ਪਰਵਾਸੀ ਦਾਨੀ ਸੱਜਣ ਨੂੰ ਸਿੱਖਿਆ ਵਿਭਾਗ ਨੇ ਮਾਣ ਬਖ਼ਸ਼ਿਆ
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਖਰਚੀ ਵੱਡੀ ਰਕਮ
ਗੁਰਦਾਸਪੁਰ (ਅਸ਼ਵਨੀ , ਗਗਨ ) ਪੰਜਾਬ ਸਰਕਾਰ ਦੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਗੁਣਾਤਮਿਕ ਅਤੇ ਗਿਣਾਤਮਿਕ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।
ਸਰਕਾਰ ਦੀ ਯੋਗ ਅਗਵਾਈ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਹੀ ਬਦਲ ਗਏ ਹਨ। ਨਾਲ ਦੀ ਨਾਲ ਸਮਾਜ ਦਾ ਸਹਿਯੋਗ ਅਤੇ ਪਰਵਾਸੀ ਪੰਜਾਬੀਆਂ ਦਾ ਯੋਗਦਾਨ ਵੀ ਘੱਟ ਨਹੀਂ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਆਪਣੇ-ਆਪਣੇ ਇਲਾਕੇ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਵਿੱਤੀ ਯੋਗਦਾਨ ਦੇ ਰਹੇ ਹਨ। ਸਿੱਖਿਆ ਵਿਭਾਗ ਵੀ ਆਪਣੇ ਵੱਲੋਂ ਅਜਿਹੇ ਦਾਨੀ ਸੱਜਣਾਂ ਨੂੰ ਮਾਣ -ਸਤਿਕਾਰ ਨਾਲ ਨਿਵਾਜ਼ਦਾ ਆ ਰਿਹਾ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਸੇ ਲੜੀ ਅਧੀਨ ਪਿਛਲੇ ਦਿਨੀਂ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਰਵਾਸੀ ਪੰਜਾਬੀ ਰਜਿੰਦਰ ਸਿੰਘ ਬੇਦੀ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਲਈ ਲੱਗਭਗ 1 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਗਈ ਹੈ।
ਸ੍ਰੀ ਬੇਦੀ ਵੱਲੋਂ ਖਰਚ ਕੀਤੀ ਗਈ ਰਕਮ ਵਿੱਚ ਸਸਸਸ(ਕੰ) , ਡੇਰਾ ਬਾਬਾ ਨਾਨਕ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਏਅਰਕੰਡੀਸ਼ਨਰ ਆਡੀਟੋਰੀਅਮ ਅਤੇ 14 ਲੱਖ ਰੁਪਏ ਦੀ ਲਾਗਤ ਨਾਲ ਲੜਕੀਆਂ ਲਈ ਛੇ ਪਖਾਨਿਆਂ ਦਾ ਨਿਰਮਾਣ ਕਰਨਾ, ਵੱਖ-ਵੱਖ ਸਕੂਲਾਂ ਨੂੰ 71 ਆਰ.ਓ ਅਤੇ ਵਾਟਰ ਕੂਲਰ ,50 ਐੱਲ.ਈ.ਡੀਜ਼ ,4 ਪ੍ਰੋਜੈਕਟਰ ਦਾਨ ਕਰਨ ਦੇ ਸ਼ਲਾਘਾਯੋਗ ਵੱਡੇ ਕਾਰਜ ਹਨ।
ਇਸ ਤੋਂ ਇਲਾਵਾ ਇਹਨਾਂ ਵੱਲੋਂ 50 ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ 2 ਹਜ਼ਾਰ ਰੁਪਏ ਸਲਾਨਾ ਵਜ਼ੀਫ਼ਾ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ 5 ਸੌ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਣ ਦੇ ਉਚੇਚੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਹਨਾਂ ਕਾਰਜਾਂ ਲਈ ਵਿਨੋਦ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਯਤਨ ਵੀ ਸ਼ਲਾਘਾਯੋਗ ਹਨ ਜਿਹਨਾਂ ਨੇ ਸ੍ਰੀ ਬੇਦੀ ਨੂੰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਪ੍ਰੇਰਿਤ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਲੱਖਣ ਕਾਰਜਾਂ ਲਈ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵੱਲੋਂ ਪਰਵਾਸੀ ਦਾਨੀ ਸੱਜਣ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜ਼ਿਆ ਗਿਆ ਹੈ। ਸਕੱਤਰ ਸਕੂਲ ਨੇ ਸ੍ਰੀ ਬੇਦੀ ਦੁਆਰਾ ਕੀਤੇ ਗਏ ਵਿਲੱਖਣ ਅਤੇ ਸਮਾਜ ਲਈ ਪ੍ਰੇਰਨਾਸ੍ਰੋਤ ਉਪਰਾਲਿਆਂ ਲਈ ਉਹਨਾਂ ਦੀ ਸਰਾਹਣਾ ਕੀਤੀ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵਿਦਿਆਰਥੀਆਂ ਦੀ ਭਲਾਈ ਅਤੇ ਸਕੂਲਾਂ ਦੇ ਵਿਕਾਸ ਲਈ ਯਤਨਸ਼ੀਲ ਰਹਿਣ ਲਈ ਆਸ ਪ੍ਰਗਟਾਈ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp