ਸੁਲਤਾਨਪੁਰ ਲੋਧੀ/ਜਲੰਧਰ: ਅਗਲੇ ਸਾਲ ਮਨਾਏ ਜਾਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਸੁਲਤਾਨਪੁਰ ਲੋਧੀ ਵਿੱਚ 50 ਤੋਂ ਵੱਧ ਸੰਤਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੀਡੀਆ ਨੂੰ ਜਾਣ ਤੋਂ ਰੋਕਿਆ ਗਿਆ ਸੀ। ਸੰਤਾਂ ਨਾਲ ਮਿਲਕੇ ਬਾਹਰ ਆਏ ਸੀਐਮ ਨੇ ਕਿਹਾ ਕਿ 11 ਮੈਂਬਰੀ ਕਮੇਟੀ ਬਣਾਈ ਜਾਵੇਗੀ ਜਿਹੜੀ ਸਮਾਗਮ ਬਾਰੇ ਸੁਝਾਅ ਦੇਵੇਗੀ।
ਕੈਪਟਨ ਨੇ ਗੁਰਪੁਰਬ ਲਈ ਕੇਂਦਰ ਸਰਕਾਰ ਤੋਂ 2150 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਮੰਗੀ ਹੈ ਤੇ ਨਾਲ ਹੀ ਉਨ੍ਹਾਂ ਸੰਗਤ ਲਈ ਰਾਏਕੋਟ ਨੇੜੇ ਹਲਵਾਰਾ ਏਅਰ ਫੋਰਸ ਸਟੇਸ਼ਨ ਨੂੰ ਆਰਜ਼ੀ ਹਵਾਈ ਅੱਡੇ ਵਜੋਂ ਤਬਦੀਲ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਕਰਤਾਰਪੁਰ ਲਾਂਘਾ ਖੁੱਲ੍ਹਦਾ ਹੈ ਤਾਂ ਬਹੁਤ ਵਧੀਆ ਹੋਵੇਗਾ। 100 ਸਾਲ ਤੋਂ ਵੱਧ ਕਿਸੇ ਵਿਰਲੇ ਵਿਅਕਤੀ ਦੀ ਉਮਰ ਹੀ ਹੁੰਦੀ ਹੈ ਪਰ ਮੁੱਖ ਮੰਤਰੀ ਨੇ ਇੱਥੇ ਸ਼ੁਕਰਾਨਾ ਮਹਿਸੂਸ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਇੱਕ ਵਾਰ ਹੀ 550 ਸਾਲਾ ਪ੍ਰੋਗਰਾਮ ਹੁੰਦਾ ਹੈ, ਅਸੀਂ ਤਿਆਰੀਆਂ ਕਰ ਰਹੇ ਹਾਂ। ਮੀਟਿੰਗ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਮਾਂ ਬਹੁਤ ਥੋੜ੍ਹਾ ਸੀ ਤੇ ਜ਼ਿਆਦਾਤਰ ਸੰਤ ਆਪਣੀ ਗੱਲ ਨਹੀਂ ਰੱਖ ਸਕੇ।
ਇਸ ਮੌਕੇ ਕੈਪਟਨ ਨਾਲ ਆਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮ ਬਾਰੇ ਐਸਜੀਪੀਸੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿੰਨੀਆਂ ਵੀ ਮੀਟਿੰਗਾਂ ਇਸ ਸਬੰਧੀ ਹੋਈਆਂ ਅਸੀਂ ਐਸਜੀਪੀਸੀ ਪ੍ਰਧਾਨ ਨੂੰ ਸੱਦਾ ਭੇਜਿਆ ਪਰ ਉਹ ਇੱਕ ਵਾਰ ਵੀ ਨਹੀਂ ਆਏ।
ਬੈਠਕ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਤੇ ਵਿਜੇ ਇੰਦਰ ਸਿੰਗਲਾ ਨਾਲ ਸੀਐਮ ਹੈਲੀਕਾਪਟਰ ਰਾਹੀਂ ਸੁਲਤਾਨਪੁਰ ਲੋਧੀ ਪਹੁੰਚੇ। ਪਹਿਲਾਂ ਦੱਸਿਆ ਗਿਆ ਕਿ ਉਹ ਗੁਰੂਦੁਆਰਾ ਬੇਰ ਸਾਹਿਬ ਮੱਥਾ ਟੇਕਣਗੇ ਤੇ ਫਿਰ ਮੀਟਿੰਗ ਵਿੱਚ ਸ਼ਾਮਲ ਹੋਣਗੇ ਪਰ ਸੀਐਮ ਦਾ ਕਾਫਲਾ ਸਿੱਧਾ ਹੀ ਦਾਣਾ ਮੰਡੀ ਵਿੱਚ ਮੀਟਿੰਗ ਵਾਲੀ ਥਾਂ ‘ਤੇ ਪਹੁੰਚਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp