29 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ਵੱਲ ਮਾਰਚ ਕਰਨਗੇ ਕੱਚੇ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਮੁਲਾਜ਼ਮ
2019 ਦੀ ਵਿੱਤ ਵਿਭਾਗ ਦੀ ਮੰਨਜ਼ੂਰੀ ਦੇ ਬਾਵਜੂਦ ਰੈਗੂਲਰ ਨਾ ਕਰਨ ਤੋਂ ਖਫਾ ਨੇ ਦਫ਼ਤਰੀ ਮੁਲਾਜ਼ਮ
ਪਠਾਨਕੋਟ, 27 ਸਤੰਬਰ (ਰਾਜਿੰਦਰ ਰਾਜਨ ) ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸੋਸ਼ਲ ਮੀਡੀਆ ਪੇਜ਼ ਤੇ ਲਿਖਦੇ ਅਤੇ ਰੈਲੀਆ ਵਿਚ ਗੱਲਾਂ ਕਰਦੇ ਸੁਣਿਆ ਹੈ ਕਿ “ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ”। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੇ ਨਾਅਰਾ ਦਿੱਤਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕਰੋ ਗੱਲ, ਫਿਰ ਮੰਨਾਂਗੇ ਚੰਨੀ ਕਰਦਾ ਮਸਲੇ ਹੱਲ। ਪੰਜਾਬ ਦੇ ਕੱਚੇ ਮੁਲਾਜ਼ਮ ਲਗਾਤਾਰ ਸਾਢੇ ਚਾਰ ਸਾਲਾਂ ਤੋਂ ਸਘੰਰਸ਼ ਕਰਦੇ ਆ ਰਹੇ ਹਨ ਅਤੇ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਨੂੰ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿਚ ਮੰਨਜ਼ੂਰੀ ਮਿਲਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਮਸਲਾ ਕੈਬਿਨਟ ਤੋਂ ਪਾਸ ਨਹੀ ਕਰਵਾ ਸਕੇ ਤੇ ਹਰ ਵਾਰ ਮਿਲਣ ਤੇ ਉਹਨਾਂ ਵੱਲੋ ਇਹੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਮੇਰੇ ਧਿਆਨ ਵਿਚ ਹੈ ਤੇ ਫਾਇਲ ਮੇਰੀ ਕਾਰ ਵਿਚ ਹੈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਮੰਤਰੀ ਰਹਿੰਦੇ ਹੋਏ ਚਰਨਜੀਤ ਸਿੰਘ ਚੰਨੀ ਵੱਲੋਂ ਕਈ ਵਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਆਖੀ ਹੈ ਤੇ ਹੁਣ ਤਾਂ ਉਨ੍ਹਾਂ ਕੋਲ ਪਾਵਰ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਹਨ। ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨੋਜਵਾਨਾਂ ਤੇ ਕੱਚੇ ਮੁਲਾਜ਼ਮਾਂ ਲਈ ਫ਼ਿਕਰਮੰਦ ਹਨ ਤਾਂ ਉਨ੍ਹਾਂ ਨੂੰ ਤੁਰੰਤ ਮਸਲੇ ਹੱਲ ਕਰਨੇ ਚਾਹੀਦੇ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਵਾਂਗੂੰ ਇਕ ਬਿਆਨ ਜ਼ਾਰੀ ਕਰਨ ਤੋਂ ਬਾਅਦ ਚੁੱਪ ਕਰ ਗਏ ਹਨ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੀਆਂ ਸਪੀਚ ਵਿਚ ਐਲਾਨ ਕਰਨ ਉਪਰੰਤ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਠੋਸ ਉਪਰਾਲਾ ਨਹੀ ਕੀਤਾ।
ਆਗੂਆਂ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ 8886 ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ 1-04-2018 ਨੂੰ ਰੈਗੂਲਰ ਕਰ ਦਿੱਤਾ ਗਿਆ ਤੇ ਦਫ਼ਤਰੀ ਕਰਮਚਾਰੀਆਂ ਨੂੰ ਅਣਗੋਲਿਆ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵਿੱਤ ਵਿਭਾਗ ਵੱਲੋਂ 16 ਦਸੰਬਰ 2019 ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹਨ ਪਰ ਜਾਣਬੁੱਝ ਕੇ ਕਰਮਚਾਰੀਆਂ ਦੇ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸੂਬੇ ਭਰ ਦੇ ਮੁਲਾਜ਼ਮ 29 ਸਤੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨਗੇ ਅਤੇ ਪੂਰੀਆ ਤਨਖਾਹਾਂ ਤੇ ਵਿਭਾਗ ਅਧੀਨ ਲਿਆ ਕੇ ਤੁਰੰਤ ਰੈਗੂਲਰ ਕਰਨ ਦੀ ਮੰਗ ਕਰਨਗੇ।ਇਸ ਮੌਕੇ ਤੇ ਨਰਿੰਦਰ ਸਿੰਘ,ਸੁੁਮਿਤ ਰਾਜ, ਰਾਜ ਕੁਮਾਰ, ਖ਼ੁਸ਼ਹਾਲ ਬੱਧਨ, ਪੰਕਜ ਸ਼ਰਮਾ,ਲਲਿਤਾ ਦੇਵੀ, ਨੀਰੂ ਬਾਲਾ, ਧੀਰਜ ,ਅਮਿਤ,ਰਾਜੇਸ਼, ਵਿਨੋਦ ਕੁਮਾਰ, ਰਾਜੀਵ ਸਿੰਘ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp