ਪਾਤੜਾਂ / ਹੁਸ਼ਿਆਰਪੁਰ : ਪਿੰਡ ਮੌਲਵੀਵਾਲਾ ਮਹਿਲਾ ਸਰਪੰਚ ਸੁਖਪਾਲ ਕੌਰ ਨੇ ਆਰੋਪ ਲਗਾਇਆ ਹੈ ਕਿ ‘ ਜਨਤਕ ਤੌਰ ’ਤੇ ਮਹਿਲਾ ਦਲਿਤ ਸਰਪੰਚ ਦੀ ਕੁੱਟਮਾਰ ਕੀਤੀ ਜਾਂਦੀ ਹੈ, ਬਦਸਲੂਕੀ ਕੀਤੀ ਜਾਂਦੀ ਹੈ, ਕੱਪੜੇ ਪਾੜੇ ਜਾਂਦੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਪੰਜਾਬ ਪੁਲਿਸ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਥਾਂ ਉਸ ’ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ। ਇਹ ਗੱਲ ਮਹਿਲਾ ਸਰਪੰਚ ਸੁਖਪਾਲ ਕੌਰ ਨੇ ਨੈਸ਼ਨਲ ਐੱਸਸੀ ਕਮਿਸ਼ਨ ਨੂੰ ਲਿਖੀ ਸ਼ਿਕਾਇਤ ਵਿਚ ਦੱਸੀ ਹੈ । ਇਸ ਮਾਮਲੇ ਨੂੰ ਸਖ਼ਤੀ ਨਾਲ ਲੈਂਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ (Vijay Sampla) ਨੇ ਪੰਜਾਬ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਇਨਸਾਫ਼ ਲਈ ਦਲਿਤ ਮਹਿਲਾ ਸਰਪੰਚ ਸੁਖਪਾਲ ਕੌਰ ਵੱਲੋਂ ਕਮਿਸ਼ਨ ਨੂੰ ਲਿਖੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ 23 ਮਈ ਨੂੰ ਜ਼ਿਲ੍ਹਾ ਪਟਿਆਲਾ ਦੇ ਪਾਤੜਾਂ ਦੇ ਪਿੰਡ ਸੰਤਨਗਰ ਮੌਲਵੀਵਾਲਾ ‘ਚ ਜਦੋਂ ਬਤੌਰ ਸਰਪੰਚ ਗਲੀਆਂ ਅਤੇ ਨਾਲੀਆਂ ਦੀ ਉਸਾਰੀ ਕਰਵਾ ਰਹੀ ਸੀ, ਉਸ ਸਮੇਂ ਰਸੂਖ਼ਦਾਰ ਵਿਅਕਤੀ ਸੁਖਜਿੰਦਰ ਸਿੰਘ ਤੇ ਰਣਜੀਤ ਸਿੰਘ ਵੀ ਮੌਕੇ ’ਤੇ ਪਹੁੰਚੇ। ਤੈਸ਼ ‘ਚ ਆ ਕੇ ਉਨ੍ਹਾਂ ਉਕਤ ਕੰਮ ਨੂੰ ਰੁਕਵਾ ਦਿੱਤਾ ਤੇ ਗਾਲੀ-ਗਲੌਚ ਕਰਦੇ ਹੋਏ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਤੇ ਕੱਪੜੇ ਪਾੜੇ ਗਏ ਅਤੇ ਕੁੱਟਮਾਰ ਕੀਤੀ।
ਇਸ ਦੌਰਾਨ ਮਹਿਲਾ ਸਰਪੰਚ ਦੇ ਪਰਿਵਾਰਕ ਮੈਂਬਰ ਨੂੰ ਵੀ ਕੁੱਟਿਆ।
ਨੈਸ਼ਨਲ ਐੱਸਸੀ ਕਮਿਸ਼ਨ ਚੇਅਰਮੈਨ ਵਿਜੇ ਸਾਂਪਲਾ ਨੇ ਦਲਿਤ ਮਹਿਲਾ ਸਰਪੰਚ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਐਸਐਪੀ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ਦੀ ਤੁਰੰਤ ਜਾਂਚ ਕਰ ਕੇ ਕਾਰਵਾਈ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਕਮਿਸ਼ਨ ਦੇ ਕੋਲ ਪੰਜਾਬ ਭਰ ਤੋਂ ਸ਼ਿਕਾਇਤਾਂ ਆ ਰਹੀਆਂ ਹਨ, ਜਿਸ ਵਿਚ ਪੀੜਤ ਦਲਿਤ ਕਹਿੰਦੇ ਹਨ ਕਿ ਪੰਜਾਬ ਪੁਲਿਸ ਸ਼ਿਕਾਇਤ ਇਨਸਾਫ਼ ਨਹੀਂ ਦੇ ਰਹੀ ਹੈ ਪਰ ਹੁਣ ਤਾਂ ਹੱਦ ਹੋ ਗਈ ਹੈ, ਜਦੋਂ ਲੋਕਾਂ ਵੱਲੋਂ ਲੋਕਤੰਤਰ ਤਰੀਕੇ ਨਾਲ ਚੁਣੇ ਗਏ ਨੁਮਾਇੰਦਿਆਂ ਦੀ ਵੀ ਸੁਣਵਾਈ ਪੰਜਾਬ ਪੁਲਿਸ ਨਹੀਂ ਕਰ ਰਹੀ ਹੈ। ਜੇਕਰ ਦਲਿਤ ਆਗੂਆਂ ਨਾਲ ਪੰਜਾਬ ਪੁਲਿਸ ਏਨੀ ਮਾੜੀ ਕਰ ਰਹੀ ਹੈ ਤਾਂ ਆਮ ਦਲਿਤ ਵਿਅਕਤੀ ਦਾ ਕੀ ਹਾਲ ਹੋਵੇਗਾ।
ਨੈਸ਼ਨਲ ਐੱਸਸੀ ਕਮਿਸ਼ਨ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਨਿਆਂ ਦਿਵਾਉਣਾ ਕਮਿਸ਼ਨ ਦਾ ਪਹਿਲਾ ਫਰਜ਼ ਹੈ। ਜੇਕਰ ਕਮਿਸ਼ਨ ਨੂੰ ਸੱਤ ਦਿਨਾਂ ‘ਚ ਜਵਾਬ ਨਹੀਂ ਮਿਲਿਆ ਤਾਂ ਕਮੀਸ਼ਨ ਸੰਵਿਧਾਨ ਦੀ ਧਾਰਾ 338 ਦੇ ਤਹਿਤ ਮਿਲੀ ਸਿਵਿਲ ਕੋਰਟ ਦੀ ਸ਼ਕਤੀ ਦੀ ਵਰਤੋਂ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਕਮਿਸ਼ਨ ਦੇ ਅੱਗੇ ਮੌਜੂਦ ਹੋਣ ਦੇ ਸੰਮਨ ਜਾਰੀ ਕਰ ਦਿੱਤੇ ਜਾਣਗੇ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp