਰ ਕੰਪਨੀਆਂ ਨੂੰ ਤਾਰਾਂ ਪਾਉਣ ਤੋਂ ਜਾਣ-ਬੁੱਝ ਕੇ ਰੋਕ ਰਿਹਾ ਹੈ। ਮਾਰਕੀਟ ਦੀ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ। ਸਰਕਾਰ ਵੱਲੋਂ ਹਰ ਪਿੰਡ ਵਿੱਚ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਇਸ ਕਲੋਨੀ ਦੇ ਵਾਸੀਆਂ ਨੂੰ ਅਜੇ ਤੱਕ ਪੀਣ ਵਾਲਾ ਪਾਣੀ ਤੱਕ ਨਹੀਂ ਮੁਹੱਈਆ ਕਰਵਾਇਆ ਗਿਆ। ਅਵਾਰਾ ਕੁੱਤਿਆਂ ਤੋਂ ਲੋਕ ਬਹੁਤ ਜਿਆਦਾ ਪਰੇਸ਼ਾਨ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਜੇਕਰ ਤੁਰੰਤ ਇਸ ਸਬੰਧੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਸਖਤ ਕਦਮ ਚੁੱਕੇ ਜਾਣਗੇ।
ਇਸ ਮੌਕੇ ‘ਤੇ ਡਾ. ਦਲਬੀਰ ਸਿੰਘ ਸੋਗੀ, ਦਿਲਬਾਗ ਸਿੰਘ ਸੋਹਲ, ਪੋ.ਰੰਧਾਵਾ, ਸੁਰਿੰਦਰਪਾਲ ਸਿੰਘ ਮਾਹਲ, ਡਾ. ਬਿਕਰਮਜੀਤ ਸਿੰਘ ਬਾਜਵਾ, ਡਾ. ਢਿੱਲੋਂ, ਡਾ.ਹਰਮੋਹਿੰਦਰ ਸਿੰਘ ਜੱਸਲ, ਡਾ.ਹਰਪ੍ਰਭਜੀਤ ਸਿੰਘ ਢਿੱਲੋਂ, ਡਾ. ਡੀ.ਪੀ.ਸਿੰਘ, ਸਤਨਾਮ ਸਿੰਘ ਭੁੱਲਰ, ਭਜਨ ਸਿੰਘ ਢਿੱਲੋਂ, ਵਿਜੇ ਕੁਮਾਰ, ਡਾ. ਨਵਦੀਪ ਸਿੰਘ ਸੇਖੋਂ, ਬਲਦੇਵ ਸਿੰਘ, ਕਰਨ ਸਿੰਘ ਸਮੇਤ ਸੈਂਕੜੇ ਹੋਲੀ ਸਿਟੀ ਨਿਵਾਸੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp