ਸੂਬੇ ’ਚ ਦਾਖਲ ਹੋਣ ਵਾਲਿਆਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ 72 ਘੰਟੇ ਪਹਿਲੇ ਦੀ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਜ਼ਰੂਰੀ
50 ਪ੍ਰਤੀਸ਼ਤ ਵੱਧ ਸਮਰੱਥਾ ਨਾਲ ਜ਼ਿਲ੍ਹੇ ’ਚ ਇੰਡੋਰ 150 ਅਤੇ ਆਊਟਡੋਰ 300 ਤੱਕ ਵਿਅਕਤੀਆਂ ਦਾ ਕੀਤਾ ਜਾ ਸਕਦਾ ਹੈ ਇਕੱਠ
ਹੁਸ਼ਿਆਰਪੁਰ, 17 ਸਤੰਬਰ (ਹਰਭਜਨ ਢਿੱਲੋਂ ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜਿਲ੍ਹੇ ’ਚ 30 ਸਤੰਬਰ ਤੱਕ ਕੁਝ ਪਾਬੰਦੀਆਂ ਅਤੇ ਛੋਟ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿਚ ਉਨ੍ਹਾਂ ਦੱਸਿਆ ਕਿ ਰਾਜ ਵਿਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ 72 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਟੀਕਾਕਰਨ ਅਤੇ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਦਾ ਨਿਯਮ ਉਸ ਹਰੇਕ ’ਤੇ ਲਾਗੂ ਹੋਵੇਗਾ ਜੋ ਹਵਾਈ ਮਾਰਗ ਦੁਆਰਾ ਸੂਬੇ ਵਿਚ ਦਾਖਲ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਵਿਚੋਂ ਕੋਈ ਵੀ ਨਾ ਹੋਣ ਦੀ ਸੂਰਤ ਵਿਚ ਉਸ ਵਿਅਕਤੀ ਦਾ ਆਰ.ਏ.ਟੀ. ਟੈਸਟ ਜ਼ਰੂਰੀ ਹੋਵੇਗਾ, ਬਸ਼ਰਤੇ ਕਿ ਉਹ ਹਾਲ ਹੀ ਵਿਚ ਕੋਵਿਡ ਤੋਂ ਠੀਕ ਹੋਇਆ ਹੋਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹੇ ਵਿਚ ਇਕੱਠ ਕਰਨ ’ਤੇ 50 ਪ੍ਰਤੀਸ਼ਤ ਦੀ ਸਮਰੱਥਾ ਨਾਲ ਇੰਡੋਰ 150 ਅਤੇ ਆਊਟਡੋਰ 300 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹਾਂ ਵਿਚ ਕਲਾਕਾਰ, ਸੰਗੀਤਕਾਰਾਂ ਨੂੰ ਕੋਵਿਡ ਪ੍ਰੋਟੋਕਾਲ ਦੇ ਨਾਲ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਅਤੇ ਮੈਨੇਜਮੈਂਟ ਫੈਸਟੀਵਲ ਇਕੱਠ ਕਰਨਾ ਚਾਹੁੰਦੀਆਂ ਹਨ, ਉਹ ਇਹ ਯਕੀਨੀ ਬਨਾਉਣ ਕਿ ਪੂਰੇ ਸਟਾਫ਼ ਨੂੰ (ਦੋਨੋਂ ਵੈਕਸੀਨ) ਕੋਵਿਡ ਵਿਰੋਧੀ ਵੈਕਸੀਨ ਲੱਗੀ ਹੋਵੇ ਜਾਂ 4 ਹਫ਼ਤੇ ਪਹਿਲਾਂ ਇਕ ਵੈਕਸੀਨ ਜ਼ਰੂਰੀ ਲਗਾਈ ਹੋਵੇ। ਇਸ ਦੇ ਨਾਲ ਹੀ ਕਿਸੇ ਵੀ ਉਦੇਸ਼ ਲਈ ਇਕੱਠ 300 ਤੋਂ ਵੱਧ ਕਿਸੇ ਵੀ ਇਕ ਸਥਾਨ ’ਤੇ ਹੋਵੇ, ਤਾਂ ਉਥੇ ਕੋਵਿਡ ਸਬੰਧੀ ਜ਼ਰੂਰੀ ਹਦਾਇਤਾਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਰਾਜਨੀਤਿਕ ਦਲਾਂ ਵਲੋਂ ਰੈਲੀਆਂ ਅਤੇ ਮੀਟਿੰਗਾਂ ਲਈ ਕੀਤੇ ਜਾਣ ਵਾਲੇ ਇਕੱਠ ਦੌਰਾਨ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਜ਼ਰੂਰੀ ਬਣਾਈ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕਿਹਾ ਕਿ ਬਾਰ, ਸਿਨੇਮਾ ਹਾਲ,ਰੈਸਟੋਰੈਂਟ, ਸਪਾਅ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲਜ਼, ਮਿਊਜ਼ਿਅਮ, ਚਿੜੀਆਘਰ ਆਦਿ ਨੂੰ ਆਪਣੀ 50 ਪ੍ਰਤੀਸ਼ਤ ਸਮਰੱਥਾਂ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ, ਬਸ਼ਰਤੇ ਕਿ ਮੌਜੂਦਾ ਸਟਾਫ਼ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ ਜਾਂ ਉਹ ਹਾਲ ਵਿਚ ਹੀ ਕੋਵਿਡ ਤੋਂ ਠੀਕ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਤੈਰਾਕੀ, ਖੇਡ ਅਤੇ ਜਿੰਮ ਜਾਣ ਵਾਲੇ ਸਾਰੇ ਲੋਕ 18 ਸਾਲ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਕਵਿਡ-19 ਦੀ ਇਕ ਡੋਜ਼ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਇਥੇ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਸਕੂਲ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ ਪਰੰਤੂ ਸਕੂਲ ਪ੍ਰਬੰਧਨ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੂੰ ਸਕੂਲ ਆਉਣ ਦੀ ਆਗਿਆ ਤਾਂ ਹੀ ਹੋਵੇਗੀ ਜੇਕਰ ਉਨ੍ਹਾਂ ਨੂੰ ਪੂਰੀ ਵੈਕਸੀਨ ਲੱਗੀ ਹੋਵੇ ਜਾਂ ਘੱਟ ਤੋਂ ਘੱਟ ਇਕ ਵੈਕਸੀਨ 4 ਹਫ਼ਤੇ ਪਹਿਲਾਂ ਲੱਗੀ ਹੋਵੇ। ਗੰਭੀਰ ਬੀਮਾਰੀ ਤੋਂ ਪੀੜਤ ਨੂੰ ਪੂਰੀ ਵੈਕਸੀਨ ਲੱਗੀ ਹੋਣ ਤੋਂ ਬਾਅਦ ਹੀ ਸਕੂਲ ਆਉਣ ਦੀ ਆਗਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਵਿਚ ਸਟਾਫ਼ ਨੂੰ ਇਕ ਵੈਕਸੀਨ ਲੱਗੀ ਹੋਵੇ, ਉਥੇ ਕੋਵਿਡ ਬੀਮਾਰੀ ਤੋਂ ਬਚਾਅ ਲਈ ਲਗਾਤਾਰ ਟੈਸਟਿੰਗ ਕੀਤੀ ਜਾਵੇ। ਇਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਟੈਸਟਿੰਗ ਪ੍ਰੋਐਕਟਿਵ ਅਤੇ ਖੁਦ ਅੱਗੇ ਆ ਕੇ ਕਰਵਾਈ ਜਾਵੇ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਵਿਦਿਆਰਥੀਆਂ ਨੂੰ ਆਨਲਾਈਨ ਲਰਨਿੰਗ ਦੀ ਆਪਸ਼ਨ ਜ਼ਰੂਰੀ ਤੌਰ ’ਤੇ ਉਪਲਬੱਧਤਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਾਲਜ, ਕੋਚਿੰਗ ਸੈਂਟਰਾਂ ਅਤੇ ਹੋਰ ਉਚ ਸਿੱਖਿਆ ਸੰਸਥਾਵਾਂ ਵੀ ਪਹਿਲੇ ਵਾਂਗ ਖੁੱਲ੍ਹੀਆਂ ਰਹਿਣਗੀਆਂ, ਬਸ਼ਰਤੇ ਟੀਚਿੰਗ, ਨਾਨ ਟੀਚਿੰਗ ਅਤੇ ਵਿਦਿਆਰਥੀ, ਇਨ੍ਹਾਂ ਸੰਸਥਾਵਾਂ ਵਿਚ ਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਣ ਜਾਂ ਕੋਵਿਡ ਵਿਰੋਧੀ ਵੈਕਸੀਨ ਦੀ ਇਕ ਡੋਜ਼ ਚਾਰ ਹਫ਼ਤੇ ਪਹਿਲਾਂ ਲਗਾਈ ਹੋਵੇ। ਗੰਭੀਰ ਬੀਮਾਰੀਆਂ ਨਾਲ ਪੀੜਤ ਨੂੰ ਪੂਰੀ ਵੈਕਸੀਨ ਲੱਗੀ ਹੋਵੇ, ਤਾਂ ਹੀ ਆਉਣ ਦੀ ਆਗਿਆ ਦਿੱਤੀ ਜਾਵੇ। ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੀ ਆਪਸ਼ਨ ਜ਼ਰੂਰੀ ਤੌਰ ’ਤੇ ਹੋਣੀ ਚਾਹੀਦੀ ਹੈ। ਕਾਲਜ ਦਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼, ਕੋਚਿੰਗ ਸੈਂਟਰ, ਉਚ ਸਿੱਖਿਆ ਸੰਸਥਾਵਾਂ ਅਤੇ ਸਕੂਲ ਪਹਿਲ ਦੇ ਆਧਾਰ ’ਤੇ ਸਪੈਸ਼ਲ ਕੈਂਪਾਂ ਵਿਚ ਵੈਕਸੀਨ ਲਗਾਉਣ ਅਤੇ ਇਕ ਮਹੀਨੇ ਵਿਚ ਘੱਟ ਤੋਂ ਘੱਟ ਇਕ ਵੈਕਸੀਨ ਜ਼ਰੂਰੀ ਲਗਵਾਈ ਜਾਵੇ। ਦੂਸਰੀ ਵੈਕਸੀਨ ਲਗਵਾਉਣ ਵਾਲੇ ਵੀ ਪਹਿਲ ਦੇ ਆਧਾਰ ’ਤੇ ਆਪਣੀ ਵੈਕਸੀਨ ਲਗਾਉਣ। ਸਕੂਲ ਆ ਰਹੇ ਬੱਚਿਆਂ ਦੇ ਮਾਂ-ਬਾਪ ਨੂੰ ਵੀ ਵੈਕਸੀਨ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੋਸਟਲ ਖੁੱਲ੍ਹ ਸਕਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਪੁਲਿਸ ਅਥਾਰਟੀ, ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਸਿਹਤ ਨਿਰਦੇਸ਼ਾਂ ਜਿਸ ਵਿਚ ਦੋ ਗਜ਼ ਦੀ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਦਾ ਸਖਤੀ ਨਾਲ ਪਾਲਣਾ ਕਰਵਾਉਣ ਲਈ ਪਾਬੰਦ ਹੋਵੇਗੀ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ’ਤੇ ਸਖਤੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਪਦਾ ਪ੍ਰਬੰਧਨ ਐਕਟ-2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp