ਭਾਰਤ ਬੰਦ ਦੀ ਕਾਲ ’ਚ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲੇਗਾ-ਲਾਲੀ ਬਾਜਵਾ
-ਕੇਂਦਰ ਸਰਕਾਰ ਨੇ ਕਿਸਾਨੀ ਨੂੰ ਖਤਮ ਕਰ ਦੀ ਸਾਜਿਸ਼ ਘੜੀ
ਹੁਸ਼ਿਆਰਪੁਰ (ਜਸਪਾਲ ਢੱਟ , ਸੌਰਵ ਗਰੋਵਰ ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਿਤੰਬਰ ਨੂੰ ਭਾਰਤ ਬੰਦ ਦੀ ਦਿੱਤੀ ਗਈ ਕਾਲ ਵਿਚ ਅਕਾਲੀ ਦਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਅੱਗੇ ਵਧੇਗਾ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਤਦ ਤੱਕ ਅਕਾਲੀ ਦਲ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀ ਵੱਡੀ ਸਾਜਿਸ਼ ਘੜੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਲਾਲੀ ਬਾਜਵਾ ਨੇ ਕਿਹਾ ਕਿ ਲੋਕ ਸਰਕਾਰਾਂ ਇਸ ਲਈ ਚੁਣਦੇ ਹਨ ਤਾਂ ਜੋ ਲੋਕਾਂ ਤੇ ਸਮਾਜ ਦੇ ਵਿਕਾਸ ਲਈ ਸਮੇਂ ਸਿਰ ਫੈਸਲੇ ਲੈ ਕੇ ਉਨ੍ਹਾਂ ਨੂੰ ਜਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ ਲੇਕਿਨ ਕੇਂਦਰ ਦੀ ਭਾਜਪਾ ਸਰਕਾਰ ਤਾਨਾਸ਼ਾਹੀ ਰਵੱਈਆ ਅਪਨਾ ਕੇ ਉਹ ਕਾਨੂੰਨ ਪਾਸ ਤੇ ਲਾਗੂ ਕਰ ਰਹੀ ਹੈ ਜੋ ਕਿ ਆਮ ਲੋਕਾਂ ਦੇ ਵਿਰੋਧ ਵਿਚ ਹਨ ਤੇ ਕੁਝ ਕੁ ਸਰਮਾਏਦਾਰਾਂ ਨੂੰ ਫਾਇਦਾ ਦਿਵਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਤੇ ਫੈਸਲਿਆਂ ਕਾਰਨ ਵਿਸ਼ਵ ਪੱਧਰ ’ਤੇ ਦੇਸ਼ ਦੀ ਸਾਖ ਨੂੰ ਸੱਟ ਵੱਜੀ ਹੈ ਜਿਸ ਦੀ ਭਰਪਾਈ ਕਰਨਾ ਬਹੁਤ ਹੀ ਮੁਸ਼ਕਿਲ ਹੈ ਤੇ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਦੇਸ਼ ਦਾ ਅਰਥਚਾਰਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕਾ ਹੈ। ਲਾਲੀ ਬਾਜਵਾ ਨੇ ਕਿਹਾ ਕਿ ਕਿਸਾਨੀ ਹੀ ਇਕ ਅਜਿਹਾ ਕਿੱਤਾ ਹੈ ਜਿਸ ਨੇ ਕਰੋਨਾ ਦੇ ਬੁਰੇ ਕਾਲ ਵਿਚ ਦੇਸ਼ ਦੇ ਅਰਥਚਾਰੇ ਨੂੰ ਸਾਹ ਦਿਵਾਇਆ ਪਰ ਕੇਂਦਰ ਸਰਕਾਰ ਕਿਸਾਨੀ ਨੂੰ ਹੀ ਖਤਮ ਕਰਨ ’ਤੇ ਉਤਾਰੂ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਨੂੰ ਪੂਰੇ ਵਿਸ਼ਵ ਦੇ ਲੋਕ ਸਮਰਥਨ ਦੇ ਰਹੇ ਹਨ ਤੇ ਇਹ ਅੰਦੋਲਨ ਇਤਹਾਸ ਦੇ ਸੁਨਿਹਿਰੀ ਪੰਨਿਆਂ ਵਿਚ ਆਪਣਾ ਨਾਮ ਅੰਕਿਤ ਕਰ ਚੁੱਕਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੁਤਾਬਿਕ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬੇਦੀ, ਰੂਪ ਲਾਲ ਥਾਪਰ, ਸੰਤੋਖ ਸਿੰਘ ਔਜਲਾ, ਰਵਿੰਦਰਪਾਲ ਮਿੰਟੂ,ਇੰਜ. ਹਰਿੰਦਰਪਾਲ ਸਿੰਘ ਝਿੰਗੜ, ਹਰਸਿਮਰਨ ਸਿੰਘ ਬਾਜਵਾ, ਨਰਿੰਦਰ ਸਿੰਘ, ਰਣਧੀਰ ਸਿੰਘ ਭਾਰਜ, ਸਿਮਰਜੀਤ ਸਿੰਘ ਗਰੇਵਾਲ, ਸਤਵਿੰਦਰ ਆਹਲੂਵਾਲੀਆ, ਵਿਸ਼ਾਲ ਆਦੀਆ, ਇੰਦਰਜੀਤ ਸਿੰਘ ਕੰਗ, ਪੁਨੀਤਇੰਦਰ ਸਿੰਘ ਕੰਗ,ਯਾਦਵਿੰਦਰ ਸਿੰਘ, ਜਪਿੰਦਰ ਅਟਵਾਲ, ਗੁਰਪ੍ਰੀਤ ਕੋਹਲੀ, ਹਨੀ ਆਦੀਆ, ਅਜਮੇਰ ਸਿੰਘ, ਅਭੀਜੀਤ ਸਿੰਘ, ਮਨਦੀਪ ਜਸਵਾਲ, ਲਵਲੀ ਪਹਿਲਵਾਨ ਆਦਿ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp