ਹਰਸੇਵਾ ਟਰੱਸਟ’ ਵਲੋਂ ਸਰਕਾਰੀ ਹਾਈ ਸਕੂਲ ਪਠਲਾਵਾ ਲਈ ਗੱਡੀ ਭੇਟ
– ਬੱਚਿਆਂ ਦੇ ਚਿਹਰਿਆਂ ‘ਤੇ ਆਈ ਰੌਣਕ –
ਮੁਕੇਰੀਆਂ / ਗੜ੍ਹਸ਼ੰਕਰ / ਹੁਸ਼ਿਆਰਪੁਰ (ਗੁਰਪ੍ਰੀਤ, ਪੁਰੇਵਾਲ, ਸੌਰਵ ) :
ਸਿੱਖਿਆ ਤੇ ਮੈਡੀਕਲ ਦੇ ਖੇਤਰ ਵਿੱਚ ਵਿਲੱਖਣ ਸੇਵਾਵਾਂ ਨਿਭਾ ਰਹੇ ‘ਹਰਸੇਵਾ ਮੈਡੀਕਲ ਟਰੱਸਟ ਯੂ. ਕੇ.’ (ਇਧਰ ਹਰਸੇਵਾ ਮੈਡੀਕਲ ਟਰੱਸਟ ਮੋਰਾਂਵਾਲੀ) ਵੱਲੋਂ ਸਰਕਾਰੀ ਹਾਈ ਸਕੂਲ ਪਠਲਾਵਾ- ਮੋਰਾਂਵਾਲੀ ਨੂੰ ਇੱਕ ਗੱਡੀ ਟੈਂਪੂ ਟ੍ਰੈਵਲਰ ਭੇਟ ਕੀਤੀ ਗਈ ਤਾਂ ਜੋ ਨੇੜਲੇ ਪਿੰਡਾਂ ਦੇ ਬੱਚੇ ਸੌਖ ਨਾਲ ਸਰਕਾਰੀ ਸਕੂਲ ਵਿੱਚ ਆ ਸਕਣ । ਟਰੱਸਟ ਦੀ ਪ੍ਰਧਾਨ ਬੀਬੀ ਵਰਿੰਦਰਪਾਲ ਕੌਰ ਬਰਾਡ਼ ਅਤੇ ਮੈਂਬਰ ਬੀਬੀ ਮਨਜੀਤ ਕੌਰ ਮੋਰਾਂਵਾਲੀ ਨੇ ਗੱਡੀ ਦੀਆਂ ਚਾਬੀਆਂ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਸਕੂਲ ਮੁਖੀ ਸ੍ਰੀ ਪਲਵਿੰਦਰ ਸਿੰਘ ਨੂੰ ਭੇਟ ਕੀਤੀਆਂ ।
ਸਕੂਲ ਵਿੱਚ ਰੱਖੇ ਇੱਕ ਸਾਦਾ ਸਮਾਗਮ ਵਿਚ ਬੋਲਦਿਆਂ ਬੀਬੀ ਮਨਜੀਤ ਕੌਰ ਮੋਰਾਂਵਾਲੀ ਨੇ ਕਿਹਾ ਸਰਕਾਰੀ ਸਕੂਲ ਹੁਣ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਵੀ ਅੱਗੇ ਹਨ ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਮਾਪਿਆਂ ਦੀਆਂ ਜ਼ਰੂਰਤਾਂ ਅਤੇ ਭਾਵਨਾਵਾਂ ਦਾ ਇੰਨਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਜਿਨਾਂ ਮਾਪੇ ਸਾਡੇ ਬਚਪਨ ਸਮੇਂ ਸਾਡਾ ਖ਼ਿਆਲ ਰੱਖਦੇ ਸਨ ।ਬੀਬੀ ਮਨਜੀਤ ਕੌਰ ਨੇ ਆਪਣੇ ਸੰਘਰਸ਼ ਦੇ ਤਜਰਬੇ ਸਾਂਝੇ ਕੀਤੇ ਤਾਂ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ ।
ਪਿੰਡ ਪਠਲਾਵਾ ਦੇ ਸਰਪੰਚ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਵਿਕਾਸ ਦੇ ਨਾਲ ਨਾਲ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਖੁਦ ਅਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਾਫੀ ਕੰਮ ਕੀਤੇ ਜਾ ਰਹੇ ਹਨ ।
ਸਕੂਲ ਦੇ ਮੁੱਖ ਅਧਿਆਪਕ ਸ੍ਰੀ ਪਲਵਿੰਦਰ ਸਿੰਘ ਨੇ ਹਰਸੇਵਾ ਟਰੱਸਟ ਅਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਵੱਲੋਂ ਸਕੂਲ ਦਾ ਸਹਿਯੋਗ ਸ਼ੁਰੂ ਕੀਤਾ ਗਿਆ ਹੈ ਅਸੀਂ ਸਕੂਲ ਨੂੰ ਇਲਾਕੇ ਵਿੱਚ ਵਧੀਆ ਵਿੱਦਿਅਕ ਅਦਾਰੇ ਵਿੱਚ ਤਬਦੀਲ ਕਰ ਸਕਾਂਗੇ ਜਿਸ ਦੀ ਮਿਆਰੀ ਸਿੱਖਿਆ ਲਈ ਵੱਖਰੀ ਪਛਾਣ ਹੋਵੇਗੀ। ਇਕ ਹੋਰ ਅਧਿਆਪਕ ਸ੍ਰੀ ਅਮਰੀਕ ਸਿੰਘ ਨੇ ਸਕੂਲ ਵਿੱਚ ਆ ਰਹੀਆਂ ਸਮੱਸਿਆਵਾਂ ਤੋਂ ਪਤਵੰਤੇ ਸੱਜਣਾਂ ਨੂੰ ਜਾਣੂ ਕਰਵਾਇਆ ਗਿਆ
ਹਰਸੇਵਾ ਟਰੱਸਟ ਅਤੇ ਦੋਨਾਂ ਪਿੰਡਾਂ ਦੇ ਮੋਹਤਬਰ ਸੱਜਣਾਂ ਵੱਲੋਂ ਸਕੂਲ ਵਿੱਚ ਚੌਕੀਦਾਰ , ਵਾਈ ਫਾਈ ਸਿਸਟਮ, ਖੇਡ ਦੇ ਮੈਦਾਨ ਦੀ ਤਿਆਰੀ ਅਤੇ ਹੋਰ ਲੋੜੀਂਦਾ ਸਾਮਾਨ ਉਪਲੱਬਧ ਕਰਵਾਉਣ ਦਾ ਮੌਕੇ ‘ਤੇ ਹੀ ਐਲਾਨ ਕਰਨ ਦੇ ਨਾਲ ਸਟਾਫ ਮੈਂਬਰਾਂ ਤੇ ਬੱਚਿਆਂ ਦੇ ਚਿਹਰੇ ਖਿੜ ਗਏ ।
ਇਸ ਮੌਕੇ ਤੇ ਹਾਜ਼ਰ ਸੱਜਣਾਂ ਵਿੱਚ ਸ੍ਰੀ ਦਰਸ਼ਨ ਰਾਮ, ਪਿਰਥੀ ਸਿੰਘ, ਜੁਝਾਰ ਸਿੰਘ,ਸੁਖਵਿੰਦਰ ਸਿੰਘ, ਸਤਵਿੰਦਰ ਸਿੰਘ,ਅਮਰੀਕ ਸਿੰਘ, ਵਿਜੇ ਕੁਮਾਰ, ਸੀਮਾ ਰਾਣੀ, ਮਨਜਿੰਦਰ ਕੌਰ ,ਬਲਬੀਰ ਕੌਰ ਅਤੇ ਹੋਰ ਕਈ ਮੋਹਤਬਰ ਹਾਜ਼ਰ ਸਨ ।
edited by Shammi
EDITOR
CANADIAN DOABA TIMES
Email: editor@doabatimes.com
Mob:. 98146-40032 whtsapp