ਕਰੋਨਾ ਵਾਇਰਸ ਟੀਕਾਕਰਨ ਦਾ ਸੇਵਾ ਭੱਤਾ ਜਾਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਿਵਲ ਸਰਜਨ ਦਫ਼ਤਰ ਅੱਗੇ ਗਰਜੀਆਂ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ
ਪੈਸੇ ਜਾਰੀ ਨਾ ਹੋਣ ਦੀ ਸੂਰਤ ਵਿਚ 21 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠਣ ਦਾ ਫੈਸਲਾ
ਗੁਰਦਾਸਪੁਰ ( ਅਸ਼ਵਨੀ ) :- ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਵਿਡ ਮਹਾਂਮਾਰੀ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇਕ ਕਰਕੇ ਪ੍ਰਾਪਤ ਟੀਚੇ ਨੂੰ ਪੂਰਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਵਿਰੋਧੀ ਵਤੀਰੇ ਤੋਂ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਗਈਆਂ ਹਨ। ਗੁਰਦਾਸਪੁਰ ਜ਼ਿਲ੍ਹੇ ਦੀਆਂ ਸਮੁੱਚੀਆਂ ਵਰਕਰਾਂ ਨੇ ਆਪਣੀ ਡਿਊਟੀ ਦਾ ਬਾਈਕਾਟ ਕਰਕੇ ਬਲਵਿੰਦਰ ਕੌਰ ਅਲੀ ਸ਼ੇਰ ਜ਼ਿਲ੍ਹਾ ਪ੍ਰਧਾਨ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਵੱਲ ਮਾਰਚ ਕੀਤਾ। ਲੰਮਾਂ ਸਮਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਗੇਟ ਦਾ ਘਿਰਾਓ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ।
ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿਤੀ ਹੈ ਕਿ ਜੇ 20 ਸਤੰਬਰ ਤੱਕ ਪੈਸੇ ਜਾਰੀ ਨਾ ਕੀਤੇ ਤਾਂ ਉਹ ਕੋਵਿਡ ਟੀਕਾਕਰਨ ਦਾ ਬਾਈਕਾਟ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੀਆਂ ਜਾਣਗੀਆਂ। ਇਸ ਮੌਕੇ ਇਕੱਤਰ ਹੋਈਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੈਡਮ ਆਚੰਲ ਮੱਟੂ ਬਟਾਲਾ ਗੁਰਵਿੰਦਰ ਕੌਰ ਦੁਰਾਂਗਲਾ ਕਾਂਤਾ ਦੇਵੀ ਭੁੱਲਰ ਨੇ ਕਿਹਾ ਕਿ ਪੂਰੇ ਅੱਠ ਮਹੀਨੇ ਤੋਂ ਦਿਨ ਰਾਤ ਬਗੈਰ ਕਿਸੇ ਛੁੱਟੀ ਤੋਂ ਟੀਕਾਕਰਨ ਮੁਹਿੰਮ ਵਿੱਚ ਜੁੱਟੀਆਂ ਇਨ੍ਹਾਂ ਵਰਕਰਾਂ ਨੂੰ ਟੀਕੇ ਲਿਆਉਣ ਅਤੇ ਖ਼ਾਲੀ ਟੀਕਾ ਸ਼ੀਸ਼ੀਆਂ ਜਮਾਂ ਕਰਵਾਉਣ ਲਈ ਆਪਣੇ ਪੱਲਿਉਂ ਪੈਸੇ ਖਰਚ ਕਰਕੇ ਕੰਮ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਰਕਰਾਂ ਨੂੰ ਕੋਈ ਖੁਰਾਕ ਭੱਤਾ ਨਹੀਂ ਦਿੱਤਾ ਜਾ ਰਿਹਾ। ਵਰਕਰਾਂ ਨੂੰ ਪ੍ਰਤੀ ਸੈਸ਼ਨ ਐਲਾਨੀ ਟੀਕਾਕਰਨ ਰਾਸ਼ੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਵੱਲੋਂ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਬਾਕਾਇਦਾ ਪੱਤਰ ਜਾਰੀ ਕਰਕੇ ਟੀਕਾਕਰਨ ਮੁਹਿੰਮ ਵਿੱਚ ਲੱਗੇ ਹੋਏ ਸਮੁੱਚੇ ਅਮਲੇ ਲਈ ਬਣਦਾ ਮਾਣਭੱਤਾ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਦੋਸ਼ ਲਾਇਆ ਹੈ ਕਿ ਲਾਇਆ ਹੈ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਟੀਕਾਕਰਨ ਦੇ ਅੰਕੜੇ ਪੇਸ਼ ਰਕੇ ਆਪਣੀ ਪਿੱਠ ਥਾਪੜ ਰਿਹਾ ਹੈ ਪਰ ਇਸ ਕਾਰਜ ਲਈ ਦਿਨ-ਰਾਤ ਇਕ ਕਰਨ ਵਾਲੇ ਵਰਕਰਾਂ ਦੀ ਸਾਰ ਨਹੀਂ ਲੈ ਰਿਹਾ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਅੱਠ ਮਹੀਨਿਆਂ ਦੇ ਮਾਣਭੱਤੇ ਦਾ ਪ੍ਰਤੀ ਵਰਕਰ 50000 ਰੁਪਏ ਤੋਂ ਵੱਧ ਬਕਾਇਆ ਹੈ। ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਕਿਹਾ ਕਿ ਇਕ ਪਾਸੇ ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰਾਂ ਦੀ ਮਹੀਨਾਵਾਰ ਕਾਰਗੁਜ਼ਾਰੀ ਦਾ ਲੇਖਾ-ਜੋਖਾ ਉਨ੍ਹਾਂ ਵੱਲੋਂ ਪ੍ਰਾਪਤ ਮਾਣਭੱਤੇ ਤੋਂ ਕੀਤੀ ਜਾ ਰਹੀ ਹੈ। ਪਰ ਵਰਕਰਾਂ ਤੋਂ ਬਣਦੀ ਡਿਊਟੀ ਲੈਣ ਦੀ ਬਜਾਏ ਸਰਬੱਤ ਬੀਮਾ ਆਯੁਸ਼ਮਾਨ ਸਮਾਰਟ ਕਾਰਡ ਬਣਾਉਣ ਦੀ ਡਿਊਟੀ ਲਗਾ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਪ੍ਰਚਾਰ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਕਿਹਾ ਕਿ ਜਥੇਬੰਦੀ ਵੱਲੋਂ 17 ਸਤੰਬਰ ਤੋਂ 19 ਸਤੰਬਰ ਤੱਕ ਪਟਿਆਲਾ ਵਿਖੇ ਪੱਕੇ ਮੋਰਚੇ ਲਈ ਵੱਡੀ ਗਿਣਤੀ ਵਿਚ ਆਸ਼ਾ ਵਰਕਰਾਂ ਨੂੰ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਕਿ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਮਹੀਨਾਵਾਰ ਤਨਖਾਹ ਜਾਰੀ ਕਰਵਾਈ ਜਾ ਸਕੇ। ਡਿਪਟੀ ਕਮਿਸ਼ਨਰ ਨਾਲ ਜਥੇਬੰਦੀ ਦੀ ਮੀਟਿੰਗ ਵਿੱਚ ਬਣਦੇ ਬਜ਼ਟ ਦੀ ਪ੍ਰਪੋਜਲ ਫੀਲਡ ਵਿੱਚੋਂ ਮੰਗਵਾਈ ਜਾ ਰਹੀ ਹੈ। ਧਰਨਾ ਕਾਰੀਆਂ ਨੂੰ ਅਮਰਜੀਤ ਸ਼ਾਸ਼ਤਰੀ ਮੁੱਖ ਸਲਾਹਕਾਰ ਅਮਰ ਕ੍ਰਾਂਤੀ ਪੰਜਾਬ ਸਟੂਡੈਂਟਸ ਯੂਨੀਅਨ ਉਸਾ ਧਮਰਾਈ ਨਿਸ਼ਾ ਪੰਡੋਰੀ ਕੁਲਜੀਤ ਕਲਾਨੌਰ ਹਰਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp