ਉਦਯੋਗ ਮੰਤਰੀ ਅਰੋੜਾ ਨੇ ਪਿੰਡ ਬਜਵਾੜਾ, ਡਾਡਾ ਤੇ ਕਿਲਾ ਬਰੂਨ ਦੇ 282 ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਸੌਂਪੇ 5855806 ਰੁਪਏ ਦੇ ਕਰਜਾ ਰਾਹਤ ਚੈਕ
ਕਿਹਾ, ਜਿਲ੍ਹੇ ’ਚ 46000 ਤੋਂ ਵੱਧ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 104 ਕਰੋੜ ਰੁਪਏ ਦਾ ਕਰਜ਼ਾ ਮੁਆਫ
ਹੁਸ਼ਿਆਰਪੁਰ, 15 ਸਤੰਬਰ: ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਵੱਖ-ਵੱਖ ਭਲਾਈ ਯੋਜਨਾਵਾਂ ਤਹਿਤ ਕਵਰ ਕੀਤਾ ਗਿਆ ਹੈ। ਇਸੇ ਕੜੀ ਤਹਿਤ ਸੂਬੇ ਦੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਵੀ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ ਅਤੇ ਇਨ੍ਹਾਂ ਕਰਜਿਆਂ ਵਿਚ ਸਭ ਤੋਂ ਵੱਧ ਰਕਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਿੱਸੇ ਆਈ ਹੈ। ਉਨ੍ਹਾਂ ਪਿੰਡ ਬਜਵਾੜਾ ਦੇ ਸਹਿਕਾਰੀ ਖੇਤੀ ਸਭਾਵਾਂ ਦੇ ਮੈਂਬਰ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਦੇ ਚੈਕ ਵੰਡ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ।
ਉਦਯੋਗ ਮੰਤਰੀ ਨੇ ਇਸ ਦੌਰਾਨ ਪਿੰਡ ਬਜਵਾੜਾ, ਡਾਡਾ ਅਤੇ ਕਿਲਾ ਬਰੂਨ ਦੇ 282 ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ 5855806 ਰੁਪਏ ਦੇ ਕਰਜ਼ਾ ਰਾਹਤ ਚੈਕ ਸੌਂਪੇ। ਉਨ੍ਹਾਂ ਕਿਹਾ ਕਿ ਕਰਜ਼ਾ ਰਾਹਤ ਯੋਜਨਾ ਤਹਿਤ ਬਜਵਾੜਾ ਕੋਆਪ੍ਰੇਟਿਵ ਸੋਸਾਇਟੀ ਤਹਿਤ 224 ਲਾਭਪਾਤਰੀਆਂ ਨੂੰ 4641054 ਰੁਪਏ ਦੇ ਚੈਕ, ਪਿੰਡ ਡਾਡਾ ਦੇ 19 ਲਾਭਪਾਤਰੀਆਂ ਨੂੰ 403043 ਰੁਪਏ ਦੇ ਚੈਕ ਅਤੇ ਪਿੰਡ ਕਿਲਾ ਬਰੂਨ ਦੇ 39 ਲਾਭਪਾਤਰੀਆਂ ਨੂੰ 811709 ਰੁਪਏ ਚੈਕ ਦਿੱਤੇ ਗਏ ਹਨ। ਇਸ ਤਰ੍ਹਾਂ ਕਰਜਾ ਰਾਹਤ ਸਕੀਮ ਤਹਿਤ ਇਸ ਜਿਲ੍ਹੇ ਦੇ 46000 ਤੋਂ ਵੱਧ ਇਸ ਤਰ੍ਹਾਂ ਦੇ ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਦਾ 104 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸਾਨ ਤੇ ਖੇਤ ਮਜ਼ਦੂਰ ਬੜੀ ਮੁਸ਼ਕਲ ਸਮੇਂ ਵਿਚੋਂ ਨਿਕਲ ਰਹੇ ਹਨ ਪਰੰਤੂ ਪੰਜਾਬ ਸਰਕਾਰ ਨੇ ਸੂਬੇ ਦੇ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਕਰਜ਼ੇ ਮੁਆਫ਼ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜਿਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਤਰ੍ਹਾਂ ਦੀ ਪਹਿਲੀ ਸਰਕਾਰ ਹੈ ਜਿਸ ਨੇ ਕਿਸਾਨਾਂ ਦੇ ਨਾਲ-ਨਾਲ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕੀਤਾ ਹੈ।
ਇਸ ਮੌਕੇ ਦਿ ਹੁਸਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਐਮ.ਡੀ. ਅਮਨਪ੍ਰੀਤ ਸਿੰਘ ਬਰਾੜ, ਸਰਪੰਚ ਪ੍ਰੀਤੀ, ਸਰਪੰਚ ਕੁਲਦੀਪ ਅਰੋੜਾ, ਸਰਪੰਚ ਸੁਰਜੀਤ ਰਾਮ, ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੋਸਾਇਟੀ ਉਮੇਸ਼ ਵਰਮਾ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਲਖਵੀਰ ਸਿੰਘ, ਰਾਮ ਲਾਲ ਬੈਂਸ, ਪੰਚਾਇਤ ਮੈਂਬਰ ਹਰਜੀਤ ਸਿੰਘ, ਕਰਮਜੀਤ, ਬਲਬੀਰ ਚੰਦ, ਮਹੇਸ਼ ਕੁਮਾਰ, ਰਾਜੇਸ਼ ਕੁਮਾਰ, ਨੰਬਰਦਾਰ ਕੁਲਦੀਪ ਕੁਮਾਰ, ਨੰਬਰਦਾਰ ਅਵਤਾਰ ਚੰਦ, ਪੰਚ ਰਜਿੰਦਰ ਕੁਮਾਰ, ਚੌਧਰੀ ਅਮਰਜੀਤ, ਬਜਵਾੜਾ ਐਗਰੀਕਲਚਰ ਸੋਸਾਇਟੀ ਦੇ ਸਕੱਤਰ ਪਿੰਦਰ ਕੁਮਾਰ ਆਦਿ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp