ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਕਮਿਸ਼ਨਰ ਨੇ ਲੋਕ ਸੰਪਰਕ ਅਧਿਕਾਰੀਆਂ ਨੂੰ ਸੌਂਪੇ ਨਵੇਂ ਵਾਹਨ
ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ ਲਿਆਉਣਾ
ਚੰਡੀਗੜ :
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਲਈ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਅਧਿਕਾਰੀਆਂ ਨੂੰ ਸੱਤ ਨਵੇਂ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।
ਇੱਥੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਲੋਕ ਸੰਪਰਕ ਅਧਿਕਾਰੀਆਂ ਨੂੰ ਵਾਹਨ ਸੌਂਪਦਿਆਂ ਸਕੱਤਰ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨਾਂ ਕਿਹਾ ਕਿ ਵਿਭਾਗ ਸਰਕਾਰ ਵੱਲੋਂ ਕੀਤੇ ਜਾਂਦੇ ਕਾਰਜਾਂ ਦੇ ਸੂਬੇ ਦੇ ਹਰ ਕੋਨੇ ਤੱਕ ਪਸਾਰ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਦੇ ਕੁਝ ਮੌਜੂਦਾ ਵਾਹਨਾਂ ਦੀ ਮਿਆਦ ਪੁੱਗ ਚੁੱਕੀ ਸੀ ਜਿਸ ਕਾਰਨ ਇਨਾਂ ਨੂੰ ਬਦਲਣ ਦੀ ਫੌਰੀ ਲੋੜ ਸੀ।
ਸਕੱਤਰ ਨੇ ਅੱਗੇ ਕਿਹਾ ਕਿ ਪੁਰਾਣੇ ਮਿਆਦ ਪੁਗਾ ਚੁੱਕੇ ਵਾਹਨਾਂ ਨੂੰ ਬਦਲਣ ਦੀ ਪ੍ਰਬੰਧਕੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਉਨਾਂ ਆਸ ਪ੍ਰਗਟਾਈ ਕਿ ਨਵੇਂ ਵਾਹਨ ਫ਼ੀਲਡ ਵਿੱਚ ਅਤੇ ਮੁੱਖ ਦਫ਼ਤਰ ਵਿਖੇ ਅਧਿਕਾਰੀਆਂ ਦੇ ਅਰਾਮਦਾਇਕ ਸਫ਼ਰ ਨੂੰ ਯਕੀਨੀ ਬਣਾ ਕੇ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਵਿੱਚ ਹੋਰ ਸਹਾਇਤਾ ਕਰਨਗੇ। ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਭਾਗ ਨੂੰ ਉੱਚ ਤਕਨੀਕੀ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਨਾਲ ਲੈਸ ਕਰਨ ਲਈ ਪਹਿਲਾਂ ਹੀ ਸਖ਼ਤ ਯਤਨ ਕੀਤੇ ਹਨ।
ਇਸ ਦੌਰਾਨ ਕਮਿਸ਼ਨਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕ-ਪੱਖੀ ਸੰਦੇਸ਼ਾਂ ਅਤੇ ਸੂਬਾ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਦੇ ਲੋਕਾਂ ਵਿੱਚ ਪਸਾਰ ਲਈ ਹਰ ਸੰਭਵ ਯਤਨ ਕਰਨ। ਸ੍ਰੀ ਯਾਦਵ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਸ ਮੰਤਵ ਲਈ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਅਧਿਕਾਰੀਆਂ ਨੂੰ ਨਵੇਂ ਵਾਹਨ ਪ੍ਰਾਪਤ ਕਰਨ ਲਈ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਹ ਉਨਾਂ ਦੀ ਕਾਰਗੁਜਾਰੀ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।
ਇਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਸੇਨੂ ਦੁੱਗਲ ਅਤੇ ਵਧੀਕ ਡਾਇਰੈਕਟਰ ਡਾ. ਓਪਿੰਦਰ ਸਿੰਘ ਲਾਂਬਾ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp