ਸਰਕਾਰੀ ਸਕੂਲਾਂ/ਕਾਲਜਾਂ ਦੇ 92.65 ਫੀਸਦੀ ਸਟਾਫ਼ ਦਾ ਮੁਕੰਮਲ ਟੀਕਾਕਰਨ ਹੋਇਆ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ
ਕਿਹਾ, 25 ਅਗਸਤ ਤੱਕ ਸੌ ਫੀਸਦੀ ਸਟਾਫ਼ ਨੂੰ ਕਵਰ ਕਰਨ ਦਾ ਟੀਚਾ
ਜਲੰਧਰ (ਦੀਪਕ ਬਾਵਾ )
ਡਿਪਟੀ ਕਮਿਸ਼ਨਰ, ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੇ ਸਰਕਾਰੀ ਸਕੂਲਾਂ/ਕਾਲਜਾਂ ਦੇ 92.65 ਫੀਸਦੀ ਸਟਾਫ਼ ਦਾ ਮੁਕੰਮਲ ਟੀਕਾਕਰਨ ਹੋ ਚੁੱਕਿਆ ਹੈ ਅਤੇ 25 ਅਗਸਤ ਤੱਕ ਸੌ ਫੀਸਦੀ ਸਟਾਫ਼ ਨੂੰ ਵੈਕਸੀਨੇਸ਼ਨ ਤਹਿਤ ਕਵਰ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਕੂਲਾਂ/ਕਾਲਜਾਂ ਵਿਚਲੇ 7553 ਸਟਾਫ਼ ਵਿੱਚੋਂ ਹੁਣ ਤੱਕ 6998 (92.65 ਫੀਸਦੀ) ਦਾ ਮੁਕੰਮਲ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 1597 ਦਿਵਿਆਂਗ (ਪਰਸਨਜ਼ ਵਿਦ ਡਿਸਅਬਿਲਟੀਜ਼) ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਥੋੜੇ ਸਮੇਂ ਵਿੱਚ ਸਮੁੱਚੇ ਸਕੂਲ ਅਧਿਆਪਕਾਂ ਨੂੰ ਕਵਰ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਵਿਸ਼ੇਸ਼ ਕੋਵਿਡ-19 ਕੈਂਪ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸੀ.ਐਚ.ਸੀ. ਕਾਲਾ ਬੱਕਰਾ, ਆਦਮਪੁਰ, ਫਿਲੌਰ, ਪੀ.ਐਚ.ਸੀ. ਬਿਲਗਾ, ਨੂਰਮਹਿਲ, ਜੰਡਿਆਲਾ, ਬੜਾ ਪਿੰਡ, ਜਮਸ਼ੇਰ ਖਾਸ, ਸੀ.ਐਚ.ਸੀ. ਕਰਤਾਰਪੁਰ, ਨਕੋਦਰ, ਸੀ.ਐਚ.ਸੀ. ਲੋਹੀਆਂ ਖਾਸ, ਸ਼ਾਹਕੋਟ, ਮਹਿਤਪੁਰ ਅਤੇ ਸ਼ਹਿਰੀ ਜਲੰਧਰ ਵਿਖੇ ਕੈਂਪ ਲਗਾ ਕੇ ਟੀਕਾਕਰਨ ਤੋਂ ਰਹਿੰਦੇ ਸਕੂਲਾਂ/ਕਾਲਜਾਂ ਦੇ ਸਟਾਫ਼ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 25 ਅਗਸਤ ਤੱਕ ਸੌ ਫੀਸਦੀ ਸਟਾਫ਼ ਨੂੰ ਟੀਕਾਕਰਨ ਤਹਿਤ ਕਵਰ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਟੀਕਾਕਰਨ ਪੂਰਾ ਕੀਤੇ ਬਿਨਾਂ ਕਿਸੇ ਨੂੰ ਵੀ ਸਕੂਲ ਦੀਆਂ ਕਲਾਸਾਂ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਕੂਲਾਂ ਵਿੱਚ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਸਮੇਤ ਕੋਵਿਡ-19 ਢੁੱਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਅਤੇ ਉਨ੍ਹਾਂ ਸਾਰੇ ਅਧਿਆਪਕਾਂ, ਜਿਨ੍ਹਾਂ ਅਜੇ ਤੱਕ ਆਪਣਾ ਟੀਕਾਕਰਨ ਪੂਰਾ ਨਹੀਂ ਕੀਤਾ, ਨੂੰ ਇਨ੍ਹਾਂ ਕੈਂਪਾਂ ਵਿੱਚ ਜਾ ਕੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।
——————
EDITOR
CANADIAN DOABA TIMES
Email: editor@doabatimes.com
Mob:. 98146-40032 whtsapp