ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ’ਚ 13 ਸਤੰਬਰ ਨੂੰ ਲੱਗੇਗਾ ਦੂਸਰਾ ਮੈਗਾ ਰੋਜ਼ਗਾਰ ਮੇਲਾ : ਅਪਨੀਤ ਰਿਆਤ

ਮੁੱਖ ਮੰਤਰੀ ਵਲੋਂ ਸ਼ੁਰੂ ਕੀਤੇ ਗਏ ਚਾਰ ਮਹੱਤਵਪੂਰਨ ਪ੍ਰੋਜੈਕਟਾਂ ਨਾਲ ਸੂਬੇ ਦਾ ਨੌਜਵਾਨ ਹੋਵੇਗਾ ਮਜ਼ਬੂਤ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਆਯੋਜਿਤ ਆਨਲਾਈਨ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ 7ਵੇਂ ਰੋਜ਼ਗਾਰ ਮੇਲੇ ਦਾ ਦੌਰਾ ਕਰਕੇ ਵਧਾਇਆ ਨੌਜਵਾਨਾਂ ਦਾ ਉਤਸ਼ਾਹ
ਕਿਹਾ, ਪੰਜਾਬ ਸਰਕਾਰ ਵਲੋਂ ਮੈਗਾ ਰੋਜ਼ਗਾਰ ਮੇਲੇ, ਮੇਰਾ ਕੰਮ-ਮੇਰਾ ਮਾਣ ਪ੍ਰੋਜੈਕਟ, ਸਰਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਆਨਲਾਈਨ ਕੋਚਿੰਗ ਤੇ ਜ਼ਿਲ੍ਹਾ ਤਰਨਤਾਰਨ ’ਚ ਸੀ-ਪਾਈਟ ਕੇਂਦਰ ਦੀ ਸ਼ੁਰੂਆਤ ਨਾਲ ਨੌਜਵਾਨਾਂ ਨੂੰ ਮਿਲੀ ਨਵੀਂ ਦਿਸ਼ਾ
ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ’ਚ ਲੱਗੇ ਮੈਗਾ ਰੋਜ਼ਗਾਰ ਮੇਲੇ ’ਚ 1300 ਉਮੀਦਵਾਰ ਹੋਏ ਸ਼ਾਮਲ, 594 ਦੀ ਹੋਈ ਚੋਣ
ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ’ਚ 13 ਸਤੰਬਰ ਨੂੰ ਲੱਗੇਗਾ ਦੂਸਰਾ ਮੈਗਾ ਰੋਜ਼ਗਾਰ ਮੇਲਾ
ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 7ਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਦਾ ਆਨਲਾਈਨ ਉਦਘਾਟਨ ਕੀਤਾ ਗਿਆ ਜੋ ਕਿ ਸੂਬੇ ਦੇ ਸਾਰੇੇ ਜ਼ਿਲਿ੍ਹਆਂ ਵਿਚ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ ਕਿਉਂਕਿ ਅੱਜ ਦੇ ਦਿਨ 4 ਮਹੱਤਵਪੂਰਨ ਪ੍ਰੋਗਰਾਮਾਂ ਦੀ ਮੁੱਖ ਮੰਤਰੀ ਵਲੋਂ ਸ਼ੁਰੂਆਤ ਕਰਵਾਈ ਗਈ ਹੈ, ਜੋ ਕਿ ਸੂਬੇ ਦੇ ਨੌਜਵਾਨਾਂ ਨੂੰ ਮਜ਼ਬੂਤ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਆਨਲਾਈਨ ਤਰੀਕੇ ਨਾਲ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਂਚ ਕਰਨ ਦੌਰਾਨ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਤੋਂ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹੋਏ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਸਲ ਉਤਾਰਾ ਵਿਚ ਸੀ-ਪਾਈਟ ਕੇਂਦਰ ਦੀ ਸ਼ੁਰੂਆਤ ਕਰਵਾਈ ਹੈ ਜੋ ਕਿ ਨੌਜਵਾਨਾਂ ਨੂੰ ਸੈਨਾ ਵਿਚ ਜਾਣ ਲਈ ਮੁਫ਼ਤ ਟਰੇਨਿੰਗ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ ਉਨ੍ਹਾਂ ਵਲੋਂ 7ਵੇਂ ਸੂਬਾ ਪੱਧਰੀ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਕਰਵਾਉਣ ਦੇ ਨਾਲ-ਨਾਲ ਮੇਰਾ ਕੰਮ-ਮੇਰਾ ਮਾਣ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ, ਪ੍ਰੋਗਰਾਮ ਤਹਿਤ ਰਜਿਸਟਰਡ ਕਾਮਿਆਂ ਦੇ ਬੱਚਿਆਂ ਨੂੰ ਮਜ਼ਬੂਤ ਬਣਾਉਂਦੇ ਹੋਏ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਵੋਕੇਸ਼ਨਲ ਸਿਖਲਾਈ ਦੇ ਨਾਲ-ਨਾਲ ਇਕ ਸਾਲ ਲਈ ਪ੍ਰਤੀ ਮਹੀਨਾ 2500 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਟਰੇਨਿੰਗ ਦੇਣ ਤੋਂ ਇਲਾਵਾ ਜਾਬ ਪਲੇਸਮੈਂਟ ਵੀ ਦਿਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਬਹੁਤ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਹੋਈ ਹੈ ਅਤੇ ਉਹ ਹੈ ਸਰਕਾਰੀ ਪ੍ਰੀਖਿਆ ਦੀ ਤਿਆਰੀ ਲਈ ਨੌਜਵਾਨਾਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦੀ ਸ਼ੁਰੂਆਤ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਸ.ਐਸ.ਸੀ. ਬੈਂਕ, ਪੀ.ਓ. ਕਲੈਰੀਕਲ, ਆਰ.ਆਰ.ਬੀ., ਸੀ.ਈ.ਟੀ. ਪੀ.ਪੀ.ਐਸ.ਸੀ., ਪੀ.ਐਸ.ਐਸ.ਬੀ. ਅਤੇ ਹੋਰ ਵਿਭਾਗੀ ਪ੍ਰੀਖਿਆਵਾਂ ਲਈ ਨੌਜਵਾਨਾਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਦੌਰਾਨ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਚ ਲੱਗੇ ਮੈਗਾ ਰੋਜ਼ਗਾਰ ਮੇਲੇ ਦਾ ਦੌਰਾ ਕਰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਵਿਚ ਮੋਹਰੀ ਹੈ। ਇਹੀ ਕਾਰਨ ਹੈ ਕਿ ਇਥੇ ਰੋਜ਼ਗਾਰ ਮੇਲਿਆਂ ਵਿਚ ਨਾ ਸਿਰਫ਼ ਆਸ-ਪਾਸ ਦੇ ਜ਼ਿਲਿ੍ਹਆਂ ਤੋਂ ਬਲਕਿ ਗੁਆਂਢੀ ਸੂਬਿਆਂ ਤੋਂ ਵੀ ਨੌਜਵਾਨ ਨੌਕਰੀ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 7ਵੇਂ ਮੈਗਾ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਤੋਂ ਕੀਤੀ ਗਈ ਹੈ ਜਿਸ ਵਿਚ 50 ਤੋਂ ਵੱਧ ਕੰਪਨੀਆਂ ਵਲੋਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਵੇਰੇ ਤੋਂ ਹੀ ਨੌਜਵਾਨ ਭਾਰੀ ਗਿਣਤੀ ਵਿਚ ਇੰਟਰਵਿਊ ਲਈ ਪਹੁੰਚੇ ਸਨ ਅਤੇ ਅੱਜ ਦੇ ਮੈਗਾ ਰੋਜ਼ਗਾਰ ਮੇਲੇ ਵਿਚ 1300 ਉਮੀਦਵਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 594 ਉਮੀਦਵਾਰਾਂ ਦਾ ਵੱਖ-ਵੱਖ ਇੰਡਸਟਰੀਅਲ ਯੂਨਿਟਸ, ਬੈਂਕਸ, ਇੰਸ਼ੋਰੈਂਸ ਕੰਪਨੀਜ਼, ਹਸਪਤਾਲ, ਹੋਟਲ, ਸਕੂਲ ਅਤੇ ਸਕਿਉਰਟੀ ਕੰਪਨੀਆਂ ਵਲੋਂ ਚੋਣ ਕੀਤੀ ਗਈ। ਇਸ ਤੋਂ ਇਲਾਵਾ 62 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਜਿਲ੍ਹੇ ਵਿਚ 10000 ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਦੇਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਲਈ ਸੋਨਾਲੀਕਾ, ਸੈਂਚੁਰੀ ਪਲਾਈਵੁਡ, ਹਾਕਿੰਸ, ਵਰਧਮਾਨ, ਐਚ.ਡੀ.ਐਫ.ਸੀ. ਬੈਂਕ, ਆਈ.ਵੀ.ਵਾਈ. ਹਸਪਤਾਲ, ਕੋਕਾ ਕੋਲਾ, ਐਸ.ਆਈ.ਐਸ. ਸਕਿਉਰਟੀ, ਕਵਾਂਟਮ ਪੇਪਰ ਮਿੱਲ, ਕੇ.ਐਫ.ਸੀ. ਵਰਗੀਆਂ ਵੱਡੀਆਂ ਅਤੇ ਨਾਮਵਰ ਕੰਪਨੀਆਂ ਨੂੰ ਬੁਲਾਇਆ ਗਿਆ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ 7ਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ ਦੂਸਰਾ ਰੋਜ਼ਗਾਰ ਮੇਲਾ 13 ਸਤੰਬਰ ਨੂੰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ, ਤੀਸਰਾ ਰੋਜ਼ਗਾਰ ਮੇਲਾ 15 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਮਾਹਿਲਪੁਰ ਵਿਚ ਅਤੇ ਚੌਥਾ ਮੈਗਾ ਰੋਜ਼ਗਾਰ ਮੇਲਾ 17 ਸਤੰਬਰ ਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਸਰਕਾਰੀ ਆਈ.ਟੀ.ਆਈ. ਹੁਸ਼ਿਆਰਪੁਰ ਵਿਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੀਆਂ ਥਾਵਾਂ ’ਤੇ ਇਹ ਰੋਜ਼ਗਾਰ ਮੇਲੇ ਸਵੇਰੇ 10 ਵਜੇ ਲਗਾਏ ਜਾਣਗੇ। ਇਸ ਦੌਰਾਨ ਉਨ੍ਹਾਂ ਮੈਗਾ ਰੋਜ਼ਗਾਰ ਮੇਲੇ ਦੇ ਪ੍ਰਬੰਧਕਾਂ ਤੋਂ ਲੈ ਕੇ ਜੀ.ਓ.ਜੀਜ਼ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ। ਇਸ ਮੌਕੇ ਜ਼ਿਲ੍ਹਾ ਰੋਜਗਾਰ ਅਫ਼ਸਰ ਗੁਰਮੇਲ ਸਿੰਘ, ਜੀ.ਐਮ. ਇੰਡਸਟਰੀ ਅਰੁਣ ਕੁਮਾਰ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿਤਿਆ ਰਾਣਾ ਵੀ ਮੌਜੂਦ ਸਨ।

 
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply