ਪੰਜਾਬ ਕਾਂਗਰਸ ਸਰਕਾਰ ਤੋਂ ਖਫਾ ਮੁਲਾਜ਼ਮ 1 ਸਤੰਬਰ ਨੂੰ ਦਿੱਲੀ ਵਿਖੇ ਸੋਨੀਆ ਗਾਂਧੀ ਨੂੰ 2017 ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ ਫਰੇਮ ਕਰਵਾ ਕੇ ਮੋੜਨ ਜਾਣਗੇ
ਸਾਢੇ ਚਾਰ ਸਾਲਾਂ ਵਿਚ ਨਹੀ ਹੋਈ ਕੱਚੇ ਮੁਲਾਜ਼ਮਾਂ ਦੀ ਸੁਣਵਾਈ ਜਦਕਿ ਪਹਿਲੀ ਕੈਬਿਨਟ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਸੀ ਵਾਅਦਾ
ਮੁੱਖ ਮੰਤਰੀ ਪੰਜਾਬ 3 ਸਤੰਬਰ ਦੇ ਵਿਧਾਨ ਸਭਾ ਸੈਸ਼ਨ ਵਿਚ ਪਹਿਲਾਂ ਦੀ ਤਰ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੋਕਾ ਹੋਕਾ ਦੇ ਕੇ ਨਾ ਸਮਾਂ ਟਪਾਉਣ :- ਮਲਕੀਤ ਸਿੰਘ
ਪਠਾਨਕੋਟ (ਰਾਜਨ ਬਿਊਰੋ ) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਵਿਚ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕਰਨ ਅਤੇ ਪੰਜਾਬ ਵਿਚ ਕੱਚੇ ਮੁਲਾਜ਼ਮਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਕੱਚੇ ਮੁਲਾਜ਼ਮਾਂ ਨੇ ਦਿੱਲੀ ਸੋਨੀਆ ਗਾਂਧੀ ਦੇ ਦਰਬਾਰ ਜਾਣ ਦੀ ਤਿਆਰੀ ਖਿੱਚ ਲਈ ਹੈ। ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ 2017 ਦੋਰਾਨ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਹਰ ਇਕ ਤਰ੍ਹਾ ਦੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਦੀ ਪਹਿਲ਼ੀ ਕੈਬਿਨਟ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਜਾਵੇਗਾ ਪਰ ਸਾਢੇ ਚਾਰ ਸਾਲਾਂ ਵਿੱਚ ਕੱਚੇ ਮੁਲਾਜ਼ਮਾਂ ਦਾ ਸੋਸ਼ਣ ਪਹਿਲਾਂ ਨਾਲੋ ਵਧਿਆ ਹੀ ਹੈ। ਮੁੱਖ ਮੰਤਰੀ ਹਰ ਇਕ ਵਿਧਾਨ ਸਭਾ ਸੈਸ਼ਨ ਵਿਚ ਐਲਾਨ ਕਰਦੇ ਆਏ ਹਨ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਬਣਾ ਰਹੀ ਹੈ ਪਰ ਮੁੱਖ ਮੰਤਰੀ ਦੇ ਬਿਆਨ ਸਿਰਫ ਲਫ਼ਜ਼ਾ ਤੱਕ ਹੀ ਸੀਮਿਤ ਰਹਿ ਗਏ ਹਨ। ਸਰਕਾਰ ਦਾ ਆਖਰੀ ਸੈਸ਼ਨ ਸਿਰ ਤੇ ਆ ਗਿਆ ਹੈ ਪਰ ਸਰਕਾਰ ਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵੱਲ ਕੋਈ ਧਿਆਨ ਨਹੀ ਹੈ ਜਿਸ ਕਰਕੇ ਕੱਚੇ ਮੁਲਾਜ਼ਮਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਤੇ ਕਾਂਗਰਸ ਦੀ ਹਾਈਕਮਾਨ ਨਵਾਂ 2022 ਚੋਣਾਂ ਦਾ ਚੋਣ ਮਨੋਰਥ ਪੱਤਰ ਤਿਆਰ ਕਰੇ ਉਸ ਤੋਂ ਪਹਿਲਾਂ ਕੱਚੇ ਮੁਲਾਜ਼ਮ 2017 ਵਾਲਾ ਚੋਣ ਮਨੋਰਥ ਪੱਤਰ ਕਾਂਗਰਸ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਮੋੜਨ ਦਿੱਲੀ ਜਾਣਗੇ 2017 ਵਿੱਚ ਕੀਤੇ ਵਾਅਦਿਆਂ ਦਾ ਲੇਖਾ ਜੋਖਾ ਮੰਗਣਗੇ ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਦੀਆ ਵਿਧਾਨ ਸਭਾ ਚੋਣਾਂ ਦੋਰਾਨ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਵੱਲੋਂ ਨੋਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਨੋਕਰੀ ਨੂੰ ਪੱਕਾ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੋਂ ਬਾਅਦ ਇਹ ਸਾਰੇ ਨੇਤਾ ਇਹਨਾਂ ਨੋਜਵਾਨ ਮੁਲਾਜ਼ਮਾਂ ਨੂੰ ਭੁੱਲ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿਥੇ ਕਿਤੇ ਵੀ ਜਾਦੇ ਹਨ ਤਾਂ ਆਪਣੇ ਭਾਸ਼ਣ ਵਿਚ ਕਹਿੰਦੇ ਹਨ ਕਿ ਕੰਨਟ੍ਰੈਕਟ/ਐਡਹਕ ਸ਼ਬਦ ਹੀ ਖਤਮ ਹੋਣਾ ਚਾਹੀਦਾ ਹੈ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ਼ ਹਰੀਸ਼ ਰਾਵਤ ਉਤਰਾਖੰਡ ਵਿਚ ਕੱਚੇ ਮੁਲਾਜ਼ਮਾਂ ਨਾਲ ਮੀਟਿੰਗਾਂ ਕਰ ਰਹੇ ਹਨ ਕਿ ਸਰਕਾਰ ਬਨਣ ਤੇ ਤੁਹਾਨੂੰ ਪੱਕਾ ਕੀਤਾ ਜਾਵੇਗਾ ਪਰ ਅਸੀਂ ਹਰੀਸ਼ ਰਾਵਤ ਅਤੇ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਕੰਨਟ੍ਰੈਕਟ/ਐਡਹਾਕ ਸ਼ਬਦ ਖਤਮ ਕਰਨਾ ਤਾਂ ਦੂਰ ਦੀ ਗੱਲ ਕੰਨਟ੍ਰੈਕਟ/ਐਡਹਾਕ/ਆਉਟਸੋਰਸ/ਦਿਹਾੜੀਦਾਰ ਮੁਲਾਜ਼ਮਾਂ ਨਾਲ ਸਾਢੇ ਚਾਰ ਸਾਲਾਂ ਵਿਚ ਇਕ ਵਾਰ ਵੀ ਗੱਲਬਾਤ ਕਰਨੀ ਠੀਕ ਨਹੀ ਸਮਝੀ ਹੈ ਤੇ ਹੁਣ ਪੰਜਾਬ ਦੇ ਇਹ ਨੋਜਵਾਨ ਮੁਲਾਜ਼ਮ ਆਪਣੀਆਂ ਜਾਨਾਂ ਵਾਰਨ ਤੱਕ ਆ ਗਏ ਹਨ ਤੇ ਉਨ੍ਹਾਂ ਦਾ ਸੋਚਣਾ ਹੈ ਕਿ ਪੰਜਾਬ ਸੂਬੇ ਵਿਚ ਮਰ ਕੇ ਹੀ ਹੱਕ ਮਿਲ ਸਕਦੇ ਹਨ ਜਿਉਂਦੇ ਜੀ ਨਹੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਵੀ 1 ਸਤੰਬਰ 2018 ਨੂੰ ਕੱਚੇ ਮੁਲਾਜ਼ਮਾਂ ਵੱਲੋਂ ਕਾਂਗਰਸ ਦੇ ਦਿੱਲੀ ਦਰਬਾਰ ਪੁੱਜ ਕੇ ਕੀਤੇ ਵਾਅਦਿਆ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਰਿਆਦ ਕੀਤੀ ਸੀ ਅਤੇ ਹਾਈਕਮਾਨ ਦੇ ਦਫ਼ਤਰ ਵੱਲੋਂ ਕਾਂਗਰਸ ਦੇ ਤਤਕਾਲੀਨ ਜਰਨਲ ਸਕੱਤਰ ਮੋਤੀ ਲਾਲ ਵੋਹਰਾ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਕਿਹਾ ਸੀ ਪਰ ਅੱਜ ਤੱਕ ਕੁਝ ਨਹੀ ਹੋਇਆ ਜਿਸ ਕਰਕੇ ਮੁਲਾਜ਼ਮਾ ਨੇ ਮਨ ਬਣਾਇਆ ਹੈ ਕਿ ਜੇਕਰ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੂਰੇ ਹੀ ਨਹੀ ਹੋਣੇ ਤਾਂ ਉਸ ਚੋਣ ਮਨੋਰਥ ਪੱਤਰ ਦਾ ਕੀ ਫਾਇਦਾ ਇਸ ਲਈ ਮੁਲਾਜ਼ਮ 1 ਸਤੰਬਰ ਨੂੰ ਕਾਂਗਰਸ ਦੇ ਦਿੱਲੀ ਦਰਬਾਰ ਕਾਂਗਰਸ ਪ੍ਰਧਾਨ ਸੋਨੀਆ ਗਾਧੀ ਨੂੰ ਕਾਂਗਰਸ ਦਾ 2017 ਚੋਣਾਂ ਦੋਰਾਨ ਬਣਾਇਆ ਚੋਣ ਮਨੋਰਥ ਪੱਤਰ ਫਰੇਮ ਵਿਚ ਜੜਾ ਕੇ ਮੋੜ ਕੇ ਆਉਣਗੇ ਤੇ ਇਹ ਕਹਿ ਕੇ ਆਉਣਗੇ ਕਿ ਇਸ ਮੈਨੀਫੈਸਟੋ ਨੂੰ ਪੰਜਾਬ ਸਰਕਾਰ ਨੇ ਅਮਲ ਵਿੱਚ ਨਹੀ ਲਿਆਉਂਦਾ ਇਸ ਲਈ ਇਸ ਨੂੰ ਅਪਣੇ ਦਫਤਰ ਵਿੱਚ ਟੰਗ ਲਉ।
ਇਸ ਮੌਕੇ ਤੇ ਨਰਿੰਦਰ ਸਿੰਘ,ਸੁੁਮਿਤ ਰਾਜ, ਜਸਬੀਰ ਸਿੰਘ, ਰਾਜ ਕੁਮਾਰ, ਖ਼ੁਸ਼ਹਾਲ ਬੱਧਨ, ਪੰਕਜ ਸ਼ਰਮਾ,ਅਮਰਜੀਤ,ਦੁਸ਼ਅੰਤ ਜੋਸ਼ੀ,
ਅਸ਼ਵਨੀ ਸ਼ਰਮਾ, ਹਰਜਿੰਦਰ ਧੀਰਜ , ਰਾਜੀਵ ਸਿੰਘ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp