ਸਰਬੱਤ ਦਾ ਭਲਾ ਟਰੱਸਟ ਵੱਲੋਂ ਤਰਨਤਾਰਨ ‘ਚ ਡਾਇਗਨੋਜ਼ਟਿਕ ਸੈਂਟਰ ਤੇ ਲੈਬਾਰਟਰੀ ਦੀ ਸ਼ੁਰੂਆਤ
ਡਾ.ਓਬਰਾਏ ਦੇ ਯਤਨਾਂ ਸਦਕਾ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ : ਡਾ. ਗਿੱਲ, ਸਿੱਧੂ
ਤਰਨਤਾਰਨ, 23 ਸਤੰਬਰ -(ਸੰਧੂ ) : ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤੀਆਂ ਆਪਣੀ ਜੇਬ ‘ਚੋਂ ਹੀ ਹਰ ਸਾਲ ਕਰੋੜਾਂ ਰੁਪਏ ਖਰਚ ਕਰ ਕੇ ਦੇਸ਼-ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ ਫੜਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ ਤਰਨਤਾਰਨ ਸ਼ਹਿਰ ‘ਚ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਅੱਜ ਸਿਹਤ ਸੇਵਾਵਾਂ ਸਲਾਹਕਾਰ ਡਾ. ਦਲਜੀਤ ਸਿੰਘ ਗਿੱਲ ਅਤੇ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ । ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਗਿੱਲ ਅਤੇ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਲੈਬੋਰਟਰੀ ਦੇ ਖੁੱਲ੍ਹਣ ਨਾਲ ਤਰਨਤਾਰਨ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਹੁਣ ਉਹ ਬਿਮਾਰੀ ਸਬੰਧੀ ਟੈਸਟ ਨਾਮਾਤਰ ਰੇਟਾਂ ‘ਤੇ ਕਰਵਾ ਸਕਣਗੇ। ਓਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਮੁੱਖ ਮਕਸਦ ਲੋੜਵੰਦਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਜਿਸ ਲਈ ਟਰੱਸਟ ਦੇ ਮੁੱਖੀ ਡਾ. ਐਸ. ਪੀ. ਸਿੰਘ ਉਬਰਾਏ ਹਮੇਸ਼ਾਂ ਤੱਤਪਰ ਰਹਿੰਦੇ ਹਨ ।
ਡਾ. ਐਸ. ਪੀ. ਸਿੰਘ ਉਬਰਾਏ
ਓਹਨਾਂ ਕਿਹਾ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਭਰ ਦੇ ਵੱਖ ਵੱਖ ਸ਼ਹਿਰਾਂ-ਕਸਬਿਆਂ ‘ਚ ਦਰਜਨਾਂ ਹੀ ਲੈਬੋਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ ਜੋ ਲਗਤਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾ ਰਹੀਆਂ ਹਨ । ਉਨ੍ਹਾਂ ਕਿਹਾ ਇਹ ਲੈਬਾਰਟਰੀ ਸਿਵਲ ਹਸਪਤਾਲ ਤਰਨਤਾਰਨ ਦੇ ਬਿਲਕੁਲ ਸਾਹਮਣੇ ਖੋਲ੍ਹੀ ਗਈ ਹੈ ਅਤੇ ਇਹ ਲੈਬ ਕੰਪਿਊਟਰਾਈਜ਼ਡ ਅਤੇ ਅਤਿਆਧੁਨਿਕ ਮਸ਼ੀਨਾਂ ਤੇ ਤਜ਼ੁਰਬੇਕਾਰ ਸਟਾਫ਼ ਨਾਲ ਮਰੀਜਾਂ ਨੂੰ ਸਿਰਫ਼ ਤੇ ਸਿਰਫ਼ ਲਾਗਤ ਮੁੱਲ ਤੇ ਹੀ ਟੈਸਟ ਸੇਵਾਵਾਂ ਮੁਹਈਆ ਕਰਵਾਏਗੀ । ਜਿਹੜੇ ਮਰੀਜ਼ ਸਿਵਲ ਹਸਪਤਾਲ ਵਿੱਚ ਭੀੜ ਹੋਣ ਕਾਰਨ ਟੈਸਟ ਨਹੀਂ ਕਰਵਾ ਪਾ ਰਹੇ ਸਨ ਉਹਨਾਂ ਲਈ ਇਹ ਲੈਬੋਰਟਰੀ ਵਰਦਾਨ ਸਿੱਧ ਹੋਵੇਗੀ । ਡਾ. ਗਿੱਲ ਨੇ ਦੱਸਿਆ ਕਿ ਟਰੱਸਟ ਵੱਲੋਂ ਇਸ ਤੋਂ ਪਹਿਲਾਂ ਜਿਲ੍ਹਾ ਤਰਨਤਾਰਨ ਦੇ ਪੱਟੀ ਸ਼ਹਿਰ ਵਿਖੇ ਵੀ 4 ਸਾਲ ਪਹਿਲਾਂ ਸੰਨੀ ਉਬਰਾਏ ਲੈਬ ਖੋਲੀ ਗਈ ਸੀ ਜੋ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਸਹੂਲਤ ਮੁਹਈਆ ਕਰਵਾ ਰਹੀ ਹੈ । ਉਨਾਂ ਕਿਹਾ ਕਿ ਇਸ ਤੋਂ ਇਲਾਵਾ ਟਰੱਸਟ ਵੱਲੋਂ ਗੁਰੂ ਨਗਰੀ ਤਰਨ ਤਾਰਨ ਨੂੰ ਦੋ ਮੌਰਚਰੀ ਮਸ਼ੀਨਾ, ਲੋੜਵੰਦਾਂ ਨੂੰ ਪੈਨਸ਼ਨਾਂ, ਡਾਇਲਾਸਿਸ ਕਿੱਟਾਂ ਅਤੇ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਜਿਲ੍ਹਾ ਇਕਾਈ ਦੇ ਪ੍ਰਧਾਨ ਪ੍ਰਿੰਸ ਧੁੰਨਾ ਨੇ ਕਿਹਾ ਡਾ. ਐਸ .ਪੀ ਸਿੰਘ ਉਬਰਾਏ ਨੇ ਤਰਨਤਾਰਨ ਜ਼ਿਲ੍ਹੇ ਨੂੰ ਹਮੇਸ਼ਾ ਖੁੱਲ੍ਹ ਦਿਲੀ ਨਾਲ ਤੋਹਫ਼ੇ ਦਿੱਤੇ ਹਨ, ਜੋ-ਜੋ ਵੀ ਮੰਗ ਤਰਨਤਾਰਨ ਟੀਮ ਵੱਲੋਂ ਰੱਖੀ ਗਈ ਉਹਨਾਂ ਹਮੇਸ਼ਾ ਵੱਡਾ ਦਿਲ ਵਿਖਾਉਂਦਿਆਂ ਕਦੇ ਨਾਂਹ ਨਹੀਂ ਕੀਤੀ । ਇਸੇ ਲੜੀ ਤਹਿਤ ਤਰਨਤਾਰਨ ਸ਼ਹਿਰ ਵਿਖੇ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਸੰਨੀ ਉਬਰਾਏ ਲੈਬਾਰਟਰੀ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਇਸ ਉਪਰਲੇ ਲਈ ਅਸੀਂ ਆਪਣੀ ਟੀਮ ਵੱਲੋਂ ਉੱਘੇ ਦਾਨਵੀਰ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਡਾ. ਉਬਰਾਏ ਦਾ ਧੰਨਵਾਦ ਕਰਦੇ ਹਾਂ । ਇਸ ਮੌਕੇ ਮਨਪ੍ਰੀਤ ਸਿੰਘ ਸੰਧੂ, ਸਿਸ਼ਪਾਲ ਸਿੰਘ ਲਾਡੀ, ਜਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਵਿਸ਼ਾਲ ਸੂਦ, ਕੇ ਪੀ ਗਿੱਲ ਪ੍ਰੈੱਸ ਸਕੱਤਰ, ਇੰਦਰਪ੍ਰੀਤ ਸਿੰਘ ਧਾਮੀ ਜਿਲ੍ਹਾ ਖਾਜਨਚੀ, ਧਰਮਵੀਰ ਸਿੰਘ ਮਲਹਾਰ, ਅਮ੍ਰਿਤਪਾਲ ਸਿੰਘ ਜੌੜਾ, ਅਮਨਿੰਦਰ ਸਿੰਘ, ਅਮਰਜੀਤ ਸਿੰਘ, ਗੁਰਿੰਦਰ ਸਿੰਘ ਖਹਿਰਾ ਅਤੇ ਰਣਜੀਤ ਸਿੰਘ ਕੌਂਸਲਰ ਸਮੇਤ ਟਰੱਸਟ ਦੇ ਮੈਂਬਰ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp